ਮੈਂ ਤੋਂ ਮੈਂ ਤੱਕ ਦਾ ਸਫ਼ਰ

ਆਤਮ ਰੱਖਿਆ ਲਈ ਸਮੂਹਾਂ ‘ਚ ਵਿਚਰਦੇ ਮਨੁੱਖ ਨੇ ਸਹਿਜੇ-ਸਹਿਜੇ ਪਰਿਵਾਰਕ ਇਕਾਈ ‘ਚ ਪ੍ਰਵੇਸ਼ ਕੀਤਾ ਤੇ ਜੀਵਨ ਨੂੰ ਕਾਇਦੇ-ਕਾਨੂੰਨ ‘ਚ ਬੰਨ੍ਹਦਿਆਂ ਸਮਾਜ ਦਾ ਗਠਨ ਹੋਇਆ। ਪੜਾਅ-ਦਰ-ਪੜਾਅ ਕਈ ਤਬਦੀਲੀਆਂ ਦਾ ਸਾਹਮਣਾ ਕਰਕੇ ਮਨੁੱਖੀ ਸਮਾਜ ਨੇ ਆਧੁਨਿਕ ਸਮਾਜਿਕ ਢਾਂਚੇ ਤੱਕ ਦਾ ਸਫ਼ਰ ਤੈਅ ਕੀਤਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ ਤੇ ਇਹ ਨੇਮ ਸਮਾਜ ‘ਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ। ਜੇ ਇੰਝ ਆਖੀਏ ਕਿ ਤਬਦੀਲੀ ਵਿਕਾਸ ਦਾ ਮੂਲ ਮੰਤਰ ਹੈ, ਜੋ ਮਨੁੱਖ ਦੇ ਰਹਿਣ ਤੱਕ ਜਾਰੀ ਰਹੇਗੀ, ਤਾਂ ਕੋਈ ਅਤਿਕਥਨੀ ਨਹੀਂ।

ਪੁਰਾਣੇ ਪੱਤੇ ਝੜਦੇ ਹਨ, ਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ। ਝੱਖੜ, ਪਤਝੜਾਂ ਝੱਲਦੇ ਰੁੱਖਾਂ ‘ਤੇ ਬਹਾਰ ਅਸਰ ਦਿਖਾਉਂਦੀ ਹੈ ਤੇ ਰੁੰਡ-ਮਰੁੰਡ ਹੋਇਆ ਰੁੱਖ ਹਰਿਆ-ਭਰਿਆ ਹੋ ਕੇ ਪੌਣਾਂ ਸੰਗ ਮਸਤੀ ਕਰਨ ਲੱਗਦਾ ਹੈ। ਵਾਤਾਵਰਨ ‘ਚ ਤਾਜ਼ਗੀ ਭਰ ਜਾਂਦੀ ਹੈ ਤੇ ਸਾਵੀ ਹੋਈ ਪ੍ਰਕਿਰਤੀ ਮਨੁੱਖੀ ਮਨ ‘ਚ ਖੇੜੇ ਭਰਦੀ ਹੈ। ਸਮਾਜਿਕ ਰੁੱਖ ਦੀ ਸਥਿਤੀ ਵੀ ਕੁੱਝ ਅਜਿਹੀ ਹੀ ਹੈ। ਵਿਚਾਰ ਰੂਪੀ ਬੀਜ ਪੁੰਗਰਦਾ ਹੈ ਤੇ ਫਿਰ ਤਕਰੀਰਾਂ, ਦਲੀਲਾਂ, ਵਿਰੋਧਾਂ ਦਾ ਸਾਹਮਣਾ ਕਰਦਾ ਧਾਰਨਾ ਬਣ ਕੇ ਜੜ ਫੜਦਾ ਹੈ।

