Anti-Naxal Operations: ਨਕਸਲਵਾਦ ਖਿਲਾਫ ਕਾਰਵਾਈ

Anti-Naxal Operations

Anti-Naxal Operations: ਭਾਰਤ ਦੇ ਇਤਿਹਾਸ ਵਿੱਚ ਨਕਸਲਵਾਦ ਇੱਕ ਅਜਿਹਾ ਅਧਿਆਇ ਰਿਹਾ ਹੈ ਜਿਸ ਨੇ ਦਹਾਕਿਆਂ ਤੱਕ ਦੇਸ਼ ਦੀ ਅੰਦਰੂਨੀ ਸ਼ਾਂਤੀ, ਵਿਕਾਸ ਅਤੇ ਕਾਨੂੰਨ-ਪ੍ਰਬੰਧ ਨੂੰ ਚੁਣੌਤੀ ਦਿੱਤੀ। ਕਦੇ ਦੇਸ਼ ਦੀ ਸਭ ਤੋਂ ਵੱਡੀ ਅੰਦਰੂਨੀ ਸੁਰੱਖਿਆ ਸਮੱਸਿਆ ਮੰਨਿਆ ਜਾਣ ਵਾਲਾ ਇਹ ਅੰਦੋਲਨ ਹੁਣ ਆਪਣੇ ਅੰਤ ਵੱਲ ਵਧ ਰਿਹਾ ਹੈ। ਸਾਲ 2010 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨਕਸਲਵਾਦ ਨੂੰ ਭਾਰਤ ਦੀ ਸਭ ਤੋਂ ਗੰਭੀਰ ਘਰੇਲੂ ਚੁਣੌਤੀ ਦੱਸਿਆ ਸੀ, ਪਰ ਅੱਜ ਤਸਵੀਰ ਬਦਲ ਚੁੱਕੀ ਹੈ। ਵਰਤਮਾਨ ਵਿੱਚ ਗ੍ਰਹਿ ਮੰਤਰਾਲੇ ਨੇ 31 ਮਾਰਚ 2026 ਤੱਕ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ ਤੈਅ ਕੀਤਾ ਹੈ।

ਇਹ ਖਬਰ ਵੀ ਪੜ੍ਹੋ : Ladli Behna Yojana: ਮੁੱਖ ਮੰਤਰੀ ਦਾ ਵੱਡਾ ਐਲਾਨ, ਲਾਡਲੀ ਭੈਣਾਂ ਨੂੰ ਹਰ ਮਹੀਨੇ ਮਿਲਣਗੇ 1,500 ਰੁਪਏ

ਗ੍ਰਹਿ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2025 ਵਿੱਚ 836 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 1,639 ਨਕਸਲੀਆਂ ਨੇ ਆਤਮ ਸਮਰਪਣ ਕਰਕੇ ਮੁੱਖਧਾਰਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਆਤਮ ਸਮਰਪਣ ਕਰਨ ਵਾਲਿਆਂ ਵਿੱਚ ਸੰਗਠਨ ਦੇ ਉੱਚ ਅਹੁਦਿਆਂ ’ਤੇ ਰਹੇ ਆਗੂ ਵੀ ਸ਼ਾਮਲ ਹਨ। ਬੀਤੇ ਕੁਝ ਮਹੀਨਿਆਂ ਵਿੱਚ ਛੱਤੀਸਗੜ੍ਹ, ਮਹਾਰਾਸ਼ਟਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਸੈਂਕੜੇ ਨਕਸਲੀਆਂ ਨੇ ਆਤਮ ਸਮਰਪਣ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਹਿੰਸਾ ਦਾ ਰਾਹ ਹੁਣ ਬੀਤੇ ਦੌਰ ਦੀ ਗੱਲ ਹੋ ਗਈ ਹੈ। ਸਿਰਫ਼ ਅਕਤੂਬਰ 2025 ਵਿੱਚ ਹੀ ਬਸਤਰ, ਬੀਜਾਪੁਰ, ਗੜ੍ਹਚਿਰੌਲੀ ਅਤੇ ਜਗਦਲਪੁਰ ਵਰਗੇ ਇਲਾਕਿਆਂ ਵਿੱਚ 300 ਤੋਂ ਵੱਧ ਨਕਸਲੀਆਂ ਨੇ ਹਥਿਆਰ ਸੁੱਟ ਦਿੱਤੇ। Anti-Naxal Operations

