ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home Breaking News 60 ਸਾਲ ਤੋਂ ਘੱ...

    60 ਸਾਲ ਤੋਂ ਘੱਟ ਉਮਰ ਦੇ ਸੇਵਾਮੁਕਤ ਹੋਣ ਵਾਲੇ ਡਾਕਟਰਾਂ ਅਤੇ ਮਾਹਿਰਾਂ ਨੂੰ ਤਿੰਨ ਮਹੀਨੇ ਦੇ ਵਾਧੇ ਦਾ ਐਲਾਨ

    ਸਿਹਤ ਵਿਭਾਗ ਨੂੰ ਗੰਭੀਰ ਮਰੀਜ਼ਾਂ ਲਈ ਘਰ ਦੇ ਖਾਣੇ ਦੀ ਇਜਾਜ਼ਤ ਦੇਣ ਤੇ ਘਰੇਲੂ ਮਰੀਜ਼ਾਂ ਦੀ ਨਿਗਰਾਨੀ ਦੇ ਹੁਕਮ

    ਚੰਡੀਗੜ, (ਅਸ਼ਵਨੀ ਚਾਵਲਾ)। ਕੋਵਿਡ ਦੇ ਮਾਮਲਿਆਂ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 60 ਸਾਲ ਤੋਂ ਘੱਟ ਉਮਰ ਦੇ ਸਾਰੇ ਸੇਵਾ ਮੁਕਤ ਹੋ ਰਹੇ ਡਾਕਟਰਾਂ ਅਤੇ ਮਾਹਿਰਾਂ ਨੂੰ ਤਿੰਨ ਮਹੀਨੇ ਦਾ ਵਾਧਾ ਦੇਣ ਦਾ ਐਲਾਨ ਕੀਤਾ ਹੈ। ਉਨਾਂ ਮੁੱਖ ਸਕੱਤਰ ਨੂੰ ਕੋਵਿਡ ਦੇ ਮਾਮਲਿਆਂ ਦੀ ਵਧ ਰਹੀ ਗਿਣਤੀ ਨੂੰ ਵੇਖਦੇ ਹੋਏ ਟੈਕਨੀਸ਼ੀਅਨਾਂ ਅਤੇ ਲੈਬ ਅਸਿਸਟੈਂਟਾਂ ਦੀ ਭਰਤੀ ਦੀ ਪ੍ਰਕਿਰਿਆ ਤੇਜ਼ ਕਰਨ ਲਈ ਵੀ ਕਿਹਾ। ਮੁੱਖ ਮੰਤਰੀ ਨੇ ਦੱਸਿਆ ਕਿ ਕੈਬਨਿਟ ਦੇ ਇਕ ਫੈਸਲੇ ਦੇ ਅਨੁਸਾਰ ਪਹਿਲਾਂ ਇਨਾਂ ਡਾਕਟਰਾਂ ਨੂੰ 30 ਸਤੰਬਰ ਤੱਕ ਵਾਧਾ ਦਿੱਤਾ ਗਿਆ ਸੀ ਜਿਸ ਨੂੰ ਕਿ ਹੁਣ 31 ਦਸੰਬਰ, 2020 ਤੱਕ ਵਧਾ ਦਿੱਤਾ ਗਿਆ ਹੈ।

    ਉੱਚ ਅਧਿਕਾਰੀਆਂ ਅਤੇ ਮੈਡੀਕਲ/ਸਿਹਤ ਮਾਹਿਰਾਂ ਨਾਲ ਕੋਵਿਡ ਦੀ ਸਥਿਤੀ ਦੀ ਵਰਚੁਅਲ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਸਰਕਾਰੀ ਮੈਡੀਕਲ ਕਾਲਜਾਂ ਨੂੰ ਮਾਹਿਰਾਂ ਦੀਆਂ ਸੇਵਾਵਾਂ ਪ੍ਰਦਾਨ ਕਰ ਕੇ ਇਨਾਂ ਕਾਲਜਾਂ ਦੀ ਮਦਦ ਕੀਤੀ ਜਾ ਰਹੀ ਹੈ। ਜਦੋਂ ਕਿ ਅਜੇ ਮੈਡੀਕਲ ਸਿੱਖਿਆ ਵਿਭਾਗ ਦੁਆਰਾ ਭਰਤੀ ਦੀ ਪ੍ਰਕਿਰਿਆ ਅਜੇ ਬਾਕੀ ਹੈ। ਵਿੱਤ ਵਿਭਾਗ ਦੁਆਰਾ ਵਿਸ਼ੇਸ਼ ਛੋਟ ਦਿੱਤੀ ਗਈ ਹੈ ਤਾਂ ਜੋ ਇਹ ਕਾਲਜ ਹੋਰਨਾਂ ਮਨੁੱਖੀ ਵਸੀਲਿਆਂ ਤੋਂ ਸੇਵਾਵਾਂ ਲੈ ਸਕਣ।

    ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਤਹਿਤ ਕਮੇਟੀਆਂ ਦੇ ਗਠਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਘਰੇਲੂ ਇਕਾਂਤਵਾਸ/ਕੁਆਰੰਟੀਨ ਵਿਚਲੇ ਗ਼ਰੀਬ ਪਰਿਵਾਰਾਂ ਨੂੰ ਖਾਣੇ ਦੇ ਪੈਕਟਾਂ ਦੀ ਵੰਡ ਕੀਤੀ ਜਾ ਸਕੇ ਅਤੇ ਇਨਾਂ ਪਰਿਵਾਰਾਂ ਨੂੰ ਜਾਂਚ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਕਿਉਂਜੋ ਆਮ ਤੌਰ ‘ਤੇ ਇਹ ਪਰਿਵਾਰ ਆਪਣੀ ਨਿਗੂਣੀ ਜਿਹੀ ਆਮਦਨ ਤੋਂ ਵੀ ਹੱਥ ਧੋ ਬੈਠਣ ਦੇ ਡਰ ਕਾਰਨ ਕੋਵਿਡ ਸਬੰਧੀ ਜਾਂਚ ਨਹੀਂ ਕਰਵਾਉਂਦੇ।

