ਕਦਰ ਕਰੋ ਆਪਣੇ-ਆਪ ਦੀ

ਕਦਰ ਕਰੋ ਆਪਣੇ-ਆਪ ਦੀ

ਇਨਸਾਨ ਪਰਮਾਤਮਾ ਦੀ ਵਡਮੁੱਲੀ ਦਾਤ ਹੈ ਅਤੇ ਮਨੁੱਖੀ ਦਿਮਾਗ ਕੁਦਰਤ ਦਾ ਇੱਕ ਚਮਤਕਾਰ। ਕੁਝ ਲੋਕ ਤਾਂ ਇਸ ਅਜੂਬੇ ਦੀ ਸਹੀ ਵਰਤੋਂ ਕਰਦੇ ਹਨ ਤੇ ਕੁਝ ਇਸ ਨੂੰ ਪੁੱਠੇ ਕੰਮਾਂ ‘ਚ ਲਾ ਕੇ ਇਸ ਦੇ ਫਾਇਦੇ ਗੁਆ ਲੈਂਦੇ ਹਨ। ਚੰਗੀ ਵਰਤੋਂ ‘ਚ ਲਿਆਂਦਾ ਗਿਆ ਦਿਮਾਗ ਕਿਸੇ ਦੀ ਜ਼ਿੰਦਗੀ ਸਵਾਰ ਸਕਦਾ ਹੈ ਤੇ ਇਸ ਦੀ ਗਲਤ ਵਰਤੋਂ ਜ਼ਿੰਦਗੀ ਨੂੰ ਤਬਾਹ ਵੀ ਕਰ ਸਕਦੀ ਹੈ। ਮਨੁੱਖੀ ਜੀਵਨ ਦਾ ਇੱਕ ਲਕਸ਼ ਦੂਜਿਆਂ ਦੇ ਕੰਮ ਆਉਣਾ ਹੈ ਪਰ ਬਹੁਤੇ ਲੋਕਾਂ ਨੇ ਇਸ ਨੂੰ ਭੁਲਾ ਦਿੱਤਾ ਹੈ। ਅੱਜ ਦੇ ਯੁੱਗ ਅੰਦਰ ਹਰ ਇਨਸਾਨ ਆਪਣੇ ਤੱਕ ਸਿਮਟਦਾ ਜਾ ਰਿਹਾ ਹੈ ਤੇ ਨੈਤਿਕ ਗੁਣ ਲਗਾਤਾਰ ਉਸ ਦੀ ਸ਼ਖਸੀਅਤ ਵਿੱਚੋਂ ਘਟ ਰਹੇ ਹਨ। ਅਸੀਂ ਆਪਣਾ ਬਹੁਤਾ ਸਮਾਂ ਦੂਜਿਆਂ ਬਾਰੇ ਗੱਲਾਂ ਕਰਨ ‘ਚ ਹੀ ਬਤੀਤ ਕਰ ਦਿੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਪ੍ਰਾਪਤ ਤਾਂ ਕੁਝ ਵੀ ਨਹੀਂ ਹੁੰਦਾ ਸਗੋਂ ਸਮਾਂ ਹੀ ਬਰਬਾਦ ਹੁੰਦਾ ਹੈ।

ਜਦੋਂ ਵਿਅਕਤੀ ਆਪਣੇ ਅੰਦਰ ਦੀ ਆਵਾਜ਼ ਨਹੀਂ ਸੁਣਦਾ ਜਾਂ ਉਸ ਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਉਸ ਦੇ ਪੈਰ ਗਲਤ ਰਾਹਾਂ ‘ਤੇ ਤੁਰਨ ਲੱਗਦੇ ਹਨ ਅਤੇ ਵਿਅਕਤੀ ਇੱਕ ਅਜਿਹੇ ਵਾਵਰੋਲੇ ਵਿਚ ਫਸ ਜਾਂਦਾ ਹੈ ਜਿੱਥੋਂ ਨਿੱਕਲਣਾ ਔਖਾ ਹੋ ਜਾਂਦਾ ਹੈ। ਅਜੋਕੇ ਸਮਾਜ ਵਿਚ ਬਹੁਤੇ ਲੋਕ ਤੁਹਾਨੂੰ ਤੁਹਾਡੀ ਆਲੋਚਨਾ ਵਾਲੇ ਹੀ ਮਿਲਣਗੇ ਕਿਉਂਕਿ ਕਈ ਵਾਰ ਤੁਹਾਡੀ ਕਾਮਯਾਬੀ ਹੀ ਤੁਹਾਡੀ ਦੁਸ਼ਮਣ ਬਣ ਜਾਂਦੀ ਹੈ। ਅਜਿਹੇ ਲੋਕਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਦ੍ਰਿੜ ਇਰਾਦੇ ਨਾਲ ਉਨ੍ਹਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ।

ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਜ਼ਰੂਰਤ ਨਾਲੋਂ ਵੱਧ ਨਿਮਰ ਹੁੰਦੇ ਹਨ, ਛੋਟੀਆਂ-ਛੋਟੀਆਂ ਗੱਲਾਂ ‘ਤੇ ਦੂਜਿਆਂ ਤੋਂ ਮੁਆਫੀ ਮੰਗਦੇ ਰਹਿੰਦੇ ਹਨ। ਅਜਿਹਾ ਕਰਨਾ ਉਨ੍ਹਾਂ ਦੀ ਸ਼ਕਤੀਹੀਣਤਾ ਨੂੰ ਦਰਸਾਉਂਦਾ ਹੈ। ਜੇਕਰ ਕੋਈ ਗਲਤੀਆਂ ਹੋ ਗਈਆਂ ਹੋਣ ਤਾਂ ਉਨ੍ਹਾਂ ਨੂੰ ਸਵੀਕਾਰ ਕਰ ਲੈਣ ‘ਚ ਕੋਈ ਹਰਜ਼ ਨਹੀਂ ਪਰ ਕਿਸੇ ਨੂੰ ਵੀ ਆਪਣੇ ਆਤਮ-ਸਨਮਾਨ ਨੂੰ ਠੇਸ ਨਾ ਪਹੁੰਚਾਉਣ ਦਿਓ ਤੇ ਨਾ ਹੀ ਇਸ ਨੂੰ ਕਿਸੇ ਲਈ ਘੱਟ ਕਰੋ। ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਤਾਂ ਜਰੂਰ ਕਰੋ ਪਰ ਜਜ਼ਬਾਤ ਦੇ ਸੌਦੇ ਨਾ ਕਰੋ। ਮਨ ਮਾਰ ਕੇ ਤੇ ਸਿਰ ਸੁੱਟ ਕੇ ਆਪਣੇ ਦਿਲ ਦੀ ਦਾਅਵੇਦਾਰੀ ਕਿਸੇ ਹੋਰ ਦੇ ਹੱਥਾਂ ਵਿਚ ਕਿਸੇ ਕੀਮਤ ‘ਤੇ ਨਾ ਜਾਣ ਦਿਓ। ਆਪਣੀ ਜ਼ਿੰਦਗੀ ਸਨਮਾਨ ਨਾਲ ਜੀਓ।

ਕਈ ਵਾਰ ਅਸੀਂ ਆਪਣੇ ਕਿਸੇ ਪਿਆਰੇ ਦਾ ਦਿਲ ਜਿੱਤਣ ਲਈ ਲੋੜੋਂ ਵੱਧ ਖਰਚ ਕਰਦੇ ਹਾਂ ਪਰ ਸਾਡੀ ਔਕਾਤ ਓਨੀ ਨਹੀਂ ਹੁੰਦੀ। ਪੈਸਾ ਬੇਕਾਰ ਵਿਚ ਖਰਚ ਕਰਨ ਦੀਆਂ ਆਦਤਾਂ ਇੱਕ ਦਿਨ ਬੰਦੇ ਨੂੰ ਕਰਜ਼ਾਈ ਬਣਾ ਦਿੰਦੀਆਂ ਹਨ। ਕਰਜ਼ਾ ਵਿਅਕਤੀ ਦੀ ਨੀਂਦ ਹਰਾਮ ਕਰ ਦਿੰਦਾ ਹੈ ਤੇ ਉਸ ਨੂੰ ਚੈਨ ਨਾਲ ਸੌਣ ਵੀ ਨਹੀਂ ਦਿੰਦਾ। ਕਈ ਵਿਅਕਤੀਆਂ ਖਾਸ ਕਰਕੇ ਔਰਤਾਂ ਦੀ ਆਦਤ ਹੁੰਦੀ ਹੈ ਕਿ ਉਹ ਆਪਣੇ ਨਾਲੋਂ ਦੂਜਿਆਂ ਨੂੰ ਜ਼ਿਆਦਾ ਤਵੱਜੋ ਦਿੰਦੇ ਹਨ ਤੇ ਆਪਣੀ ਪ੍ਰਵਾਹ ਨਹੀਂ ਕਰਦੇ। ਦਰੱਖਤਾਂ ਵਾਂਗ ਧੁੱਪ, ਝੱਖੜ, ਮੀਂਹ ਸਹਿ ਕੇ ਉਨ੍ਹਾਂ ਨੂੰ ਛਾਂ ਦਿੰਦੇ ਹਨ। ਉਨ੍ਹਾਂ ਦੇ ਤਪਦੇ ਰਾਹਾਂ ‘ਤੇ ਪੱਤਿਆਂ ਵਾਂਗ ਵਿਛ ਜਾਂਦੇ ਹਨ ਤਾਂ ਕਿ ਉਨ੍ਹਾਂ ਨੂੰ ਤਪਸ਼ ਦਾ ਅਹਿਸਾਸ ਨਾ ਹੋਵੇ। ਆਪਣੇ-ਆਪ ਨਾਲ ਕੀਤੀ ਗਈ ਇਸ ਤਰ੍ਹਾਂ ਦੀ ਸਖਤਾਈ ਅਤੇ ਸਿਹਤ ਨੂੰ ਲੈ ਕੇ ਇਸ ਤਰ੍ਹਾਂ ਦੀ ਵਰਤੀ ਗਈ ਅਣਦੇਖੀ ਤੁਹਾਡੇ ਆਉਣ ਵਾਲੇ ਕੱਲ੍ਹ ਲਈ ਖਤਰਨਾਕ ਸਾਬਤ ਹੋ ਸਕਦੀ ਹੈ।

ਇਸ ਤਰ੍ਹਾਂ ਬੁਢਾਪਾ ਛੇਤੀ ਆ ਜਾਂਦਾ ਹੈ ਤੇ ਖੂਬਸੂਰਤ ਚਿਹਰਾ ਜ਼ਲਦੀ ਹੀ ਝੁਰੜੀਆਂ ਨਾਲ ਭਰ ਜਾਂਦਾ ਹੈ। ਜੋ ਵਿਅਕਤੀ ਆਪਣੇ-ਆਪ ਲਈ ਜਿਊਣਾ ਨਹੀਂ ਜਾਣਦੇ ਉਹ ਦੂਸਰਿਆਂ ਲਈ ਵੀ ਨਹੀਂ ਜਿਉਂ ਸਕਦੇ। ਆਪਣੇ ਅੰਦਰ ਦੀ ਕਮਜ਼ੋਰੀ ਨੂੰ ਕਬੂਲਣਾ ਚੰਗੀ ਗੱਲ ਹੈ ਪਰ ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਹਰ ਵਿਅਕਤੀ ਵਿਚ ਹੀ ਕੋਈ ਨਾ ਕੋਈ ਕਮਜ਼ੋਰੀ ਜਰੂਰ ਹੁੰਦੀ ਹੈ।

ਇਸ ਲਈ ਆਪਣੇ-ਆਪ ਨੂੰ ਐਨਾ ਵੀ ਮਾੜਾ ਨਹੀਂ ਸਮਝ ਲੈਣਾ ਚਾਹੀਦਾ। ਚੁੱਪਚਾਪ ਕਿਸੇ ਦਾ ਗੁੱਸਾ ਝੱਲ ਲੈਣਾ ਵੀ ਠੀਕ ਨਹੀਂ ਹੁੰਦਾ। ਇਸ ਨਾਲ ਤੁਸੀਂ ਸਾਫਟ ਟਾਰਗੇਟ ਬਣ ਜਾਂਦੇ ਹੋ। ਇਹ ਜੀਵਨ ਸਫ਼ਲਤਾਵਾਂ ਤੇ ਅਸਫਲਤਾਵਾਂ ਦਾ ਸੁਮੇਲ ਹੈ। ਆਪਣੀਆਂ ਅਸਫਲਤਾਵਾਂ ਲਈ ਦੂਜਿਆਂ ਨੂੰ ਦੋਸ਼ੀ ਨਾ ਠਹਿਰਾਓ। ਉਨ੍ਹਾਂ ਚੀਜ਼ਾਂ ਦਾ ਰੋਣਾ ਛੱਡੋ ਜੋ ਤੁਹਾਡੇ ਵੱਸ ਵਿਚ ਨਹੀਂ ਹਨ। ਆਪਣਾ ਟੀਚਾ ਨਿਰਧਾਰਿਤ ਕਰ ਕੇ ਜਨੂੰਨ ਬਣਾ ਕੇ ਅੱਗੇ ਵਧਣ ਵਾਲੇ ਕਦੇ ਭਟਕਦੇ ਨਹੀਂ।

