7 ਤੋਂ 26 ਫਰਵਰੀ ਤੱਕ ਪਟਿਆਲਾ ’ਚ ਚੱਲੇਗੀ ਫ਼ੌਜ ਦੀ ਭਰਤੀ

ਫ਼ੌਜ ਦੀ ਭਰਤੀ ਲਈ ਪੰਜ ਜ਼ਿਲਿ੍ਹਆਂ ਦੇ 32 ਹਜ਼ਾਰ ਦੇ ਕਰੀਬ ਨੌਜਵਾਨ ਦੇਣਗੇ ਫਿਜ਼ੀਕਲ ਟੈਸਟ

ਪਟਿਆਲਾ, (ਸੱਚ ਕਹੂੰ ਨਿਊਜ)। ਭਾਰਤੀ ਫ਼ੌਜ ’ਚ ਵੱਖ-ਵੱਖ ਵਰਗਾਂ ਦੀ 7 ਤੋਂ 26 ਫਰਵਰੀ ਤੱਕ ਪਟਿਆਲਾ ਦੇ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ ’ਚ ਹੋਣ ਵਾਲੀ ਭਰਤੀ ਦੀਆਂ ਤਿਆਰੀਆਂ ਸਬੰਧੀ ਅੱਜ ਵੱਖ-ਵੱਖ ਵਿਭਾਗਾਂ ਨੂੰ ਭਰਤੀ ਰੈਲੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਦੌਰਾਨ ਐਕਸਟਰਾ ਅਸਿਸਟੈਂਟ ਕਮਿਸ਼ਨਰ (ਯੂ.ਟੀ.) ਮਿਸ ਜਸਲੀਨ ਕੌਰ ਨੇ ਸਮੂਹ ਅਧਿਕਾਰੀਆਂ ਨੂੰ ਸਮੇਂ ਸਿਰ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਭਰਤੀ ਹੋਣ ਆਏ ਨੌਜਵਾਨਾਂ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਕੋਵਿਡ ਕਾਰਨ ਅਗਸਤ 2020 ’ਚ ਮੁਲਤਵੀ ਕੀਤੀ ਗਈ ਇਸ ਭਰਤੀ ਰੈਲੀ ਵਿੱਚ ਪੰਜ ਜ਼ਿਲਿ੍ਹਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ ਸਾਹਿਬ ਦੇ 32 ਹਜ਼ਾਰ ਦੇ ਕਰੀਬ ਨੌਜਵਾਨ ਹਿੱਸਾ ਲੈਣਗੇ। ਉਨ੍ਹਾਂ ਭਰਤੀ ਲਈ ਰਜਿਸਟਰਡ ਹੋਏ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਰਮੀ ’ਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ ’ਤੇ ਪਾਰਦਰਸ਼ੀ ਢੰਗ ਨਾਲ ਹੁੰਦੀ ਹੈ ਇਸ ਲਈ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਟਾਊਟਾਂ ਤੋਂ ਸਾਵਧਾਨ ਰਹਿਣ ਅਤੇ ਫ਼ੌਜ ’ਚ ਭਰਤੀ ਹੋਣ ਲਈ ਕਿਸੇ ਨੂੰ ਵੀ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ।

ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਰਿਸ਼ਵਤ ਦੀ ਮੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ। ਭਰਤੀ ਡਾਇਰੈਕਟਰ ਨੇ ਕਿਹਾ ਕਿ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ’ਚ ਰੱਖਕੇ ਕੀਤੀ ਜਾ ਰਹੀ ਇਸ ਭਰਤੀ ਰੈਲੀ ’ਚ ਰਜਿਸਟਰਡ ਨੌਜਵਾਨਾਂ ਨੂੰ ਦੋ ਫਾਰਮ ਭਰਕੇ ਦੇਣੇ ਹੋਣਗੇ, ਜੋ ਕੋਵਿਡ ਟੈਸਟ ਸਬੰਧੀ ਅਤੇ ਮਾਤਾ-ਪਿਤਾ ਦੀ ਆਗਿਆ ਨਾਲ ਸਬੰਧਤ ਹਨ ਅਤੇ ਇਹ ਫਾਰਮ ਫ਼ੌਜ ਦੀ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਫਿਜ਼ੀਕਲ ਟੈਸਟ ਦੇਣ ਆਉਣ ਵਾਲੇ ਨੌਜਵਾਨਾਂ ਲਈ ਪਟਿਆਲਾ ਬੱਸ ਸਟੈਡ ਤੋਂ ਵਿਸ਼ੇਸ਼ ਬੱਸ ਸੇਵਾ ਵੀ ਚਲਾਈ ਜਾਵੇਗੀ ਅਤੇ ਰਜਿਸਟਰੇਸ਼ਨ ਦਾ ਸਮਾਂ ਸਵੇਰੇ 6 ਵਜੇ ਦਾ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫਿਜ਼ੀਕਲ ਟੈਸਟ ਦੇਣ ਆਉਣ ਸਮੇਂ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਆਉਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਕਿ ਭਰਤੀ ਵਾਲੇ ਸਥਾਨ ’ਤੇ ਜ਼ਿਆਦਾ ਇਕੱਠ ਨਾ ਹੋਵੇ ਅਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ। ਇਸ ਮੌਕੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.