ਪ੍ਰੋ: ਰਾਜੀਵ ਅਰੋੜਾ ਨੂੰ ਆਂਧਰਾ ਪ੍ਰਦੇਸ਼ ਸਰਕਾਰ ਨੇ ਤਿਰੂਪਤੀ ਵਿਖੇ ਸਥਾਪਿਤ ਕੀਤੇ ਜਾ ਰਹੇ ਤਕਨੀਕੀ ਇੰਕੂਬੇਟਰ ਕੇਂਦਰ ‘ਚ ਕੀਤਾ ਨਾਮਜ਼ਦ
ਫਿਰੋਜ਼ਪੁਰ (ਸੱਤਪਾਲ ਥਿੰਦ) ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਕੈਮੀਕਲ ਵਿਭਾਗ ਦੇ ਮੁੱਖੀ ਪ੍ਰੋ. ਰਾਜੀਵ ਅਰੋੜਾ ਨੂੰ ਆਂਧਰਾ ਪ੍ਰਦੇਸ਼ ਸਰਕਾਰ ਵੱਲੋ ਤਿਰੂਪਤੀ ਵਿਖੇ ਸਥਾਪਿਤ ਕੀਤੇ ਜਾ ਰਹੇ ਤਕਨੀਕੀ ਇੰਕੂਬੇਟਰ ਕੇਂਦਰ ਵਿਖੇ ਨਾਮਜ਼ਦ ਕੀਤਾ ਗਿਆ ਹੈ।
ਪ੍ਰੋ: ਰਾਜੀਵ ਅਰੋੜਾ ਨੇ ਖਾਣ ਵਾਲੇ ਤੇਲਾਂ ਨੂੰ ਨਵੇ ਤਰੀਕੇ ਨਾਲ ਕੱਢਣ ਦੀ ਤਕਨੀਕ ਦੀ ਪੇਸ਼ਕਸ਼ ਆਂਧਰਾ ਪ੍ਰਦੇਸ਼ ਸਰਕਾਰ ਨੂੰ ਦਿੱਤੀ ਸੀ ਜੋ ਕਿ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂੰ ਪ੍ਰਵਾਨ ਕਰ ਲਈ ਗਈ ਹੈ । ਸ੍ਰੀ ਅਰੋੜਾ ਨੇ ਇਹੋ ਪੇਸ਼ਕਸ਼ ਪੰਜਾਬ ਸਰਕਾਰ ਅੱਗੇ ਵੀ ਰੱਖੀ ਸੀ ਪਰ ਪੰਜਾਬ ਸਰਕਾਰ ਨੇ ਮਨਜੂਰ ਨਹੀਂ ਕੀਤਾ ਤੇ ਪੰਜਾਬ ਦੀ ਇਸ ਖੋਜ ਦਾ ਫਾਇਦਾ ਹੁਣ ਆਂਧਰਾ ਪ੍ਰਦੇਸ਼ ਦੀ ਸਰਕਾਰ ਲਵੇਗੀ ਖੋਜ ਅਨੁਸਾਰ ਖਾਣ ਵਾਲੇ ਤੇਲਾਂ ਨੂੰ ਨਵੇਂ ਤਰੀਕੇ ਨਾਲ ਕੱਢਣ ਲਈ ਇਸ ਤਕਨੀਕ ਵਿਚ ਨਵਿਆਉਣਯੋਗ ਘੋਲ ਦੀ ਵਰਤੋ ਕੀਤੀ ਜਾਵੇਗੀ ਜ਼ੋ ਕਿ ਵਾਤਾਵਰਣ ਨੂੰ ਦੂਸ਼ਿਤ ਨਹੀ ਕਰਦਾ ਅਤੇ ਬਿਲਕੁਲ ਹੀ ਸੁਰੱਖਿਅਤ ਹੈ। ਇਹ ਤਕਨੀਕ ਹੁਣ ਤੱਕ ਪੂਰੇ ਸੰਸਾਰ ਵਿਚ ਕਿਤੇ ਵੀ ਨਹੀ ਵਰਤੀ ਜਾ ਰਹੀ ਅਤੇ ਆਉਣ ਵਾਲੇ ਸਾਲਾਂ ਵਿਚ ਇਸ ਨੂੰ ਪੂਰੇ ਸੰਸਾਰ ਵੱਲੋਂ ਅਪਨਾਉਣ ਦੀ ਸੰਭਾਵਨਾਂ ਹੈ। ਆਂਧਰਾ ਪ੍ਰਦੇਸ ਸਰਕਾਰ ਅਤੇ ਅਮਰੀਕਾ ਦੀ ਟੈਂਕਸਾਸ ਯੂਨੀਵਰਸਿਟੀ ਵੱਲੋ ਤਿਰੂਪਤੀ ਵਿਖੇ ਬਹੁਤ ਹੀ ਵੱਡਾ ਉਦਯੋਗਿਕ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ ਜਿਸਦਾ ਮੁੱਖ ਮਕਸਦ ਤਿਰੂਪਤੀ ਅਤੇ ਆਸਪਾਸ ਦੇ ਖੇਤਰ ਵਿੱਚ ਆਧੁਨਿਕ ਅਤੇ ਵਿਸ਼ਵ ਪੱਧਰੀ ਤਕਨੀਕ ਦੇ ਉਦਯੋਗ ਲਗਾਉਣਾ ਹੈ। ਯੋਜਨਾ ਦੇ ਮੁਤਾਬਿਕ ