23 ਦਸੰਬਰ ਨੂੰ 24 ਘੰਟਿਆਂ ਦੀ ਭੁੱਖ ਹੜਤਾਲ ਦਾ ਫੈਸਲਾ
- ਕਿਸਾਨਾਂ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਐਲਾਨ
- 25, 26 ਤੇ 27 ਦਸੰਬਰ ਨੂੰ ਕਿਸਾਨ ਮੁਫ਼ਤ ਕਰਨਗੇ ਹਰਿਆਣਾ ਦੇ ਟੋਲ ਨਾਕੇ
- 26 ਅਤੇ 27 ਨੂੰ ਐਨ.ਡੀ.ਏ. ’ਚ ਸ਼ਾਮਲ ਹਰ ਪਾਰਟੀ ਦਾ ਕੀਤਾ ਜਾਵੇਗਾ ਘਿਰਾਓ
ਚੰਡੀਗੜ, (ਅਸ਼ਵਨੀ ਚਾਵਲਾ)। ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਪਿਛਲੇ 25 ਦਿਨਾਂ ਤੋਂ ਡਟੇ ਕਿਸਾਨਾਂ ਨੇ ਅੱਜ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਹੈ ਕਿ ਉਹ 27 ਦਸੰਬਰ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮਨ ਕੀ ਬਾਤ’ (‘Mann Ki Baat) ਕਰਨਗੇ ਤਾਂ ਠੀਕ ਉਸੇ ਸਮੇਂ ਕਿਸਾਨ ਸੜਕਾਂ ’ਤੇ ਉੱਤਰਦੇ ਹੋਏ ਥਾਲ਼ੀਆਂ ਖੜਕਾਉਂਦੇ ਨਜ਼ਰ ਆਉਣਗੇ। ਇਸ ਦੌਰਾਨ ਜਿੰਨਾ ਸਮਾਂ ਨਰਿੰਦਰ ਮੋਦੀ ਮਨ ਕੀ ਬਾਤ ਕਰਨਗੇ, ਓਨਾ ਸਮਾਂ ਹੀ ਕਿਸਾਨ ਥਾਲ਼ੀਆਂ ਖੜਕਾਉਂਦੇ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਕੋਰੋਨਾ ਨੂੰ ਭਜਾਉਣ ਲਈ ਨਰਿੰਦਰ ਮੋਦੀ ਵੱਲੋਂ ਥਾਲ਼ੀਆਂ ਖੜਕਾਉਣ ਦਾ ਸੱਦਾ ਦਿੱਤਾ ਗਿਆ ਸੀ ਤਾਂ ਹੁਣ ਕੇਂਦਰ ਸਰਕਾਰ ਨੂੰ ਜਗਾਉਣ ਲਈ ਕਿਸਾਨ ਆਗੂਆਂ ਵੱਲੋਂ ਥਾਲ਼ੀਆਂ ਖੜਕਾਉਣ ਦਾ ਸੱਦਾ ਦਿੱਤਾ ਗਿਆ ਹੈ।
As long as PM Modi does ‘Mann Ki Baat’, farmers will knock on plates
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾ ਨਾ ਮੰਨਣ ਦੇ ਰੋਸ ਵਿੱਚ ਹੋਰ ਵੀ ਕਈ ਵੱਡੇ ਐਲਾਨ ਕੀਤੇ। ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਪਹਿਲਾਂ ਉਨ੍ਹਾਂ ਵੱਲੋਂ 8 ਘੰਟੇ ਲਈ ਭੁੱਖ ਹੜਤਾਲ ਕੀਤੀ ਗਈ ਸੀ, ਜਦੋਂ ਕਿ ਹੁਣ ਉਨ੍ਹਾਂ ਵੱਲੋਂ 24 ਘੰਟੇ ਦੀ ਭੁੱਖ ਹੜਤਾਲ ਕੀਤੀ ਜਾਵੇਗੀ। ਇਸ ਲਈ ਹਰ ਮੋਰਚੇ ਅਤੇ ਧਰਨੇ ਵਾਲੀ ਥਾਂ ’ਤੇ 11-11 ਕਿਸਾਨ ਲੀਡਰ ਜਾਂ ਫਿਰ ਕਿਸਾਨ ਭੁੱਖ ਹੜਤਾਲ ਕਰਨਗੇ। ਭੁੱਖ ਹੜਤਾਲ ਦੌਰਾਨ 24 ਘੰਟੇ ਕੋਈ ਕੁਝ ਨਹੀਂ ਖਾਵੇਗਾ।
ਘਿਰਾਓ 26 ਅਤੇ 27 ਦਸੰਬਰ ਨੂੰ ਜਾਰੀ ਰਹੇਗਾ।