ਆਪਣੀਆਂ ਮੁਸ਼ਕਲਾਂ ਦੀ ਪਿਟਾਰੀ ਹਰ ਕਿਸੇ ਅੱਗੇ ਨਾ ਖੋਲ੍ਹੋ। ਇਸ ਸਮਾਜ ਵਿਚ ਕੇਵਲ ਚੰਦ ਲੋਕ ਹੀ ਹਨ ਜੋ ਤੁਹਾਡੇ ਹਮਦਰਦ ਹੋ ਸਕਦੇ ਹਨ। ਬਹੁਤੇ ਲੋਕਾਂ ਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਹੁੰਦਾ ਤੇ ਬਾਕੀ ਰਹਿੰਦੇ ਤੁਹਾਨੂੰ ਮੁਸ਼ਕਲਾਂ ‘ਚ ਵੇਖ ਕੇ ਖੁਸ਼ ਹੁੰਦੇ ਹਨ। ਆਪਣੇ-ਆਪ ‘ਤੇ ਭਰੋਸਾ ਰੱਖੋ। ਸਕਾਰਾਤਮਕ ਲੋਕਾਂ ਨਾਲ ਸਮਾਂ ਬਿਤਾਓ। ਇਸ ਨਾਲ ਤੁਹਾਡੀ ਊਰਜਾ ਦਾ ਪੱਧਰ ਵਧੇਗਾ।

ਦੁੱਖ ਦੇ ਸਮੇਂ ਇਕਾਂਤ ‘ਚ  ਬੈਠ ਕੇ ਸ਼ਾਂਤ ਮਨ ਨਾਲ ਆਪਣੇ ਅੰਦਰ ਝਾਤੀ ਮਾਰੋ। ਆਪਣੀ ਆਤਮਾ ਦੀ ਆਵਾਜ਼ ਸੁਣੋ। ਆਤਮਾ ਦੀ ਸਲਾਹ ਹਮੇਸ਼ਾ ਨੇਕ ਹੁੰਦੀ ਹੈ। ਵਿਅਕਤੀ ਨੂੰ ਕੁਰਾਹੇ ਪੈਣ ਤੋਂ ਰੋਕਦੀ ਹੈ ਤੇ ਆਪਣੀ ਤਾਕਤ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਸਿਖਾਉਂਦੀ ਹੈ। ਆਪਣੀਆਂ ਕਮਜ਼ੋਰੀਆਂ ਨੂੰ ਤੁਸੀਂ ਖੁਦ ਹੀ ਖਤਮ ਕਰ ਸਕਦੇ ਹੋ ਕੋਈ ਹੋਰ ਨਹੀਂ। ਇਸ ਲਈ ਕਦਰ ਕਰੋ ਆਪਣੇ-ਆਪ ਦੀ। ਆਪਣੇ ਵਧੀਆ ਦੋਸਤ ਖੁਦ ਬਣੋ ਤੇ ਆਪਣੇ-ਆਪ ਨੂੰ ਪਿਆਰ ਕਰੋ। ਜਿਹੜੀ ਅਗਵਾਈ, ਤਾਕਤ ਤੇ ਹੌਂਸਲਾ ਤੁਹਾਨੂੰ ਆਪਣੇ-ਆਪ ਤੋਂ ਮਿਲ ਸਕਦਾ ਹੈ ਉਹ ਕਿਸੇ ਹੋਰ ਕੋਲੋਂ ਨਹੀਂ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਕੈਲਾਸ਼ ਚੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.