ਖਰਚ ਦੀ ਕੁੱਲ ਲਾਗਤ 1,91,155 ਕਰੋੜ ਰੁਪਏ
ਨਵੀਂ ਦਿੱਲੀ। ਦੇਸ਼ ਦੇ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਸਰਕਾਰ ਨੇ ਅਗਲੀ ਸੂਚੀ ਦੇ ਸ਼ਹਿਰਾਂ ਦਾ ਐਲਾਨ ਕਰ ਦਿੱਤਾ ਹੈ। ਸ਼ਹਿਰੀ ਵਿਕਾਸ ਮੰਤਰੀ ਵੈਂਕਇਆ ਨਾਇਡੂ ਨੇ 30 ਹੋਰ ਸ਼ਹਿਰਾਂ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਨੂੰ ਸਮਾਰਟ ਸਿਟੀ ਤੀਜੇ ਗੇੜ ਦੇ ਤਹਿਤ ਦੱਸਿਆ ਗਿਆ। ਪਹਿਲੇ ਗੇੜ ਵਿੱਚ 20 ਸ਼ਹਿਰਾਂ ਦਾ ਐਲਾਨ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਟੌਪ ‘ਤੇ ਭੁਵਨੈਸ਼ਵਰ ਰਿਹਾ।
ਇਨ੍ਹਾਂ 30 ਸ਼ਹਿਰਾਂ ਦੀ ਚੋਣ ਮੁਕਾਬਲੇਬਾਜ਼ੀ ਦੇ ਅਧਾਰ ‘ਤੇ ਕੀਤੀ ਗਈ ਹੈ। ਇਨ੍ਹਾਂ ਵਿੱਚ ਤਿਰੂਵੰਨਤਪੁਰਮ ਪਹਿਲੇ ਅਤੇ ਨਵਾਂ ਰਾਏਪੁਰ ਦੂਜੇ ਨੰਬਰ ‘ਤੇ ਹੈ। ਯੂਪੀ ਤੋਂ ਇਲਾਹਾਬਾਦ, ਅਲੀਗੜ੍ਹ ਅਤੇ ਝਾਂਸੀ ਨੂੰ ਸਮਾਰਟ ਸਿਟੀ ਲਈ ਚੁਣਿਆ ਗਿਆ ਹੈ। ਵੈਂਕਇਆ ਨਾਇਡੂ ਨੇ ਦੱਸਿਆ ਕਿ ਸਮਾਰਟ ਸਿਟੀਜ਼ ਦੇ ਨਾਲ ਅੰਮ੍ਰਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ 500 ਸ਼ਹਿਰਾਂ ਵਿੱਚ ਵੀ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ 147 ਸ਼ਹਿਰਾਂ ਨੂੰ ਇਨਵੈਸਟਮੈਂਟ ਗਰੇਡ ਵੀ ਮਿਲ ਚੁੱਕੇ ਹਨ। ਦੇਸ਼ ਦੇ 18 ਰਾਜਾਂ ਨੇ ਤਾਂ ਕੰਸਲਟੈਂਟ ਤੱਕ ਨਿਯੁਕਤ ਕਰ ਦਿੱਤੇ ਹਨ, ਤਾਂਕਿ ਪ੍ਰੋਜੈਕਟ ਨੂੰ ਮਾਹਿਰਾਂ ਦੀ ਦੇਖਰੇਖ ਵਿੱਚ ਲਾਗੂ ਕੀਤਾ ਜਾ ਸਕੇ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਨਿੱਜੀ ਖੇਤਰ ਦੀ ਮਨਮਰਜੀ ਰੋਕਣ ਲਈ ਨਵੇਂ ਨਿਯਮ ਅਤੇ ਮਾਪਦੰਡ ਤੈਅ ਕੀਤੇ ਗਏ ਹਨ। ਇਸ ਲਈ ਕੈਬਨਿਟ ਨੇ ਬਿੱਲ ਦਾ ਖਰੜਾ ਮਨਜ਼ੂਰ ਕੀਤਾ ਹੈ ਜਿਸ ਨੂੰ ਸੰਸਦ ਦੇ ਅਗਲੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ। ਚਰਚਾ ਤੋਂ ਬਾਅਦ ਉਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿੱਲ ਮੁਤਾਬਕ ਗਲਤ ਕੰਮ ਕਰਨ ਵਾਲੇ ਠੇਕੇਦਾਰਾਂ ਲਈ ਸਜ਼ਾ ਦੀ ਤਜਵੀਜ਼ ਹੈ, ਪਰ ਇਸ ਬਿੱਲ ਦਾ ਮਕਸਦ ਨਿਯਮਨ ਹੈ ਕਿਸੇ ਦਾ ਨੁਕਸਾਨ ਕਰਨਾ ਨਹੀਂ ਹੈ।