    ਕੈਪਟਨ ਅਮਰਿੰਦਰ ਸਿੰਘ ਦੁਆਰਾ ਹਸਪਤਾਲਾਂ ਵਿੱਚ ਅਤੇ ਘਰਾਂ ਵਿੱਚਲੇ ਕੋਵਿਡ ਮਰੀਜ਼ਾਂ ਦਾ ਤਣਾਅ ਘਟਾਉਣ ਲਈ ਕਈ ਹੋਰ ਕਦਮ ਚੁੱਕਣ ਦਾ ਐਲਾਨ ਵੀ ਕੀਤਾ ਗਿਆ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ ਸਰਕਾਰੀ ਹਸਪਤਾਲਾਂ ਵੱਲੋਂ ਹੋਰ ਕੋਵਿਡ ਦੇ ਗੰਭੀਰ ਮਰੀਜ਼ਾਂ, ਜਿਨਾਂ ਨੂੰ ਵਿਸ਼ੇਸ਼ ਖਾਣੇ ਦੀ ਲੋੜ ਹੈ, ਨੂੰ ਉਨਾਂ ਦੀ ਇੱਛਾ ਅਨੁਸਾਰ ਘਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਹਸਪਤਾਲਾਂ ਵਿੱਚ ਇਕਾਂਤਵਾਸ ਕੀਤੇ ਗੰਭੀਰ ਮਰੀਜ਼ਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮਾਨਸਿਕ ਤਕਲੀਫਾਂ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਇਨਾਂ ਵਾਰਡਾਂ ਵਿੱਚ ਵਿਸ਼ੇਸ਼ ਉਪਕਰਣ ਉਪਲਬਧ ਕਰਵਾਏ ਜਾਣਗੇ ਤਾਂ ਜੋ ਮਰੀਜ਼ਾਂ ਅਤੇ ਅਟੈਂਡੈਂਟਾਂ ਦਰਮਿਆਨ ਵੀਡੀਓ ਕਾਲ ਰਾਹੀਂ ਗੱਲਬਾਤ ਯਕੀਨੀ ਬਣਾਈ ਜਾ ਸਕੇ।

    Corona

    ਇਹ ਨਿਰਦੇਸ਼ ਉਸ ਸਮੇਂ ਦਿੱਤੇ ਗਏ ਹਨ ਜਦੋਂਕਿ ਸੂਬੇ ਵਿੱਚ 6 ਸਤੰਬਰ ਤੱਕ ਐਕਟਿਵ ਮਾਮਲਿਆਂ ਦੀ ਗਿਣਤੀ 16,156 ਹੈ ਜਿਸ ਦੀ ਕੁੱਲ ਮੌਤ ਦਰ 2.9  ਫੀਸਦੀ ਹੈ ਅਤੇ ਪ੍ਰਤੀ ਦਸ ਲੱਖ ਦੇ ਹਿਸਾਬ ਨਾਲ ਮੌਤਾਂ ਦੀ ਗਿਣਤੀ 62 ਹੈ। ਇਸ ਮੌਕੇ ਸਕੱਤਰ ਸਿਹਤ ਵਿਭਾਗ ਹੁਸਨ ਲਾਲ ਨੇ ਜਾਣਕਾਰੀ ਦਿੱਤੀ ਕਿ ਅਗਸਤ 26 ਤੋਂ 3 ਸਤੰਬਰ ਤੱਕ ਦੇ ਹਫਤੇ ਦੀ ਔਸਤਨ ਪਾਜੇਟਿਵ ਦਰ 9.42 ਫੀਸਦੀ ਹੈ ਅਤੇ ਹਰੇਕ ਸੰਕਰਮਿਤ ਵਿਅਕਤੀ ਪਿੱਛੇ ਸੰਪਰਕਾਂ ਦਾ ਪਤਾ ਲਾਉਣ ਦੀ ਦਰ 27 ਅਗਸਤ ਤੋਂ ਲੈ ਕੇ 3 ਸਤੰਬਰ ਤੱਕ ਦੇ ਸਮੇਂ ਦੌਰਾਨ ਵਧ ਕੇ 4.4 ਫੀਸਦੀ ਹੋ ਗਈ ਹੈ।

    ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਮੌਕੇ ਕਿਹਾ ਕਿ ਬੀਤੇ ਕੁਝ ਦਿਨਾਂ ਦੌਰਾਨ ਮਾਮਲਿਆਂ ਅਤੇ ਮੌਤਾਂ ਦੋਵਾਂ ਦੀ ਗਿਣਤੀ ਵਿੱਚ ਸਥਿਰ ਵਾਧਾ ਦੇਖਿਆ ਗਿਆ ਹੈ ਅਤੇ ਲੈਵਲ 3 ਦੇ ਮਾਮਲਿਆਂ ਵਿੱਚ 89 ਫੀਸਦੀ ਮੌਤਾਂ ਹੋਈਆਂ ਹਨ। ਉਨਾਂ ਅੱਗੇ ਕਿਹਾ ਕਿ ਸਥਿਤੀ ਦੀ ਨਿਗਰਾਨੀ ਪ੍ਰਤੀ ਦਿਨ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.