ਇਹ ਧਾਰਨਾ ਸਮਾਜਿਕ ਮਾਪਦੰਡ ਬਣ ਕੇ ਸਮਾਜ ਦਾ ਰੂਪ ਬਦਲਣ ਲੱਗਦੀ ਹੈ ਤੇ ਸਮਾਜਿਕ ਵਿਚਾਰਧਾਰਾ ਬਣ ਜਾਂਦੀ ਹੈ। ਮਜ਼ਬੂਤੀ ਨਾਲ ਸਮਾਜ ਦੀ ਧਰਤੀ ‘ਚ ਦੱਬੀਆਂ ਸਥਾਪਤ ਸਮਾਜਿਕ ਧਾਰਨਾਵਾਂ ਸਮਾਂ ਪਾ ਕੇ ਕਮਜ਼ੋਰ ਹੋਣ ਲੱਗਦੀਆਂ ਹਨ ਤੇ ਉਨ੍ਹਾਂ ਦੀ ਥਾਂ ਨਵੇਂ ਵਿਚਾਰਾਂ ਦੀਆਂ ਕਰੂੰਬਲਾਂ ਫੁੱਟਣ ਲੱਗਦੀਆਂ ਹਨ। ਇੱਕ ਵਿਚਾਰਧਾਰਾ ਬਣਦੀ ਹੈ, ਸਮਾਂ ਪੈਣ ‘ਤੇ ਟੁੱਟਦੀ ਹੈ ਤੇ ਫਿਰ ਸੋਚਾਂ, ਵਿਚਾਰਾਂ ਦੀ ਭੱਠੀ ‘ਚ ਤਪਦੀ ਨਵੀਂ ਵਿਚਾਰਧਾਰਾ ਬਣ ਕੇ ਵੱਖਰੀ ਪਛਾਣ ਸਥਾਪਿਤ ਕਰ ਲੈਂਦੀ ਹੈ, ਜੋ ਸਮਾਜਿਕ ਵਿਕਾਸ ਬਣ ਕੇ ਸਮਾਜ ਨੂੰ ਤਾਜ਼ਗੀ, ਸਾਵਾਪਣ ਤੇ ਨਵੀਂ ਦਿੱਖ ਪ੍ਰਦਾਨ ਕਰਦੀ ਹੈ। ਸਮਾਜ ਪ੍ਰਾਚੀਨਤਾ ਨੂੰ ਤਿਆਗਦਾ ਆਧੁਨਿਕਤਾ ‘ਚ ਢਲਦਾ ਜਾਂਦਾ ਹੈ  ਤੇ ਸਮਾਜਿਕ ਬਿਰਖ ਨਰੋਈ ਸਿਹਤ ਲੈ ਕੇ ਵਾਧੇ ਪੈਂਦਾ ਜਾਂਦਾ ਹੈ।

ਵਿਚਾਰਨਯੋਗ ਤੱਥ ਹੈ, ਕਿ ਨਿੱਜ ਤੋਂ ਲੈ ਕੇ ਨਿੱਜ ਤੋਂ ਪਾਰ ਤੱਕ ਦੀ ਕੋਈ ਵੀ ਹਾਲਤ ਇੱਕਦਮ ਹੀ ਵਿਕਰਾਲ ਰੂਪ ਧਾਰ ਕੇ ਮਨੁੱਖ ਦੇ ਸਨਮੁੱਖ ਪੇਸ਼ ਨਹੀਂ ਹੋ ਜਾਂਦੀ, ਸਗੋਂ ਹੁਣ ਦੇ ਚੰਗੇ ਜਾਂ ਮਾੜੇ ਹਾਲਾਤ ਦੀ ਬੁਨਿਆਦ ਪਹਿਲਾਂ ਅਤੀਤ ਦੇ ਸਾਏ ਹੇਠ ਦੱਬੀ ਹੁੰਦੀ ਹੈ। ਚੰਗੇ ਦਾ ਲਾਹਾ ਲੈਣਾ ਤੇ ਮਾੜੇ ਨਤੀਜਿਆਂ ਦਾ ਠੀਕਰਾ ਦੂਜਿਆਂ ਦੇ ਸਿਰ ਭੰਨਣਾ ਮਨੁੱਖੀ ਫਿਤਰਤ ਹੈ, ਤੇ ਸ਼ਾਇਦ ਸੁਖਾਲਾ ਵੀ, ਜਦੋਂ ਕਿ ਜੜ ਤੋਂ ਸਮੱਸਿਆ ਦੇ ਬਿਰਖ ਹੋ ਜਾਣ ਦਾ ਬੀਜ ਸਿਰਫ਼ ‘ਮੈਂ’ ‘ਚ ਹੀ ਲੁਕਿਆ ਹੁੰਦਾ ਹੈ, ਜਿਸ ਤੱਕ ਪਹੁੰਚਣ ਲਈ ਪਿਛੋਕੜ ਵੱਲ ਝਾਤ ਮਾਰਦਿਆਂ ਆਗਾਜ਼ ਦਾ ਸਿਰਾ ਫੜਨ ਲਈ ਕੜੀ-ਦਰ-ਕੜੀ ਤਫ਼ਤੀਸ਼ ਦੀ ਲੜੀ ਜੋੜਨੀ ਪੈਂਦੀ ਹੈ। ਅਸਲ ਮੁਜਰਿਮ ਤੱਕ ਪਹੁੰਚਣ ਲਈ ਅੰਨ੍ਹੇ ਮੁਕੱਦਮੇ ਦੀ ਗੁੱਥੀ ਸੁਲਝਾਉਣ ਲਈ ਕੀਤੀ ਜਾਂਦੀ ਤਫ਼ਤੀਸ਼ ਵਾਂਗ।

ਸਮਾਜਿਕ ਨਿਘਾਰ ਦੀ ਗੱਲ ਕਰਦਾ ਮਨੁੱਖ ਸਮਾਜ ‘ਤੇ ਹੀ ਸਮਾਜਿਕ ਗਿਰਾਵਟ ਦਾ ਚਿੱਕੜ ਉਛਾਲਦਾ ਹੈ, ਪਰੰਤੂ ਗਹਿਨ ਚਿੰਤਨ ਕੀਤਾ ਜਾਵੇ, ਤਾਂ ਨਤੀਜਾ ਨਿੱਕਲਦਾ ਹੈ, ਕਿ ਮਨੁੱਖੀ ਸੋਚ ਹੀ ਸਮਾਜਿਕ ਉੱਥਾਨ ਤੇ ਗਿਰਾਵਟ ਦਾ ਮੁੱਖ ਕਾਰਨ ਹੈ। ਚੰਗੀਆਂ ਸੋਚਾਂ, ਵਿਚਾਰਾਂ ਸਮਾਜ ਦੇ ਵਿਕਾਸ ਦਾ  ਤੇ ਘਟੀਆ ਸੋਚ ਸਮਾਜਿਕ ਗਿਰਾਵਟ ਦਾ ਕਾਰਨ ਬਣਦੀ ਹੈ। ਸੁਹਿਰਦਤਾ  ਤੇ ਕੱਟੜਵਾਦ ਦੋਵੇਂ ਹੀ ਮਨੁੱਖੀ ਦਿਮਾਗ ਦੀ ਉਪਜ ਹਨ। ਆਪਣੀ ਸਹੂਲਤ ਮੁਤਾਬਕ ਮਨੁੱਖੀ ਸੋਚ ਵਿਚਾਰਧਾਰਾ ਤੋੜਨ ਤੇ ਬਣਾਉਣ ਦਾ ਕੰਮ ਕਰਦੀ ਹੈ। ਵਿਚਾਰਧਾਰਾ ਨੂੰ ਅਮਲੀ ਜਾਮਾ ਪੁਆਉਣ ਲਈ ਕਾਨੂੰਨ ਘੜੇ ਜਾਂਦੇ ਹਨ, ਸਜ਼ਾਵਾਂ ਮਿੱਥੀਆਂ ਜਾਂਦੀਆਂ ਹਨ, ਫਿਰ ਵੀ ਅਪਰਾਧ ਹੁੰਦੇ ਹਨ  ਤੇ ਜੇਕਰ ਸਮਾਜਿਕ ਘੁਣ ਸਮਾਜ ਦੀਆਂ ਜੜਾਂ ਖੋਖਲੀਆਂ ਕਰਨਾ ਜਾਰੀ ਰੱਖਦਾ ਹੈ, ਤਾਂ ਵਿਚਾਰਨਯੋਗ ਤੱਥ ਹੈ, ਜਦੋਂ ਤੱਕ ‘ਖ਼ੁਦ’ ਦਾ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਸਮਾਜਿਕ ਗਿਰਾਵਟ ਨੂੰ ਬੰਨ੍ਹ ਲਾ ਸਕਣਾ ਅਸੰਭਵ ਹੈ।