ਇਨ੍ਹਾਂ ਵਿੱਚ ਸੰਗਠਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਵੀ ਸ਼ਾਮਲ ਸਨ। ਇਹ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਹੁਣ ਨਕਸਲਵਾਦ ਆਪਣੇ ਅੰਤਮ ਪੜਾਅ ਵਿੱਚ ਪਹੁੰਚ ਚੁੱਕਾ ਹੈ।ਨਕਸਲਵਾਦ ਦੀ ਸ਼ੁਰੂਆਤ 1967 ਵਿੱਚ ਪੱਛਮੀ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ ਹੋਈ ਸੀ, ਜਦੋਂ ਬੇਜ਼ਮੀਨੇ ਕਿਸਾਨਾਂ ਅਤੇ ਆਦਿਵਾਸੀਆਂ ਨੇ ਜ਼ਿਮੀਦਾਰਾਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਵਿਰੁੱਧ ਅਵਾਜ਼ ਉਠਾਈ। ਇਹ ਅੰਦੋਲਨ ਹੌਲੀ-ਹੌਲੀ ਹਥਿਆਰਬੰਦ ਲੜਾਈ ਵਿੱਚ ਬਦਲ ਗਿਆ। ਸਾਲ 2004 ਵਿੱਚ ਪੀਪੁਲਜ਼ ਵਾਰ ਗਰੁੱਪ ਅਤੇ ਐਮਸੀਸੀ ਦੇ ਰਲੇਵੇਂ ਨਾਲ ਸੀਪੀਆਈ (ਮਾਓਵਾਦੀ) ਦਾ ਗਠਨ ਹੋਇਆ। ਇੱਕ ਸਮਾਂ ਅਜਿਹਾ ਸੀ ਜਦੋਂ ਇਹ ਸੰਗਠਨ ਆਂਧਰਾ ਪ੍ਰਦੇਸ਼ ਤੋਂ ਲੈ ਕੇ ਝਾਰਖੰਡ ਤੱਕ ਆਪਣੇ ਪ੍ਰਭਾਵ ਦਾ ਵਿਸਥਾਰ ਕਰ ਚੁੱਕਾ ਸੀ। Anti-Naxal Operations

