ਕਿਸਾਨੀ ਅੰਦੋਲਨ ’ਚ ਇੱਕ ਹੋਰ ਨੌਜਵਾਨ ਦੀ ਹੋਈ ਮੌਤ

 

ਦੋ ਭੈਣਾਂ ਦਾ ਇਕਲੌਤਾ ਭਰਾ ਸੀ ਨੌਜਵਾਨ ਕਿਸਾਨ

(ਤਰੁਣ ਕੁਮਾਰ ਸ਼ਰਮਾ) ਨਾਭਾ। ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ਉੱਤੇ ਸਿਖਰਾਂ ਉੱਤੇ ਚੱਲ ਰਹੇ ਕਿਸਾਨੀ ਅੰਦੋਲਨ ਦੀ ਭੇਂਟ ਚੜ੍ਹਨ ਵਾਲੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਤਾਜ਼ਾ ਘਟਨਾਕ੍ਰਮ ਦੀ ਜਾਣਕਾਰੀ ਅਨੁਸਾਰ ਕਿਸਾਨੀ ਅੰਦੋਲਨ ਦੀ ਭੇਂਟ ਇੱਕ ਹੋਰ ਨੌਜਵਾਨ ਕਿਸਾਨ ਚੜ੍ਹ ਗਿਆ। ਜਾਣਕਾਰੀ ਅਨੁਸਾਰ ਸਬ ਡਵੀਜਨ ਨਾਭਾ ਦੇ ਪਿੰਡ ਇੱਛੇਵਾਲ ਦਾ 27 ਸਾਲਾਂ ਵਿਕਾਸ ਕੁਮਾਰ ਪੁੱਤਰ ਅਸ਼ੋਕ ਕੁਮਾਰ ਬੀਤੇ ਦਿਨੀਂ ਹੀ ਸਿਹਤ ਖਰਾਬ ਹੋਣ ਕਾਰਨ ਕਿਸਾਨੀ ਅੰਦੋਲਨ ਤੋਂ ਵਾਪਸ ਮੁੜਿਆ ਸੀ ਜਿਸ ਦੀ ਬੀਤੀ ਰਾਤ ਕਥਿਤ ਰੂਪ ’ਚ ਹਾਰਟ ਅਟੈਕ ਹੋਣ ਕਾਰਨ ਮੌਤ ਹੋ ਗਈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਹੀ ਬਾਸ਼ਿੰਦਿਆਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਮਿ੍ਰਤਕ ਨੌਜਵਾਨ ਕਿਸਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਅਣਵਿਆਹੁਤਾ ਸੀ। ਪਰਿਵਾਰ ਕੋਲ ਇੱਕ ਕਿੱਲਾ ਜ਼ਮੀਨ ਹੈ ਜਦਕਿ ਪਰਿਵਾਰ ਉੱਤੇ ਦੱਸ ਲੱਖ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ। ਪਿੰਡ ਵਾਲਿਆਂ ਅਤੇ ਮਿ੍ਰਤਕ ਕਿਸਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿਕਾਸ ਕਿਸਾਨੀ ਅੰਦੋਲਨ ਵਿਚ ਸ਼ੁਰੂ ਤੋਂ ਹੀ ਪੂਰੀ ਤਰ੍ਹਾਂ ਸਰਗਰਮ ਸੀ ਜੋ ਕੇ ਦੁੱਧ ਵਾਲੀ ਗੱਡੀ ਵਿੱਚ ਜਿੱਥੇ ਦੁੱਧ ਦੀ ਸੇਵਾ ਕਿਸਾਨੀ ਅੰਦੋਲਨ ਦੌਰਾਨ ਨਿਭਾ ਰਿਹਾ ਸੀ ਉੱਥੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਨੂੰ ਮੁਫਤ ਲਿਜਾਂਦਾ ਸੀ।

ਮਿ੍ਰਤਕ ਕਿਸਾਨ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਮਾਹੌਲ ਪੂਰੀ ਤਰ੍ਹਾਂ ਗਮਗੀਨ ਹੋ ਗਿਆ ਸੀ। ਮਿ੍ਰਤਕ ਕਿਸਾਨ ਦੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਇਸ ਮੌਕੇ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਉੱਤੇ ਸਰਕਾਰੀ ਅਤੇ ਅਰਧ ਸਰਕਾਰੀ ਕਰਜੇ ਦੀ ਮਾਰ ਨੂੰ ਹਟਾ ਕੇ ਸਰਕਾਰ ਵੱਲੋਂ ਜਾਰੀ ਪਾਲਿਸੀਆਂ ਅਨੁਸਾਰ ਮਦਦ ਕੀਤੀ ਜਾਵੇ ਅਤੇ ਕਿਸੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