ਕੱਢਿਆ ਗਿਆ ਰੋਸ ਮਾਰਚ, ਪੁਲਿਸ ਫੋਰਸ ਨੇ ਫੁਹਾਰਾ ਚੌਂਕ ਕੋਲ ਰੋਕਿਆ
ਪਟਿਆਲਾ, (ਨਰਿੰਦਰ ਸਿੰਘ ਬਠੋਈ)। ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੀਆਂ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਸ਼ਹਿਰ ’ਚ ਆਪਣੀਆਂ ਮੰਗਾਂ ਮੰਨਣ ਦੀ ਅਵਾਜ਼ ਉਠਾਈ ਗਈ। ਇਨ੍ਹਾਂ ਵਰਕਰਾਂ ਵੱਲੋਂ ਪਹਿਲਾਂ ਮਾਤਾ ਕੁਸੱਲਿਆ ਹਸਪਤਾਲ ’ਚ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਗਈ ਤੇ ਇਸ ਤੋਂ ਬਾਅਦ ਮਾਰਚ ਕਰਦੀਆਂ ਹੋਈਆਂ ਜਦੋਂ ਫੁਹਾਰਾ ਚੌਂਕ ਕੋਲ ਪਹੁੰਚੀਆਂ ਤਾਂ ਵੱਡੀ ਗਿਣਤੀ ਪੁਲਿਸ ਫੋਰਸ ਨੇ ਇਨ੍ਹਾਂ ਨੂੰ ਰੋਕ ਲਿਆ ਤੇ ਇਨ੍ਹਾਂ ਵਰਕਰਾਂ ਨੇ ਫੁਹਾਰਾ ਚੌਂਕ ਦੇ ਆਲੇ ਦੁਆਲੇ ਘੇਰੇ ਬਣਾ ਕੇ ਚਾਰ-ਚੁਫੇਰੇ ਤੋਂ ਆਵਾਜਾਈ ਠੱਪ ਕਰ ਦਿੱਤੀ
ਕਰੀਬ ਇੱਕ ਘੰਟੇ ਤੋਂ ਉੱਪਰ ਆਵਾਜਾਈ ਠੱਪ ਰਹੀ, ਜਿਸ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਇਨਾਂ ਲੱਗ ਗਈਆਂ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਇਨ੍ਹਾਂ ਵਰਕਰਾਂ ਨੇ ਖਾਲੀ ਭਾਂਡੇ ਖੜਕਾ ਅਤੇ ਘੜਾ ਭੰਨ ਕੇ ਸਰਕਾਰ ਖਿਲਾਫ ਆਪਣਾ ਰੋਸ਼ ਜਿਤਾਇਆ । ਵਰਕਰਾਂ ਦੇ ਵੱਧਦੇ ਰੋਹ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਲਿਆ ਗਿਆ ਤੇ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਰੋਸ ਧਰਨੇ ਦੀ ਅਗਵਾਈ ਕਰਦਿਆਂ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਆਗੂ ਜਸਵੀਰ ਕੌਰ ਭਾਦਸੋਂ, ਬਲਾਕ ਕੌਲੀ ਪ੍ਰਧਾਨ ਕਮਲਜੀਤ ਕੌਰ ਰੋੜਗੜ੍ਹ, ਅਰਬਨ ਪ੍ਰਧਾਨ ਸੋਨੀਆ ਦਾਸ, ਮੀਤ ਪ੍ਰਧਾਨ ਪਰਮਜੀਤ ਕੌਰ, ਮੀਤ ਪ੍ਰਧਾਨ ਸੰਤੋਸ਼ ਰਾਣੀ, ਮਨਪ੍ਰੀਤ ਕੌਰ ਝਿੱਲ ਨੇ ਕਿਹਾ ਕਿ ਸੂਬਾ ਕਮੇਟੀ ਦੇ ਹੋਏ ਫੈਸਲਿਆਂ ਮੁਤਾਬਿਕ ਅੱਜ ਖਾਲੀ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਲਾਗੂ ਕੀਤੀਆਂ ਤਾਂ ਸੰਘਰਸ਼ ਦੀ ਰੂਪ ਰੇਖਾ ਤਿੱਖੀ ਕੀਤੀ ਜਾਵੇਗੀ ਤੇ ਹਰ ਜਿਲ੍ਹੇ ਵਿੱਚ ਭਾਂਡੇ ਖੜਕਾ ਕੇ ਸੁੱਤੀ ਸਰਕਾਰ ਨੂੰ ਜਗਾਉਣ ਦਾ ਕੰਮ ਪੰਜਾਬ ਦੀਆਂ ਉਹ ਧੀਆਂ ਜਿਨ੍ਹਾਂ ਨੇ ਸਿਹਤ ਵਿਭਾਗ ਦੇ ਰੂਟੀਨ ਦੇ 55 ਕੰਮਾਂ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੌਰਾਨ ਅਨੇਕਾਂ ਸੇਵਾਵਾਂ ਨਿਭਾ ਕੇ ਕੋਰੋਨਾ ਯੋਧਿਆਂ ਦਾ ਨਾਂਅ ਤਾ ਖੱਟਿਆ, ਪ੍ਰੰਤੂ ਜਿੱਥੇ ਆਪਣੀ ਜਾਨ ਜੋਖਿਮ ਵਿੱਚ ਪਾਈ, ਉੱਥੇ ਹੀ ਆਪਣੇ ਪਰਿਵਾਰ ਬੱਚੇ, ਬਜੁਰਗ ਵੀ ਨਾਲ ਖਤਰੇ ਵਿੱਚ ਪਾਏ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ। ਆਗੂਆਂ ਨੇ ਪੰਜਾਬ ਭਰ ਦੀਆਂ ਵਰਕਰਾਂ ਨੂੰ ਏਕਤਾ ਦਾ ਸਬੂਤ ਦੇਣ ਦੀ ਅਪੀਲ ਕੀਤੀ ਤਾਂ ਕਿ ਜਿਲ੍ਹਾ ਪੱਧਰੀ ਸੰਘਰਸ਼ਾਂ ਨਾਲ ਸਰਕਾਰਾਂ ਜਾਗ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