ਪਰ ਅੱਜ ਇਨ੍ਹਾਂ ਦੀਆਂ ਗਤੀਵਿਧੀਆਂ ਸਿਰਫ਼ ਕੁਝ ਗਿਣਵੇਂ ਜ਼ਿਲ੍ਹਿਆਂ ਤੱਕ ਸੀਮਤ ਰਹਿ ਗਈਆਂ ਹਨ। ਸਰਕਾਰ ਅਤੇ ਸੁਰੱਖਿਆ ਬਲਾਂ ਦੇ ਨਿਰੰਤਰ ਯਤਨਾਂ, ਖੁਫੀਆ ਨੈੱਟਵਰਕ ਅਤੇ ਵਿਕਾਸਸ਼ੀਲ ਯੋਜਨਾਵਾਂ ਕਾਰਨ ਅੱਜ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 126 ਤੋਂ ਘਟ ਕੇ ਸਿਰਫ਼ 11 ਰਹਿ ਗਈ ਹੈ। ਇਨ੍ਹਾਂ ਵਿੱਚ ਛੱਤੀਸਗੜ੍ਹ ਦੇ ਬੀਜਾਪੁਰ, ਸੁਕਮਾ ਅਤੇ ਨਾਰਾਇਣਪੁਰ ਵਰਗੇ ਇਲਾਕੇ ਪ੍ਰਮੁੱਖ ਹਨ। ਨਕਸਲਵਾਦ ਦੇ ਕਮਜ਼ੋਰ ਪੈਣ ਪਿੱਛੇ ਕਈ ਕਾਰਨ ਹਨ। ਸਭ ਤੋਂ ਪਹਿਲਾਂ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਚਲਾਏ ਜਾ ਰਹੇ ਅਪਰੇਸ਼ਨ ਨੇ ਨਕਸਲੀਆਂ ਦੇ ਨੈਟਵਰਕ ਨੂੰ ਤੋੜ ਦਿੱਤਾ। ਸਰਕਾਰ ਦੀ ਆਤਮ ਸਮਰਪਣ ਅਤੇ ਪੁਨਰਵਾਸ ਨੀਤੀ ਨੇ ਉਨ੍ਹਾਂ ਨੌਜਵਾਨਾਂ ਨੂੰ ਨਵਾਂ ਜੀਵਨ ਦਿੱਤਾ ਜਿਨ੍ਹਾ ਕਦੇ ਹਥਿਆਰ ਚੁੱਕ ਚੁੱਕੇ ਸਨ। Anti-Naxal Operations

ਆਤਮ ਸਮਰਪਣ ਕਰਨ ਵਾਲਿਆਂ ਨੂੰ ਆਰਥਿਕ ਸਹਾਇਤਾ, ਸਿਖਲਾਈ ਅਤੇ ਰੁਜ਼ਗਾਰ ਦੇ ਮੌਕੇ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਸਮਾਜ ਦੀ ਮੁੱਖਧਾਰਾ ਵਿੱਚ ਸਨਮਾਨ ਨਾਲ ਜੀਵਨ ਜੀ ਸਕਣ। ਕਈ ਸਾਬਕਾ ਨਕਸਲੀ ਅੱਜ ਪਿੰਡਾਂ ਵਿੱਚ ਅਧਿਆਪਕ, ਕਿਸਾਨ ਅਤੇ ਸਮਾਜਿਕ ਕਾਰਜਕਰਤਾ ਦੇ ਰੂਪ ਵਿੱਚ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਦੇ ਰਹੇ ਹਨ। ਇਸ ਦੇ ਨਾਲ ਹੀ ਰਾਜ ਸਰਕਾਰਾਂ ਨੇ ਵੀ ਸਿੱਖਿਆ, ਸਿਹਤ ਅਤੇ ਸੜਕ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਉਨ੍ਹਾਂ ਇਲਾਕਿਆਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਹੈ, ਜਿੱਥੇ ਪਹਿਲਾਂ ਸਰਕਾਰ ਦੀ ਪਹੁੰਚ ਵੀ ਨਹੀਂ ਸੀ। ਅਬੂਝਮਾੜ ਅਤੇ ਉੱਤਰੀ ਬਸਤਰ ਵਰਗੇ ਖੇਤਰ, ਜੋ ਕਦੇ ਨਕਸਲੀ ਅੱਤਵਾਦ ਦੇ ਗੜ੍ਹ ਮੰਨੇ ਜਾਂਦੇ ਸਨ।