ਮਨੁੱਖੀ ਸੋਚ ਮੁਤਾਬਕ ਹੀ ਨਿਰਧਾਰਤ ਮਾਪਦੰਡ ਸਹੀ ਤੇ ਗਲਤ ਦੀ ਪਰਖਨਲੀ ‘ਚੋਂ ਲੰਘਦੇ ਸਮਾਜਿਕ ਪਰਿਭਾਸ਼ਾਵਾਂ ਮਿੱਥਦੇ ਹਨ । ਮਨੁੱਖ ਤੇ ਸਮਾਜ ਦਾ ਗੂੜ੍ਹਾ ਨਾਤਾ ਹੈ। ਮਨੁੱਖ ਅੰਦਰ ਸਮਾਜ ਦੀ ਹੋਂਦ ਲੁੱਕੀ ਹੈ। ਜੇ ਮਨੁੱਖ ਹੈ, ਤਾਂ ਸਮਾਜ ਹੈ ਤੇ ਜੇਕਰ ਮਨੁੱਖ ਨਹੀਂ ਰਹੇਗਾ ਤਾਂ ਸਮਾਜ ਵੀ ਨਹੀਂ ਰਹੇਗਾ। ਸਮੇਂ-ਸਮੇਂ ਮਨੁੱਖੀ ਸੋਚ ਦੀ ਕਰਵਟ ਸਮਾਜਿਕ ਵਾਧੇ ਤੇ ਵਿਕਾਸ ਦੀਆਂ ਜੜਾਂ ਸਿੰਜਦੀ ਆਈ ਹੈ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਹਰ ਹਾਲਤ ਦੇ ਦੋ ਪੱਖ ਹੁੰਦੇ ਹਨ। ਇੱਕ ਹੀ ਵਿਚਾਰ ਕਿਸੇ ਲਈ ਸਹੀ ਤਾਂ ਦੂਜੇ ਲਈ ਗਲਤ ਹੋ ਸਕਦਾ ਹੈ, ਪਰੰਤੂ ਸਮਾਜ ਲਈ ਵਿਰੋਧੀ ਤਕਰੀਰ ‘ਚੋਂ ਨਿੱਕਲੀ ਤਾਸੀਰ ਹੀ ਮਾਪਦੰਡ ਹੋ ਸਕਦਾ ਹੈ। ਇਸ ਲਈ ਹਰ ਨਵੇਂ ਵਿਚਾਰ ਪਿੱਛੇ ਲੁਕੀ ਸੋਚ ਪ੍ਰਤੀ ਮਜ਼ਬੂਤ ਤਰਕ ਦਾ ਹੋਣਾ ਜ਼ਰੂਰੀ ਹੈ।

ਮਨੁੱਖ ਅਕਸਰ ਸ਼ਿਕਾਇਤ ਕਰਦਾ ਹੈ ਕਿ ਜ਼ਮਾਨਾ ਬੜਾ ਖ਼ਰਾਬ ਆ ਗਿਆ ਹੈ। ਵਿਚਾਰਨ ਵਾਲੀ ਗੱਲ ਹੈ, ਕਿ ਜ਼ਮਾਨਾ ਕਿਸ ਨਾਲ ਚੱਲ ਰਿਹਾ ਹੈ। ਜਵਾਬ ਹੈ ਮਨੁੱਖੀ ਸੋਚ ਨਾਲ । ਜੇਕਰ ਮਨੁੱਖੀ ਸਮੂਹ ਸਮਾਜ ਦੇ ਪ੍ਰਤੀਦਿਨ ਨਿਘਾਰ ਪ੍ਰਤੀ ਵਿਚਾਰ ਪੇਸ਼ ਕਰਦਾ ਹੈ, ਤਾਂ ਗੱਲ ਸਪੱਸ਼ਟ ਹੈ, ਮਨੁੱਖੀ ਸੋਚ ਦਾ ਮਾੜਾ ਪੱਖ ਭਾਰੂ ਹੋ ਰਿਹਾ ਹੈ, ਜਿਸ ਨੂੰ ਦਬਾਉਣ ਲਈ ਚੰਗੇ ਵਿਚਾਰਾਂ ਦਾ ਪਸਾਰ ਕਰਨਾ ਜ਼ਰੂਰੀ ਹੈ। ਸਮਾਜ ‘ਚ ਵਿਚਰਦਿਆਂ ਨਿੱਜੀ ਬਚਾਅ ਲਈ ਮਨੁੱਖ ਨੂੰ ਸੁਚੇਤ ਹੋਣ ਦੀ ਲੋੜ ਹੈ। ਚੰਗੀ ਮਾੜੀ ਸੋਚ ਹੈ, ਜੋ ਸਮਾਜਿਕ ਵਿਕਾਸ ਜਾਂ ਵਿਨਾਸ਼ ਦਾ ਆਧਾਰ ਬਣਦੀ ਹੈ।

ਸਮੱਸਿਆ ਦਾ ਬੀਜ ਬਣਨਾ, ਪੁੰਗਰਨਾ ਤੇ ਰੁੱਖ ਬਣ ਕੇ ਜੜ ਹੋ ਜਾਣ ‘ਤੇ ਸ਼ਾਖਾਵਾਂ ਛਾਂਗਣ ਦੀ ਨਹੀਂ, ਸਗੋਂ ਜੜ ਪੁੱਟਣ ਦੀ ਲੋੜ ਹੁੰਦੀ ਹੈ, ਤੇ ਸਮਾਜਿਕ ਪ੍ਰਫੁੱਲਤਾ ਲਈ ਮਾੜੇ ਵਿਚਾਰਾਂ ਦੀਆਂ ਟਹਿਣੀਆਂ ਛਾਂਗਣ ਦੀ ਲੋੜ ਪੈਂਦੀ ਹੈ। ਜਿਵੇਂ ਰੁੱਖਾਂ ਦੇ ਵਾਧੇ ਲਈ ਅਣਲੋੜੀਂਦੀਆਂ ਟਹਿਣੀਆਂ ਛਾਂਗਣਾਂ ਜ਼ਰੂਰੀ ਹੈ, ਠੀਕ ਉਸੇ ਤਰ੍ਹਾਂ ਸਮਾਜ ਦੀ ਖ਼ੁਸ਼ਹਾਲੀ ਲਈ ਘਸੀਆਂ-ਪਿਟੀਆਂ ਵਿਚਾਰਧਾਰਾਵਾਂ ਦੀ ਕਾਂਟ-ਛਾਂਟ ਜ਼ਰੂਰੀ ਹੈ। ਨਵੀਆਂ ਸੋਚਾਂ ਤੇ ਵਿਚਾਰਾਂ ਰੂਪੀ ਖਾਦ ਸਮਾਜਿਕ ਬੂਟੇ ਦੇ ਸੰਘਣੇਪਣ ਲਈ ਸਭ ਤੋਂ ਵਧੇਰੇ ਜ਼ਰੂਰੀ ਹੈ, ਜੋ ਚੇਤਨਾ ਦੇ ਰੂਪ ‘ਚ ਬੁਰੇ ਵਿਚਾਰਾਂ ਦੇ ਨਦੀਨਾਂ ਨੂੰ ਮਾਰਨ ‘ਚ ਸਹਾਇਕ ਹੋ ਕੇ ਜਾਗਰੂਕ ਸਮਾਜਿਕ ਵਿਕਾਸ ‘ਚ ਸਹਾਇਕ ਹੁੰਦੀ ਹੈ।

