ਨੀਲੇ ਕਾਰਡ ਕੱਟਣ ਤੋਂ ਖਫ਼ਾ ਹੋਏ ਲੋਕ ਪੈਟਰੋਲ ਦੀਆਂ ਬੋਤਲਾਂ ਲੈ ਟੈਂਕੀ ‘ਤੇ ਚੜ੍ਹੇ

ਨੀਲੇ ਕਾਰਡ ਕੱਟਣ ਤੋਂ ਖਫ਼ਾ ਹੋਏ ਲੋਕ ਪੈਟਰੋਲ ਦੀਆਂ ਬੋਤਲਾਂ ਲੈ ਟੈਂਕੀ ‘ਤੇ ਚੜ੍ਹੇ

ਭਵਾਨੀਗੜ (ਵਿਜੈ ਸਿੰਗਲਾ) | ਇਲਾਕੇ ਦੇ ਲੋੜਵੰਦ ਪਰਿਵਾਰਾਂ ਦੇ ਕੱਟੇ ਗਏ ਨੀਲੇ ਕਾਰਡਾਂ ਦੇ ਵਿਰੋਧ ਵਿੱਚ ਪਿਛਲੇ ਤਿੰਨ ਦਿਨ ਤੋਂ ਫੂਡ ਸਪਲਾਈ ਵਿਭਾਗ ਦੇ ਦਫਤਰ ਅੱਗੇ ਮਰਨ ਵਰਤ ‘ਤੇ ਬੈਠੇ ਆਪ ਦੇ ਵਲੰੰਟੀਅਰ ਗੁਰਪ੍ਰੀਤ ਸਿੰਘ ਲਾਰਾ ਬਲਿਆਲ, ਗੁਲਾਬ ਖਾਨ ਫੱਗੂਵਾਲਾ ਅਤੇ ਬਲਕਾਰ ਸਿੰਘ ਬਲਿਆਲ ਅਤੇ ਧਰਨਾਕਾਰੀਆਂ ਨੇ ਅੱਜ ਪ੍ਰਸਾਸ਼ਨ ਦੀ ਬੇਰੁਖੀ ਤੋਂ ਪ੍ਰੇਸ਼ਾਨ ਹੋ ਕੇ ਪਹਿਲਾਂ ਵਿਭਾਗ ਦੇ ਦਫਤਰ ਨੂੰ ਜਿੰਦਰਾ ਮਾਰਕੇ ਅਧਿਕਾਰੀ ਬੰਦੀ ਬਣਾ ਲਏ ਅਤੇ ਬਾਅਦ ਵਿੱਚ ਪੈਟਰੌਲ ਦੀਆਂ ਬੋਤਲਾਂ ਲੈਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ।

ਇਨਾਂ ਨੌਜਵਾਨਾਂ ਨੇ ਧਮਕੀ ਦਿੱਤੀ ਕਿ ਜੇਕਰ ਪ੍ਰਸਾਸ਼ਨ ਨੇ ਇਹ ਮਸਲਾ ਹੱਲ ਨਾ ਕੀਤਾ ਤਾਂ ਉਹ ਆਤਮਦਾਹ ਕਰ ਲੈਣਗੇ। ਇਸ ਕਾਰਵਾਈ ਦਾ ਪਤਾ ਲੱਗਦਿਆਂ ਹੀ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਡਮ ਗੁਰਲੀਨ ਕੌਰ ਤਹਿਸੀਲਦਾਰ ਭਵਾਨੀਗੜ ਅਤੇ ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ਤੇ ਪਹੁੰਚਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ, ਪਰ ਇਹ ਨੌਜਵਾਨ ਤਿੰਨ ਘੰਟੇ ਆਪਣੀਆਂ ਮੰਗਾਂ ਨੂੰ ਲੈਕੇ ਟੈਂਕੀ ਉੱਤੇ ਹੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ।

ਅਖੀਰ ਵਿੱਚ ਮੈਡਮ ਤਹਿਸੀਲਦਾਰ ਵੱਲੋਂ ਕੱਟੇ ਗਏ ਨੀਲੇ ਕਾਰਡਾਂ ਦਾ ਮਸਲਾ ਇੱਕ ਹਫਤੇ ਵਿੱਚ ਹੱਲ ਕਰਨ ਦਾ ਭਰੋਸਾ ਦੇਣ ਉਪਰੰਤ ਇਹ ਨੌਜਵਾਨ ਟੈਂਕੀ ਤੋਂ ਹੇਠਾਂ ਉੱਤਰ ਆਏ। ਇਸ ਮੌਕੇ ਆਪ ਆਗੂ ਹਰਭਜਨ ਸਿੰਘ ਹੈਪੀ, ਨਿਰਮਲ ਸਿੰਘ ਭੜੋ, ਗੁਰਪ੍ਰੀਤ ਸਿੰਘ ਆਲੋਅਰਖ, ਰੋਸ਼ਨ ਕਲੇਰ, ਅਵਤਾਰ ਸਿੰਘ ਆਲੋਅਰਖ, ਗੁਰਚਰਨ ਸਿੰਘ ਤੇ ਇੰਦਰਪਾਲ ਸਿੰਘ ਨੇ ਕਿਹਾ ਕਿ ਕਰੋਨਾਵਾਇਰਸ ਦੇ ਸੰਕਟ ਦੌਰਾਨ ਪ੍ਰਸਾਸ਼ਨ ਨੇ ਕਾਂਗਰਸੀ ਆਗੂਆਂ ਦੇ ਇਸ਼ਾਰੇ ‘ਤੇ ਜਾਣਬੁੱਝ ਕੇ ਵਿਰੋਧੀ ਧਿਰ ਦੇ ਹਿਮਾਇਤੀਆਂ ਦੇ ਕਰੀਬ ਪੰਜ ਹਜਾਰ ਵਿਅਕਤੀਆਂ ਦੇ ਕਾਰਡ ਕਟਵਾ ਦਿੱਤੇ ਹਨ। ਇਸੇ ਦੌਰਾਨ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਮੀਤ ਪ੍ਰਧਾਨ ਕਾ. ਭੂਪ ਚੰਦ ਚੰਨੋ ਦੀ ਅਗਵਾਈ ਹੇਠ ਵਫ਼ਦ ਵੱਲੋਂ ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀ ਮਾਨਕਵੀਰ ਸਿੰਘ ਸੋਢੀ ਨੂੰ ਕੱਟੇ ਗਏ ਨੀਲੇ ਕਾਰਡਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।