ਅਸਤੀਫ਼ਾ ਮਨਜ਼ੂਰ ਹੋਣ ਤੋਂ ਹਫ਼ਤੇ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਕੀਤੀ ਅਮਰਿੰਦਰ ਸਿੰਘ ਨਾਲ ਮੁਲਾਕਾਤ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਚੋਣਾਂ ’ਚ ਸਾਥ ਨਾ ਦੇ ਸਕਣ ਕਾਰਨ ਜਿੱਥੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ‘ਸੌਰੀ’ ਕਹਿ ਦਿੱਤਾ ਹੈ ਉੱਥੇ ਚੋਣਾਂ ਦੀ ਤਿਆਰੀ ਲਈ ‘ਗੁੱਡ ਲੱਕ’ ਵੀ ਕਿਹਾ ਹੈ। ਪ੍ਰਸ਼ਾਂਤ ਕਿਸ਼ੋਰ ਪਿਛਲੇ ਕੁਝ ਦਿਨਾਂ ਤੋਂ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਬਾਰੇ ਸੋਚ ਰਹੇ ਸਨ ਅਤੇ ਅਮਰਿੰਦਰ ਸਿੰਘ ਦੇ ਦਿੱਲੀ ਦੌਰੇ ਨੂੰ ਦੇਖਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੇ ਖ਼ੁਦ ਅਮਰਿੰਦਰ ਸਿੰਘ ਕੋਲ ਪੁੱਜ ਕੇ ਨਾ ਸਿਰਫ਼ ਮੁਲਾਕਾਤ ਕੀਤੀ ਸਗੋਂ ਆਪਣੇ ਰੁਝੇਵੇਂ ਦਾ ਜਿਕਰ ਕਰਦੇ ਹੋਏ ਪੰਜਾਬ ਦੇ ਮਾਮਲੇ ਵਿੱਚ ਮੁਆਫ਼ੀ ਵੀ ਮੰਗੀ। ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮਾਮਲੇ ਵਿੱਚ ਜਿਆਦਾ ਚਰਚਾ ਕਰਨ ਦੀ ਥਾਂ ’ਤੇ ਪ੍ਰਸ਼ਾਂਤ ਕਿਸ਼ੋਰ ਨਾਲ ਕੇਂਦਰੀ ਰਣਨੀਤੀ ਬਾਰੇ ਹੀ ਚਰਚਾ ਕੀਤੀ ਗਈ।
ਸੂਤਰ ਦੱਸਦੇ ਹਨ ਕਿ ਅਮਰਿੰਦਰ ਸਿੰਘ ਵੱਲੋਂ ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫ਼ੇ ਨੂੰ ਲੈ ਕੇ ਕੋਈ ਵੀ ਨਰਾਜ਼ਗੀ ਜ਼ਾਹਰ ਨਹੀਂ ਕੀਤੀ ਗਈ, ਸਗੋਂ ਪ੍ਰਸ਼ਾਂਤ ਕਿਸ਼ੋਰ ਨੂੰ ਪਹਿਲਾਂ ਵਾਂਗ ਹੀ ਖੁੱਲ੍ਹੇ ਮਿਜ਼ਾਜ ਨਾਲ ਮੁਲਾਕਾਤ ਕਰਦੇ ਹੋਏ ਚੰਗੀ ਮਹਿਮਾਨ ਨਿਵਾਜੀ ਵੀ ਕੀਤੀ। ਪ੍ਰਸ਼ਾਂਤ ਕਿਸ਼ੋਰ ਕੁਝ ਦੇਰ ਲਈ ਹੀ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਅਮਰਿੰਦਰ ਸਿੰਘ ਨੂੰ ਮਿਲਣ ਲਈ ਆਏ ਸਨ। ਜਿਸ ਤੋਂ ਬਾਅਦ ਉਹ ਵਾਪਸ ਚਲੇ ਗਏ ਅਤੇ ਇਸ ਸਬੰਧੀ ਪ੍ਰਸ਼ਾਂਤ ਕਿਸ਼ੋਰ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਥੀਆ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਆਮ ਤੌਰ ’ਤੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਗੱਲਬਾਤ ਕਰ ਲਈ ਜਾਂਦੀ ਹੈ ਪਰ ਅਮਰਿੰਦਰ ਸਿੰਘ ਨਾਲ ਹੋਈ ਮੁਲਾਕਾਤ ਬਾਰੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਪ੍ਰਸ਼ਾਂਤ ਕਿਸ਼ੋਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਸੇ ਸਾਲ 1 ਮਾਰਚ 2021 ਨੂੰ ਆਪਣਾ ਪ੍ਰਧਾਨ ਸਲਾਹਕਾਰ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਸਿਰਫ਼ 1-2 ਵਾਰ ਹੀ ਚੰਡੀਗੜ੍ਹ ਵਿਖੇ ਆਏ ਪਰ ਉਨ੍ਹਾਂ ਦੇ ਦਫ਼ਤਰ ਵਿੱਚ ਇੱਕ ਦਿਨ ਵੀ ਹਾਜ਼ਰੀ ਨਹੀਂ ਦਿਖਾਈ। ਪਿਛਲੇ 4 ਮਹੀਨੇ ਤੋਂ ਪ੍ਰਸ਼ਾਂਤ ਕਿਸ਼ੋਰ ਪੰਜਾਬ ਆਏ ਹੀ ਨਹੀਂ ਅਤੇ ਉਨ੍ਹਾਂ ਵੱਲੋਂ ਜਿਆਦਾ ਫੋਕਸ ਦਿੱਲੀ ਅਤੇ ਪੱਛਮ ਬੰਗਾਲ ਦੀ ਰਾਜਨੀਤੀ ਵੱਲ ਹੀ ਕੀਤਾ ਜਾ ਰਿਹਾ ਸੀ। ਪ੍ਰਸ਼ਾਂਤ ਕਿਸ਼ੋਰ ਵੱਲੋਂ 3 ਅਗਸਤ ਨੂੰ ਆਪਣਾ ਅਸਤੀਫ਼ਾ ਦਿੰਦੇ ਹੋਏ ਪੰਜਾਬ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਅਗਲੇ ਹੀ ਦਿਨ 4 ਅਗਸਤ ਨੂੰ ਪ੍ਰਵਾਨ ਕਰ ਲਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