ਹੁਣ ਵਿਕਾਸ ਦੀ ਨਵੀਂ ਕਹਾਣੀ ਲਿਖ ਰਹੇ ਹਨ। ਉੱਥੇ ਸਕੂਲ ਖੁੱਲ੍ਹ ਰਹੇ ਹਨ, ਸੜਕਾਂ ਬਣ ਰਹੀਆਂ ਹਨ ਅਤੇ ਲੋਕ ਰੁਜ਼ਗਾਰ ਦੇ ਨਵੇਂ ਮੌਕਿਆਂ ਨਾਲ ਜੁੜ ਰਹੇ ਹਨ। ਇਹੀ ਅਸਲੀ ਬਦਲਾਅ ਹੈ ਜਿਸ ਨੇ ਨਕਸਲਵਾਦ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਕਿਹਾ ਕਿ ਪਿਛਲੇ 75 ਘੰਟਿਆਂ ਵਿੱਚ 303 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ, ਇਹ ਕੋਈ ਸਾਧਾਰਨ ਘਟਨਾ ਨਹੀਂ ਹੈ। ਇਹ ਬਿਆਨ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ ਉਸ ਨਵੀਂ ਸੋਚ ਦਾ ਪ੍ਰਤੀਕ ਹੈ ਜੋ ਹਿੰਸਾ ਦੀ ਬਜਾਏ ਸੰਵਾਦ ਅਤੇ ਵਿਕਾਸ ਤੇ ਵਿਸ਼ਵਾਸ ਕਰਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਪੱਸ਼ਟ ਕੀਤਾ ਹੈ। Anti-Naxal Operations

ਕਿ ਮਾਰਚ 2026 ਤੱਕ ਦੇਸ਼ ਨੂੰ ਨਕਸਲਵਾਦ ਮੁਕਤ ਬਣਾਉਣਾ ਸਰਕਾਰ ਦਾ ਸੰਕਲਪ ਹੈ, ਅਤੇ ਹੁਣ ਇਹ ਟੀਚਾ ਦੂਰ ਨਹੀਂ। ਦਰਅਸਲ, ਨਕਸਲਵਾਦ ਜਿਸ ਵਿਚਾਰ ਨਾਲ ਸ਼ੁਰੂ ਹੋਇਆ ਸੀ, ਉਹ ਸਮਾਜਿਕ ਨਿਆਂ ਅਤੇ ਸਮਾਨਤਾ ਦੀ ਗੱਲ ਕਰਦਾ ਸੀ, ਪਰ ਸਮੇਂ ਨਾਲ ਇਹ ਵਿਚਾਰ ਹਿੰਸਾ ਅਤੇ ਸੱਤਾ ਦੀ ਲੜਾਈ ਵਿੱਚ ਬਦਲ ਗਿਆ। ਜਿਨ੍ਹਾਂ ਆਦਿਵਾਸੀਆਂ ਅਤੇ ਗਰੀਬ ਕਿਸਾਨਾਂ ਦੇ ਹੱਕਾਂ ਦੀ ਗੱਲ ਇਸ ਅੰਦੋਲਨ ਨੇ ਕੀਤੀ ਸੀ, ਉਹੀ ਲੋਕ ਇਸ ਦੇ ਸਭ ਤੋਂ ਵੱਡੇ ਸ਼ਿਕਾਰ ਬਣੇ। ਨਕਸਲੀਆਂ ਨੇ ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਦੇ ਨਿਰਮਾਣ ਦਾ ਵਿਰੋਧ ਕੀਤਾ, ਜਿਸ ਨਾਲ ਵਿਕਾਸ ਦੀ ਰਫਤਾਰ ਰੁਕ ਗਈ। Anti-Naxal Operations

ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਅੱਜ ਉਹੀ ਖੇਤਰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਕੇਂਦਰ ਬਣ ਰਹੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੁਣ ਨਕਸਲਵਾਦ ਆਪਣੇ ਅੰਤ ਵੱਲ ਹੈ। ਦੇਸ਼ ਦੇ ਹਰ ਹਿੱਸੇ ਵਿੱਚ ਸ਼ਾਂਤੀ, ਵਿਕਾਸ ਅਤੇ ਤਰੱਕੀ ਦੀ ਨਵੀਂ ਹਵਾ ਵਗ ਰਹੀ ਹੈ। ਜੋ ਨੌਜਵਾਨ ਕਦੇ ਬੰਦੂਕ ਚੁੱਕਣ ਲਈ ਮਜਬੂਰ ਸਨ, ਅੱਜ ਕੰਪਿਊਟਰ ਅਤੇ ਕਿਤਾਬਾਂ ਚੁੱਕ ਰਹੇ ਹਨ। ਇਹ ਬਦਲਾਅ ਸਿਰਫ਼ ਨੀਤੀਆਂ ਦਾ ਨਤੀਜਾ ਨਹੀਂ, ਸਗੋਂ ਇੱਕ ਭਾਰਤ ਦੀ ਸੋਚ ਦਾ ਪ੍ਰਤੀਕ ਹੈ ਜੋ ਹਰ ਨਾਗਰਿਕ ਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੁੰਦਾ ਹੈ। ਹੁਣ ਜ਼ਰੂਰਤ ਹੈ ਕਿ ਜੋ ਬਾਕੀ ਇਲਾਕੇ ਨਕਸਲਵਾਦ ਦੀ ਛਾਇਆ ਵਿੱਚ ਹਨ, ਉੱਥੇ ਵਿਕਾਸ ਦੀ ਰੌਸ਼ਨੀ ਹੋਰ ਡੂੰਘਾਈ ਨਾਲ ਪਹੁੰਚੇ।

ਸਰਕਾਰ, ਸਮਾਜ ਅਤੇ ਮੀਡੀਆ ਨੂੰ ਮਿਲ ਕੇ ਉਨ੍ਹਾਂ ਲੋਕਾਂ ਦੀ ਅਵਾਜ਼ ਬਣਨਾ ਹੋਵੇਗਾ ਜੋ ਹੁਣ ਸਾਧਾਰਨ ਜੀਵਨ ਜਿਉਣਾ ਚਾਹੁੰਦੇ ਹਨ। ਜਦੋਂ ਅੰਤਮ ਬੰਦੂਕ ਵੀ ਖਾਮੋਸ਼ ਹੋ ਜਾਵੇਗੀ, ਤਦੋਂ ਇਹ ਦੇਸ਼ ਨਾ ਸਿਰਫ਼ ਨਕਸਲਵਾਦ ਤੋਂ ਮੁਕਤ ਹੋਵੇਗਾ, ਸਗੋਂ ਇੱਕ ਅਜਿਹੀ ਰਾਸ਼ਟਰੀ ਕਹਾਣੀ ਲਿਖੇਗਾ ਜਿਸ ਵਿੱਚ ਹਿੰਸਾ ਦੀ ਥਾਂ ਸੰਵਾਦ ਅਤੇ ਡਰ ਦੀ ਥਾਂ ਵਿਸ਼ਵਾਸ ਹੋਵੇਗਾ। ਨਿਸ਼ਚਿਤ ਰੂਪ ਵਿੱਚ, ਅੱਜ ਭਾਰਤ ਨਕਸਲਵਾਦ ਦੇ ਯੁੱਗ ਤੋਂ ਨਿਕਲ ਕੇ ਸ਼ਾਂਤੀ ਅਤੇ ਵਿਕਾਸ ਦੇ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇਹ ਨਵੀਂ ਸਵੇਰ ਨਾ ਸਿਰਫ਼ ਨੀਤੀਆਂ ਦੀ ਜਿੱਤ ਹੈ, ਸਗੋਂ ਉਸ ਅਡਿੱਗ ਰਾਸ਼ਟਰੀ ਭਾਵਨਾ ਦੀ ਵੀ ਹੈ ਜੋ ਕਦੇ ਹਾਰ ਨਹੀਂ ਮੰਨਦੀ। ਨਕਸਲਵਾਦ ਹੁਣ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਣ ਦੀ ਤਿਆਰੀ ਕਰ ਰਿਹਾ ਹੈ- ਅਤੇ ਭਾਰਤ ਅੱਗੇ ਵਧਣ ਦੀ ਨਵੀਂ ਕਹਾਣੀ ਲਿਖ ਰਿਹਾ ਹੈ। Anti-Naxal Operations

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰੋਹਿਤ ਮਹੇਸ਼ਵਰੀ