ਕੁਦਰਤ ‘ਚ ਮੌਜੂਦ ਪੰਜ ਤੱਤ ਜੀਵਨ ਦਾ ਆਧਾਰ ਹਨ, ਪਰ ਕੁਦਰਤ ਦੇ ਹਰ ਰੂਪ ਨੂੰ ਨਾਂਅ ਦੇਣ ਵਾਲਾ ਮਨੁੱਖ ਹੈ , ਇੱਥੋਂ ਤੱਕ ਕਿ ਕੁਦਰਤ ਨੂੰ ਇਹ ਨਾਂਅ ਵੀ ਮਨੁੱਖ ਨੇ ਹੀ ਦਿੱਤਾ ਹੈ। ਨਾਂਅ ਤੇ ਨਾਵਾਂ ਨਾਲ ਜੁੜੇ ਭਾਵ ਅਰਥ ਸਪੱਸ਼ਟ ਕਰਦਿਆਂ ਮਨੁੱਖੀ ਸੋਚ ਨੇ ਹੀ ਹਰੇਕ ਜੀਵ/ਵਸਤੂ ਦਾ ਦਰਜਾ ਨਿਰਧਾਰਤ ਕੀਤਾ ਹੈ।  ਮਨੁੱਖ ਕੋਲ ਪੰਜ ਗਿਆਨ ਇੰਦਰੀਆਂ ਹਨ ਤੇ ਇਨ੍ਹਾਂ ਨੂੰ ਕਾਬੂ ‘ਚ ਰੱਖਣ ਲਈ ਮਨੁੱਖ ਕੋਲ ਦਿਮਾਗ/ਸੋਚਣ ਸ਼ਕਤੀ ਹੈ, ਜੋ ਉਸ ਨੂੰ ਹੋਰ ਜੀਵਾਂ ਨਾਲੋਂ ਸ੍ਰੇਸ਼ਠ ਠਹਿਰਾਉਂਦੀ ਹੈ। ਇਹ ਸੋਚਣ ਸ਼ਕਤੀ ਹੀ ਹੈ, ਜੋ ਨਿੱਤ ਨਵੇਂ ਵਿਚਾਰਾਂ ਨੂੰ ਜਨਮ ਦਿੰਦੀ ਹੈ, ਨਵੀਆਂ ਖੋਜਾਂ ਹੁੰਦੀਆਂ ਹਨ, ਤੇ ਸਮਾਜਿਕ ਵਿਕਾਸ ਦੀ ਰਫ਼ਤਾਰ ਤੇਜ਼ ਹੁੰਦੀ ਹੈ।

ਜਿਵੇਂ-ਜਿਵੇਂ ਮਨੁੱਖੀ ਦਿਮਾਗ ਮਨੁੱਖ ਦੀ ਹੋਂਦ ਦੀ ਖੋਜ ਦੀਆਂ ਪਰਤਾਂ ਸਮਝਣ ਦੇ ਕਾਬਲ ਹੋਣ ਲੱਗਿਆ, ਮਿੱਥ ਨੇ ਤਰਕ ਦਾ ਪ੍ਰਭਾਵ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ ਹੈ, ਤੇ ਮਨੁੱਖੀ ਸੋਚ ਵਿਗਿਆਨਕ ਰੁਖ਼ ਅਖ਼ਤਿਆਰ ਕਰਨ ਲੱਗੀ ਹੈ। ਇਸ ਲਈ ਕਿਸੇ ਵੀ ਸਮੇਂ ਦਾ ਸਮਾਜ ਜਿਸ ਸਰੂਪ ‘ਚ ਵਿਕਸਿਤ ਹੋਇਆ ਹੈ ਜਾਂ ਹੋ ਰਿਹਾ ਹੈ, ਉਹ ਮਨੁੱਖੀ ਸੋਚ ਤੇ ਵਿਚਾਰਧਾਰਾ ਦਾ ਹੀ ਨਤੀਜਾ ਹੈ। ਅਸਲ ‘ਚ ਜਿਵੇਂ ਦੀ ਮਨੋਸਥਿਤੀ ਮਨੁੱਖ ਵਿਕਸਿਤ ਕਰਦਾ ਹੈ, ਉਸੇ ਤਰ੍ਹਾਂ ਦੇ ਉਸ ਦੇ ਜੀਵਨ ਦੇ ਹਾਲਾਤ ਬਣਦੇ ਹਨ, ਜੋ ਚੁਗਿਰਦੇ ਤੋਂ ਹੁੰਦੇ ਹੋਏ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ। ਇੱਕ ਸਮਾਂ ਸੀ ਜਦੋਂ ਮ੍ਰਿਤਕ ਜਾਨਵਰ ਦੀ ਦੇਹ ਹੋਰਾਂ ਜੀਵਾਂ ਦੇ ਕੰਮ ਆਉਣ ਤੇ ਮਨੁੱਖੀ ਸਰੀਰ ਮੌਤ ਤੋਂ ਬਾਅਦ ਕਿਸੇ ਅਰਥ ਦਾ ਨਹੀਂ ਮੰਨਿਆ ਜਾਂਦਾ ਸੀ, ਪਰੰਤੂ ਵਿਗਿਆਨਕ ਖੋਜਾਂ ਨੇ ਮ੍ਰਿਤਕ ਵਿਅਕਤੀ ਦੇ ਹਰ ਅੰਗ ਦਾ ਮਹੱਤਵ ਪਾ ਦਿੱਤਾ ਹੈ। ਮਰਨ ਉਪਰੰਤ ਸਰੀਰ ਦੇ ਅੰਗ ਹੀ ਨਹੀਂ ਸਰੀਰਦਾਨ ਕਰਨ ਦੀ ਪ੍ਰਵਿਰਤੀ ਜ਼ੋਰ ਫੜਨ ਲੱਗੀ ਹੈ।

ਇਹ ਵੀ ਪੜ੍ਹੋ : ਸਦਭਾਵਨਾ ਤੇ ਧਾਰਮਿਕ ਸੁਤੰਤਰਤਾ

ਸਮਾਜ ਤਾਂ ਇੱਕ ਖਾਲੀ ਖੂਹ ਦੀ ਨਿਆਈਂ ਹੈ, ਜਿਸ ਵਿੱਚ ਜੋ ਆਵਾਜ਼ ਮਾਰਾਂਗੇ ਉਵੇਂ ਹੀ ਗੂੰਜ ਬਣ ਕੇ ਚੁਫ਼ੇਰੇ ਫੈਲੇਗੀ। ਸਮਾਜ ਸਾਨੂੰ ਉਹੀ ਦੇ ਰਿਹਾ ਹੈ, ਜੋ ਮਨੁੱਖ ਸਮਾਜ ਨੂੰ ਦੇ ਰਿਹਾ ਹੈ। ਆਪਣੀਆਂ ਗਲਤੀਆਂ ਦਾ ਠੀਕਰਾ ਮਨੁੱਖ ਸਮਾਜ ਦੇ ਸਿਰ ਨਹੀਂ ਭੰਨ ਸਕਦਾ ਸਗੋਂ ਸਮਾਜ ਦੇ ਨਿਘਾਰ ਦਾ ਉਹ ਦੋਸ਼ੀ ਹੈ। ਤੇਹ/ ਪਿਆਸ/ ਚਾਹ/ ਇੱਛਾ-ਸ਼ਕਤੀ ਹੀ ਸੁਫ਼ਨੇ ਹਨ। ਦਿਸਹੱਦਿਆਂ ਤੋਂ ਪਾਰ ਰਾਹ ਖ਼ਤਮ ਨਹੀਂ ਹੋ ਜਾਂਦਾ। ਜੇ ਨਜ਼ਰਾਂ ਦਾ ਪਿੱਛਾ ਕਰਦੇ ਪੁਲਾਂਘਾਂ ਪੁਟਦੇ ਜਾਈਏ ਤਾਂ ਦਿਸਹੱਦਿਆਂ ਦਾ ਅੰਤ ਨਹੀਂ ਹੁੰਦਾ, ਉਸ ਤੋਂ ਪਾਰ ਇੱਕ ਹੋਰ ਰਾਹ ਤਿਆਰ ਖੜ੍ਹਾ ਹੁੰਦਾ ਹੈ, ਕਦਮਾਂ ਦੀ ਆਹਟ ਦਾ ਸਵਾਗਤ ਕਰਨ ਲਈ। ਇਸ ਲਈ ਸੋਚਾਂ ‘ਚ ਉਡਾਰੀ ਭਰਦੀਆਂ ਕਲਪਨਾਵਾਂ ਨੂੰ ਨਿੱਗਰ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਦੇ ਚੰਗੇ ਸਮਾਜ ਦੀ ਅਸੀਂ ਕਲਪਨਾ ਕਰਦੇ ਹਾਂ, ਬਸ ਉਵੇਂ ਦੇ ‘ਖ਼ੁਦ’ ਬਣ ਜਾਈਏ। ਮੈਂ ਤੋਂ ਅਸੀਂ ਤੇ ਅਸੀਂ ਤੋਂ ਮੈਂ ‘ਚ ਹੀ ਚੰਗੇ ਤੇ ਮਾੜੇ ਸਮਾਜ ਦੀ ਹੋਂਦ ਲੁਕੀ ਹੋਈ ਹੈ।

ਲੋੜ ਹੈ ਨਜ਼ਰਾਂ ਦੀ ਝਾਤ ਸਾਹਮਣੇ ਤੋਂ ਹਟਾ ਕੇ ਆਪਣੇ ਅੰਦਰ ਪਾਉਣ ਦੀ। ‘ਮੈਂ’ ਨੂੰ ਸੁਧਾਰਨਾ ਭਾਵੇਂ ਸੌਖਾ ਕਾਰਜ ਤਾਂ ਨਹੀਂ, ਪਰ ਐਨਾ ਔਖਾ ਵੀ ਨਹੀਂ। ਜ਼ਿੰਦਗੀ ਬੇਹੱਦ ਖ਼ੂਬਸੂਰਤ ਹੈ, ਬਸ ਸਾਨੂੰ ਜਿਉਣ ਦਾ ਸਲੀਕਾ ਆਉਣਾ ਚਾਹੀਦਾ ਹੈ। ਦੂਜੇ ਦਾ ਸੁਧਾਰ ਕਰਨ ਦੇ ਚੱਕਰ ‘ਚ ਆਪਾ ਗੁਆ ਬੈਠਦੇ ਹਾਂ। ਲੋੜ ਹੈ ਆਪੇ ਦੀ ਭਾਲ ਕਰਨ ਦੀ। ਕੋਈ ਆਦਤ, ਮਾਨਤਾ/ਧਾਰਨਾ, ਇੱਥੋਂ ਤੱਕ ਕਿ ਕੋਈ ਨੇਮ ਸਦੀਵੀ ਨਹੀਂ ਹੁੰਦੇ। ਆਪੇ ਦੇ ਸੁਧਾਰ ਦਾ ਡੰਡਾ ਆਪਣੇ ਹੱਥ ਫੜਨ ਦੀ ਲੋੜ ਹੈ  ਤੇ ‘ਮੈਂ’ ਦੇ ਸੁਧਾਰ ਨੂੰ ਜੀਵਨ ਆਚਰਨ ਦਾ ਹਿੱਸਾ ਬਣਾਉਣਾ ਪਵੇਗਾ। ਹਰ ਸਮੱਸਿਆ ਦਾ ਹੱਲ ਮੈਂ ਤੋਂ ਮੈਂ ਤੱਕ ਸਿਮਟਿਆ ਹੋਇਆ ਹੈ, ਲੋੜ ਹੈ ਇੱਕ ਸਖ਼ਤ ਸਵੈ-ਝਾਤ ਦੀ। ਗੰਦਗੀ ਪਾਵਾਂਗੇ ਤਾਂ ਗੰਦ ਹੰਢਾਵਾਂਗੇ, ਸੁਗੰਧੀਆਂ ਵੰਡਾਂਗੇ ਤਾਂ ਚੁਗਿਰਦਾ ਮਹਿਕ Àੁੱਠੇਗਾ, ਜੋ ਸਮਾਜ ਤੋਂ ਹੁੰਦਾ ਹੋਇਆ ਵਿਸ਼ਵ ਪੱਧਰ ‘ਚ ਸੁਗੰਧੀਆਂ ਦਾ ਆਲਮ ਭਰਨ ‘ਚ ਸਹਾਈ ਹੋਵੇਗਾ।