ਅਫੀਮ ਸਮੇਤ ਕਾਬੂ ਕੀਤੇ ਵਿਅਕਤੀ ਤੋਂ ਪੁੱਛ-ਗਿੱਛ ਕਰਕੇ 4 ਕਿੱਲੋ ਅਫੀਮ ਹੋਰ ਬਰਾਮਦ Opium Recovered
(ਸਤਪਾਲ ਥਿੰਦ) ਫਿਰੋਜ਼ਪੁਰ। ਬੀਤੇ ਦਿਨ ਫਿਰੋਜ਼ਪੁਰ ਪੁਲਿਸ ਵੱਲੋਂ 6 ਕਿਲੋ ਅਫੀਮ ਸਮੇਤ ਕਾਬੂ ਕੀਤੇ ਇੱਕ ਵਿਅਕਤੀ ਤੋਂ ਪੁੱਛ ਗਿੱਛ ਦੌਰਾਨ 4 ਕਿੱਲੋ ਹੋਰ ਅਫੀਮ ਬਰਾਮਦ (Opium Recovered) ਕੀਤੀ ਗਈ ਹੈ ਇਸ ਸਬੰਧੀ ਐਸਐਸਪੀ ਫਿਰੋਜ਼ਪੁਰ ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਕਮਿਸ਼ਨ ਭਾਰਤ ਸਰਕਾਰ, ਮੁੱਖ ਚੋਣ ਅਫਸਰ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਚੋਣਾਂ ਦੇ ਸਬੰਧ ਵਿੱਚ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਮੁਹਿੰਮ ਤਹਿਤ ਸਪੈਸ਼ਲ ਨਾਕਾਬੰਦੀਆਂ ਅਤੇ ਗਸਤਾਂ ਚੱਲ ਰਹੀਆਂ ਹਨ।
ਜਿਸ ਵਿੱਚ ਜਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਮਨਵਿੰਦਰ ਸਿੰਘ, ਕਪਤਾਨ ਪੁਲਿਸ (ਇੰਨਵ) ਫਿਰੋਜ਼ਪੁਰ, ਸੰਦੀਪ ਸਿੰਘ, ਉਪ ਕਪਤਾਨ ਪੁਲਿਸ (ਸਡ) ਜ਼ੀਰਾ ਦੀ ਨਿਗਰਾਨੀ ਤੇ ਇੰਸਪੈਕਟਰ ਜਸਵਿੰਦਰ ਸਿੰਘ, ਮੁੱਖ ਅਫਸਰ ਥਾਣਾ ਮੱਖੂ ਦੀ ਰਹਿਨੁਮਾਈ ਹੇਠ ਐਸ.ਆਈ ਨਰਿੰਦਰਪਾਲ ਸਿੰਘ, ਇੰਚਾਰਜ ਪੁਲਿਸ ਚੌਕੀ ਜੋਗੇ ਵਾਲਾ ਥਾਣਾ ਮੱਖੂ ਸਮੇਤ ਪੁਲਿਸ ਪਾਰਟੀ ਵੱਲੋਂ ਗਸਤ ਦੌਰਾਨ ਕੱਸੂ ਵਾਲਾ ਮੋੜ ਤੇ ਗੁਰਜੀਤ ਸਿੰਘ ਉਰਫ ਜੀਤਾ ਪੁੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਆਈਆ ਖੁਸਰਪੁਰ, ਕਪੂਰਥਲਾ ਨੂੰ ਕਾਬੂ ਕਰਕੇ ਉਸ ਪਾਸੋਂ 6 ਕਿਲੋ ਅਫੀਮ ਬਰਾਮਦ ਕੀਤੀ ਗਈ ਸੀ।
ਜਿਸ ਸਬੰਧੀ ਮੁਕੱਦਮਾ ਦਰਜ ਕਰਕੇ ਅੱਗੇ ਤਫਤੀਸ ਸ਼ੁਰੂ ਕੀਤੀ ਗਈ ਸੀ। ਐੱਸ.ਐੱਸ.ਪੀ. ਫਿਰੋਜਪੁਰ ਨੇ ਦੱਸਿਆ ਕਿ ਉਪਰੋਕਤ ਟੀਮ ਦੀ ਨਿਗਰਾਨੀ ਹੇਠ ਕਾਰਵਾਈ ਕਰਦਿਆਂ ਐਸ.ਆਈ. ਨਰਿੰਦਰਪਾਲ ਸਿੰਘ ਵਲੋਂ ਉਕਤ ਮੁਲਜਮ ਨੂੰ ਅਦਾਲਤ ਪੇਸ਼ ਕਰਕੇ ਉਸਦਾ 6 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਗੁਰਜੀਤ ਸਿੰਘ ਪਾਸੋਂ ਸਖਤੀ ਨਾਲ ਪੁੱਛ-ਗਿੱਛ ਕਰਨ ’ਤੇ ਉਸ ਵੱਲੋਂ ਕੀਤੇ ਗਏ ਇੰਕਸਾਫ ਦੇ ਆਧਾਰ ’ਤੇ ਗੁਰਜੀਤ ਸਿੰਘ ਦੇ ਘਰੋਂ 4 ਕਿਲੋ ਹੋਰ ਅਫੀਮ ਬ੍ਰਾਮਦ ਹੋਈ ਹੈ। ਇਸ ਤਰ੍ਹਾਂ ਗੁਰਜੀਤ ਸਿੰਘ ਪਾਸੋਂ ਹੁਣ ਤੱਕ ਕੁੱਲ 10 ਕਿਲੋ ਅਫੀਮ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਗੁਰਜੀਤ ਸਿੰਘ ਪੁਲਿਸ ਰਿਮਾਂਡ ’ਤੇ ਹੈ, ਜਿਸ ਪਾਸੋਂ ਪੁੱਛ-ਗਿੱਛ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