ਕੋਰੋਨਾ ਦੇ ਮਰੀਜ਼ ਅੰਗ ਕੱਢਣ ਵਰਗਾ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਮਾਮਲੇ ‘ਚ ਫਿਰੋਜ਼ਪੁਰ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਫਿਰੋਜ਼ਪੁਰ, (ਸੱਚ ਕਹੂੰ ਨਿਊਜ਼) ਸੋਸ਼ਲ ਮੀਡੀਆ ਰਾਹੀਂ ਮ੍ਰਿਤਕ ਕੋਰੋਨਾ ਮਰੀਜ਼ਾਂ ਨੂੰ ਲੈ ਕੇ ਝੂਠੀਆਂ ਅਫਵਾਹਾਂ ਫੈਲਾਉਣ ਅਤੇ ਲੋਕਾਂ ਨੂੰ ਉਕਸਾਉਣ ਦੇ ਮਾਮਲੇ ‘ਚ ਵੀਰਵਾਰ ਨੂੰ ਫਿਰੋਜ਼ਪੁਰ ਪੁਲਿਸ ਨੇ ਪਿੰਡ ਨਾਜੂ ਸ਼ਾਹ ਵਾਲਾ ਦੇ ਰਹਿਣ ਵਾਲੇ ਅਮਰਿੰਦਰ ਸਿੰਘ ਖਿਲਾਫ਼ ਐਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ
ਵਿਸਥਾਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਰਿੰਦਰ ਸਿੰਘ ਖਿਲਾਫ਼ ਆਈ ਪੀ ਸੀ ਦੀ ਧਾਰਾ 153, ਸੂਚਨਾ ਟੈਕਨਾਲੌਜੀ ਐਕਟ ਦੀ ਧਾਰਾ 66 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 54 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਮੁਲਜ਼ਮ ਵੱਲੋਂ ਸ਼ੇਰੇ ਪੰਜਾਬ ਪਹਵਾਨ ਗਰੁੱਪ ਦੇ ਨਾਂਅ ‘ਤੇ ਇੱਕ ਫੇਸਬੁੱਕ ਪੇਜ ਚਲਾਇਆ ਜਾਂਦਾ ਹੈ, ਜਿਸ ‘ਤੇ ਉਸ ਨੇ ਲੋਕਾਂ ਨਾਲ ਇੱਕ ਮ੍ਰਿਤਕ ਵਿਅਕਤੀ ਦੀ ਪੋਸਟ ਸਾਂਝੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਹਸਪਤਾਲਾਂ ਵਿੱਚ ਕੋਰੋਨਾ ਮ੍ਰਿਤਕ ਮਰੀਜ਼ਾਂ ਦੇ ਅੰਗ ਕੱਢ ਦਿੱਤੇ ਗਏ ਹਨ
ਉਨ੍ਹਾਂ ਕਿਹਾ ਕਿ ਅਜਿਹੀ ਪੋਸਟ ਨਾ ਸਿਰਫ਼ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਲੋਕਾਂ ਨੂੰ ਪ੍ਰਸ਼ਾਸਨ ਤੇ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ, ਬਲਕਿ ਲੋਕ ਇਸ ਵਾਇਰਸ ਦਾ ਇਲਾਜ ਕਰਵਾਉਣ ਤੋਂ ਵੀ ਡਰ ਰਹੇ ਹਨ ਤੇ ਉਨ੍ਹਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ ਇਸ ਲਈ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ
ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਿਸ ਦੇ ਕਹਿਣ ‘ਤੇ ਉਸ ਨੇ ਇਸ ਤਰ੍ਹਾਂ ਦੀ ਪੋਸਟ ਸ਼ੋਸਲ ਮੀਡੀਆ ਤੇ ਸ਼ੇਅਰ ਕੀਤੀ ਹੈ ਤਾਂ ਕਿ ਸਮਾਜ ਵਿਚ ਇਸ ਤਰ੍ਹਾਂ ਦੀਆਂ ਗੜਬੜੀਆਂ ਫੈਲਾਉਣ ਵਾਲਿਆਂ ਦਾ ਪਰਦਾਫਾਸ਼ ਕੀਤਾ ਜਾ ਸਕੇ
ਲੋਕਾਂ ਨੂੰ ਅਪੀਲ ਕਰਦਿਆਂ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਕਿਹਾ ਕਿ ਸ਼ੋਸਲ ਮੀਡੀਆ ‘ਤੇ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਝੂਠੀਆਂ, ਬੇਬੁਨਿਆਦ ਅਤੇ ਗੁੰਮਰਾਹਕੁੰਨ ਖ਼ਬਰਾਂ ਦੇ ਝਾਂਸੇ ਵਿੱਚ ਨਾ ਆਇਆ ਜਾਵੇ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਚੱਲ ਰਹੀ ਲੜਾਈ ਵਿੱਚ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਹੋਰ ਸਮੂਹ ਫਰੰਟਲਾਈਨ ਵਰਕਰਾਂ ਦਾ ਸਹਿਯੋਗ ਕੀਤਾ ਜਾਵੇ ਕੋਰੋਨਾ ਵਾਇਰਸ ਦੀ ਟੈਸਟਿੰਗ ਅਤੇ ਇਲਾਜ ਲਈ ਖੁੱਲ੍ਹ ਕੇ ਸਾਹਮਣੇ ਆਓ ਅਤੇ ਜੇ ਉਨ੍ਹਾਂ ਨੂੰ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਣ ਦੀ ਕੋਈ ਜਾਣਕਾਰੀ ਹੈ ਤਾਂ ਇਸ ਨੂੰ ਪੁਲਿਸ-ਪ੍ਰਸ਼ਾਸਨ ਨਾਲ ਸਾਂਝਾ ਕਰੋ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.