ਇਸ ਦੇ ਨਾਲ ਹੀ ਹਰਿਆਣਾ ਦੇ ਸਾਰੇ ਟੋਲ ਨਾਕੇ 25 ਦਸੰਬਰ ਤੋਂ ਤਿੰਨ ਦਿਨਾਂ ਲਈ ਮੁਫ਼ਤ ਕਰ ਦਿੱਤੇ ਜਾਣਗੇ। ਹਰਿਆਣਾ ਸੂਬੇ ਅੰਦਰ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ’ਤੇ ਲੱਗੇ ਹੋਏ ਟੋਲ ਨਾਕੇ 25 , 26 ਅਤੇ 27 ਦਸੰਬਰ ਨੂੰ ਮੁਫ਼ਤ ਕਰ ਦਿੱਤੇ ਜਾਣਗੇ। ਇਸ ਲਈ ਕਿਸਾਨ ਆਗੂਆਂ ਵੱਲੋਂ ਡਿਊਟੀਆਂ ਲਗਾ ਦਿੱਤੀ ਗਈਆਂ ਹਨ। ਕਿਸਾਨ ਆਗੂਆਂ ਨੇ ਇੱਥੇ ਹੀ ਐਲਾਨ ਕੀਤਾ ਕਿ ਐਨ.ਡੀ.ਏ. ਵਿੱਚ ਸ਼ਾਮਲ ਹਰ ਸਿਆਸੀ ਪਾਰਟੀ ਦੇ ਲੀਡਰਾਂ ਨੂੰ ਹੁਣ ਕਿਸਾਨ ਘੇਰਣਗੇ ਅਤੇ ਇਹ ਘਿਰਾਓ 26 ਅਤੇ 27 ਦਸੰਬਰ ਨੂੰ ਜਾਰੀ ਰਹੇਗਾ। ਇਸ ਵਿੱਚ ਸੂਬਾ ਪੱਧਰੀ ਅਤੇ ਕੌਮੀ ਪੱਧਰੀ ਹਰ ਪਾਰਟੀ ਸ਼ਾਮਲ ਹੋਵੇਗੀ, ਜਿਹੜੀ ਕਿ ਐਨ.ਡੀ.ਏ. ਵਿੱਚ ਸ਼ਾਮਲ ਹੈ।
23 ਨੂੰ ਦੇਸ਼ ਦੇ ਲੋਕ ਛੱਡਣ ਇੱਕ ਦਿਨ ਦਾ ਖ਼ਾਣਾ
ਕਿਸਾਨ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ 23 ਦਸੰਬਰ ਨੂੰ ਕਿਸਾਨ ਦਿਵਸ ਵਜੋਂ ਜਾਣਿਆ ਜਾਂਦਾ ਹੈ, ਇਸ ਲਈ ਕਿਸਾਨ ਆਗੂਆਂ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਦੇਸ਼ ਭਰ ਦੇ ਲੋਕ ਇਸ ਦਿਨ ਘੱਟ ਤੋਂ ਘੱਟ ਇੱਕ ਸਮੇਂ ਦਾ ਖਾਣਾ ਜਰੂਰ ਛੱਡਣ। ਉਨ੍ਹਾਂ ਕਿਹਾ ਕਿ ਜੇਕਰ ਹੋ ਸਕੇ ਤਾਂ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਸਾਰਾ ਦਿਨ ਹੀ ਭੁੱਖ ਹੜਤਾਲ ’ਤੇ ਰਹਿਣ, ਨਹੀਂ ਤਾਂ ਤਿੰਨ ਵੇਲਿਆਂ ਵਿੱਚੋਂ ਇੱਕ ਸਮੇਂ ਦਾ ਖਾਣਾ ਜਰੂਰ ਛੱਡਦੇ ਹੋਏ ਉਨ੍ਹਾਂ ਦੇ ਅੰਦੋਲਨ ਵਿੱਚ ਸ਼ਾਮਲ ਹੋਣ।
ਆੜ੍ਹਤੀਆਂ ਦੇ ਹੱਕ ’ਚ ਕਿਸਾਨ, ਇਨਕਮ ਟੈਕਸ ਦਫ਼ਤਰਾਂ ਦਾ ਹੋਵੇਗਾ ਘਿਰਾਓ
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਆੜ੍ਹਤੀਆਂ ਨੇ ਕਿਸਾਨੀ ਅੰਦੋਲਨ ਵਿੱਚ ਭਾਗ ਲਿਆ ਹੈ ਤੇ ਕਿਸਾਨਾਂ ਨੂੰ ਰਾਸ਼ਨ ਵੀ ਦੇ ਕੇ ਗਏ ਹਨ, ਇਸ ਲਈ ਪੰਜਾਬ ਵਿੱਚ ਆੜ੍ਹਤੀਆਂ ’ਤੇ ਹੋਈ ਇਨਕਮ ਟੈਕਸ ਦੀ ਛਾਪੇਮਾਰੀ ਵਿੱਚ ਕਿਸਾਨ ਵੀ ਆੜ੍ਹਤੀਆਂ ਦੇ ਨਾਲ ਹਨ। ਇਸ ਛਾਪੇਮਾਰੀ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਇਨਕਮ ਟੈਕਸ ਦੇ ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.