ਜੇਕਰ ਹਾਲੇ ਵੀ ਤਾਂ ਸੁਣੀ ਤਾਂ ਇਹ ਕਾਫ਼ਲਾ ‘ਰਾਜੇ’ ਦੇ ਮਹਿਲਾਂ ਵੱਲ ਜਾਵੇਗਾ : ਮਾਪੇ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਨਿੱਜੀ ਸਕੂਲਾਂ ਵੱਲੋਂ ਲਗਾਤਾਰ ਮੰਗੀਆਂ ਜਾ ਰਹੀਆਂ ਫੀਸਾਂ ਤੋਂ ਤੰਗ ਆਏ ਵੱਖ-ਵੱਖ ਜ਼ਿਲ੍ਹਿਆਂ ਦੇ ਸੈਂਕੜੇ ਮਾਪਿਆਂ ਨੇ ਪੰਜਾਬ ਪੇਰੈਂਟਸ ਐਸੋਸੀਏਸ਼ਨ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ
ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਤੋਂ ਪਹਿਲਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸੈਂਕੜੇ ਮਾਪਿਆਂ ਨੇ ਧੂਰੀ ਰੋਡ ਆਰਓਬੀ ਦੇ ਹੇਠਾਂ ਇਕ ਵੱਡਾ ਇਕੱਠ ਕਰਕੇ ਧਰਨਾ ਦਿੱਤਾ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਥਾਵਾਂ ਤੋਂ ਆਏ ਮਾਪਿਆਂ ਨੇ ਸਿੱਧਾ ਦੋਸ਼ ਲਾਇਆ ਕਿ ਸਰਕਾਰ ਪ੍ਰਾਈਵੇਟਾਂ ਸਕੂਲਾਂ ਦੇ ਹੱਕ ਵਿੱਚ ਬੈਠ ਗਈ ਹੈ ਜਿਸ ਕਾਰਨ ਸਕੂਲਾਂ ਵਾਲਿਆਂ ਨੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੀ ਤੰਗ ਪ੍ਰੇਸ਼ਾਨ ਕਰਨਾ ਆਰੰਭ ਕਰ ਦਿੱਤਾ ਹੈ
ਉਨ੍ਹਾਂ ਕਿਹਾ ਕੋਰੋਨਾ ਦੀ ਮਹਾਂਮਾਰੀ ਕਾਰਨ ਜਿੱਥੇ ਸਮੁੱਚੇ ਵਿਸ਼ਵ ਵਿੱਚ ਆਰਥਿਕ ਮੰਦੀ ਪੈ ਗਈ ਹੈ, ਅਜਿਹੇ ਮਾਹੌਲ ਵਿੱਚ ਪ੍ਰਾਈਵੇਟ ਸਕੂਲਾਂ ਵਾਲੇ ਮਾਪਿਆਂ ‘ਤੇ ਲਗਾਤਾਰ ਬੋਝ ਵਧਾ ਰਹੇ ਹਨ ਸਕੂਲੀ ਫੀਸਾਂ, ਬਿਲਡਿੰਗ ਫੰਡਾਂ ਦੇ ਨਾਂਅ ‘ਤੇ ਮੋਟੀਆਂ ਰਕਮਾਂ ਵਸੂਲੀਆਂ ਜਾ ਰਹੀਆਂ ਹਨ ਇੱਕ ਮਾਪੇ ਨੇ ਸਟੇਜ਼ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਉਸ ਨੇ ਆਪਣੇ ਬੱਚਿਆਂ ਦੀ ਫੀਸ ਦਾ 48 ਹਜ਼ਾਰ ਰੁਪਏ ਕਰਜ਼ਾ ਚੁੱਕ ਕੇ ਆਪਣੇ ਬੱਚੇ ਦੀ ਫੀਸ ਭਰੀ ਹੈ ਉਸ ਨੇ ਕਿਹਾ ਕਿ ਉਸ ਨੂੰ ਹੁਣ ਇਹ ਡਰ ਸਤਾ ਰਿਹਾ ਹੈ ਕਿ ਉਹ ਅਗਲੇ ਸੈਸ਼ਨ ਦੀ ਫੀਸ ਕਿਵੇਂ ਭਰੇਗਾ ਕਿਉਂਕਿ ਸਕੂਲ ਹਾਲੇ ਖੁੱਲ੍ਹਣ ਦੇ ਹਾਲਤ ਵਿੱਚ ਨਹੀਂ ਹਨ
ਮਾਪਿਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਇਸ ਮਾਮਲੇ ਵਿੱਚ ਸਕੂਲਾਂ ਵਾਲਿਆਂ ਦਾ ਪੱਖ ਪੂਰਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਣ ਬੁੱਝ ਕੇ ਹਾਈਕੋਰਟ ਵਿੱਚ ਕੇਸ ਕਮਜ਼ੋਰ ਕਰਕੇ ਸਕੂਲ ਮਾਲਕਾਂ ਦੇ ਹੱਕ ਵਿੱਚ ਡੱਕਾ ਸੁੱਟ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਗਰੀਬ ਵਿਅਕਤੀਆਂ ਦੇ ਹੱਕ ਵਿੱਚ ਕੋਈ ਖੜ੍ਹਾ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਉਨ੍ਹਾਂ ਨੂੰ ਨਿਆਂ ਮਿਲਣ ਦੀ ਕੋਈ ਉਮੀਦ ਲੱਗ ਰਹੀ ਹੈ ਮਾਪਿਆਂ ਨੇ ਕਿਹਾ ਕਿ ਇਹ ਸੰਕੇਤਕ ਧਰਨਾ ਹੈ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਕਾਫ਼ਲੇ ਦਾ ਰੁਖ਼ ਪਟਿਆਲੇ ਵੱਲ ਹੋਵੇਗਾ
ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਸਕੂਲ ਮਾਲਕਾਂ ਦੇ ਹਿੱਤ ਪੂਰ ਰਹੀ ਹੈ ਜਿਸ ਕਾਰਨ ਉਸ ਨੂੰ ਲੱਖਾਂ ਮਾਪਿਆਂ ਦੇ ਦਰਦ ਦਾ ਅਹਿਸਾਸ ਨਹੀਂ ਹੋ ਰਿਹਾ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਇੱਕ ਪਾਸੇ ਜਿੱਥੇ ਪੂਰੇ ਮੁਲਖ਼ ਦੇ ਲੋਕ ਕੱਖਾਂ ਤੋਂ ਹੌਲੇ ਹੋ ਗਏ, ਉੱਥੇ ਪ੍ਰਾਈਵੇਟ ਸਕੂਲ ਆਪਣੀਆਂ ਜੇਬਾਂ ਭਰਨ ਲਈ ਲੋੜਵੰਦ ਮਾਪਿਆਂ ਨੂੰ ਹੋਰ ਵੀ ਤੰਗ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਪੂਰੀ ਤਰ੍ਹਾਂ ਮਾਪਿਆਂ ਦੇ ਨਾਲ ਹੈ ਅੱਗੇ ਜਿਹੜਾ ਵੀ ਸੰਘਰਸ਼ ਕੀਤਾ ਜਾਵੇਗਾ ਤਾਂ ਉਹ ਅੱਗੇ ਹੋ ਕੇ ਇਸ ਵਿੱਚ ਸਹਿਯੋਗ ਕਰਨਗੇ ਇਸ ਮੌਕੇ ਬਰਨਾਲਾ, ਮਾਨਸਾ, ਬਠਿੰਡਾ ਆਦਿ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਪੁੱਜੇ ਹੋਏ ਸਨ
ਅੰਤ ਜਥੇਬੰਦੀ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਕੈਬਨਿਟ ਮੰਤਰੀ ਦੇ ਨੁਮਾਇੰਦੇ ਨੂੰ ਵੀ ਦਿੱਤਾ ਇਸ ਮੌਕੇ ਵਿਜੈਇੰਦਰ ਸਿੰਗਲਾ ਦੀ ਕੋਠੀ ਦੀ ਸੁਰੱਖਿਆ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਅਤੇ ਕੋਠੀ ਦੇ ਬਾਹਰ ਝਗੜਾ ਰੋਕੂ ਗੱਡੀਆਂ ਖੜ੍ਹਾਈਆਂ ਗਈਆਂ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