ਮਿਲਾਵਟੀ ਦੁੱਧ ਵਿਚਲੀ ਯੂਰੀਆ ਦਾ ਪਤਾ ਲਗਾਉਣ ਵਾਲੇ ਬਾਇਓ-ਸੈਂਸਰ ਯੰਤਰ ਬਾਰੇ ਪੇਟੈਂਟ ਹਾਸਿਲ ਹੋਇਆ
ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਮਾਣ ਵਾਲੀ ਗੱਲ ਹੈ ਕਿ ‘ਬਾਇਓਸੈਂਸਰ ਡਿਵਾਈਸ ਐਂਡ ਮੈਥਡ ਫਰੋਮ ਐਸਟੀਮੇਸ਼ਨ ਅਫ਼ ਯੂਰੀਆ’ ਭਾਵ ਯੂਰੀਆ ਦੀ ਮਾਤਰਾ ਪਤਾ ਲਗਾਉਣ ਲਈ ਬਾਇਓ-ਸੈਂਸਰ ਯੰਤਰ ਨੂੰ ਇੰਡੀਅਨ ਪੇਟੈਂਟ ਹਾਸਿਲ ਹੋਇਆ ਹੈ। ਡਾ. ਮਿੰਨੀ ਸਿੰਘ ਦੀ ਅਗਵਾਈ ਵਾਲੀ ਖੋਜ ਟੀਮ, ਜਿਸ ਵਿੱਚ ਕਿ ਬਾਇਓਟੈਕਨੌਲਜੀ ਵਿਭਾਗ ਤੋਂ ਡਾ. ਨੀਲਮ ਅਤੇ ਡਾ. ਵਰੁਣ ਠੱਕਰ ਸ਼ਾਮਿਲ ਹਨ, ਵੱਲੋਂ ਤਿਆਰ ਕੀਤੀ ਇਸ ਤਕਨੀਕ ਅਤੇ ਉਪਕਰਨ ਜ਼ਰੀਏ ਦੁੱਧ ਵਿੱਚ ਮਿਲੀ ਹੋਈ ਯੂਰੀਆ ਦੀ ਮਾਤਰਾ ਨੂੰ ਲੱਭਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਮਿਲਾਵਟਖੋਰਾਂ ਵੱਲੋਂ ਸਿੰਥੈਟਿਕ ਦੁੱਧ ਬਣਾਉਣ ਲਈ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਇਸ ਤਕਨੀਕ ਨਾਲ ਜਲਦੀ ਅਤੇ ਸੌਖੇ ਤਰੀਕੇ ਨਾਲ ਅਜਿਹੀ ਮਿਲਾਵਟ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਇਸ ਸੰਬੰਧੀ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਗਿਆ ਕਿ ਪੰਜਾਬੀ ਯੂਨੀਵਰਸਿਟੀ ਅਜਿਹੀਆਂ ਇਤਿਹਾਸਿਕ ਪ੍ਰਾਪਤੀਆਂ ਨਾਲ ਨਿੱਤ ਦਿਨ ਨਵੇਂ ਦਿਸਹੱਦੇ ਸਿਰਜ ਰਹੀ ਹੈ।
ਉਨ੍ਹਾਂ ਸਮੁੱਚੀ ਖੋਜ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪਹਿਲਾਂ ਹਲਦੀ ਨੂੰ ਘੁਲਣਸ਼ੀਲ ਬਣਾਉਣ ਹਿੱਤ ਕੀਤੀ ਖੋਜ ਅਤੇ ਹੁਣ ਇਸ ਦੁੱਧ ਵਿਚਲੀ ਯੂਰੀਆ ਦੀ ਮਿਲਾਵਟ ਸੰਬੰਧੀ ਪਰਖ ਬਾਰੇ ਖੋਜ ਕਰਕੇ ਸਿੱਧ ਕਰ ਦਿੱਤਾ ਹੈ ਕਿ ਇਹ ਯੂਨੀਵਰਸਿਟੀ ਸਮਾਜ ਦੀ ਭਲਾਈ ਵਿੱਚ ਵਿੱਦਿਅਕ ਅਦਾਰਿਆਂ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਦੇ ਸੰਕਲਪ ਦੀ ਪੱਕੇ ਤੌਰ ‘ਤੇ ਧਾਰਨੀ ਹੈ।
ਯੋਜਨਾ ਅਤੇ ਨਿਰੀਖਣ ਮਾਮਲਿਆਂ ਬਾਰੇ ਡਾਇਰੈਕਟਰ ਡਾ. ਅਸ਼ੋਕ ਮਲਿਕ, ਜੋ ਕਿ ਇੰਟਲੈਕਚੁਅਲ ਪ੍ਰੌਪਰਟੀ ਰਾਈਟਸ ਐਂਡ ਟੈਕਨੌਲਜੀ ਟਰਾਂਸਫਰ ਸੈੱਲ ਦੇ ਕੋਆਰਡੀਨੇਟਰ ਵੀ ਹਨ, ਨੇ ਇਸ ਤਾਜ਼ਾ ਪ੍ਰਾਪਤੀ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਪੇਟੈਂਟ ਹਾਸਿਲ ਕਰਨ, ਖੋਜ ਨੂੰ ਪ੍ਰਕਾਸ਼ਿਤ ਕਰਵਾਉਣ ਅਤੇ ਲੋਕਾਂ ਤੱਕ ਲੈ ਜਾਣ ਵਿੱਚ ਪੰਜਾਬੀ ਯੂਨੀਵਰਸਿਟੀ ਇੱਕ ਅਹਿਮ ਭੂਮਿਕਾ ਨਿਭਾ ਰਹੀ ਹੈ।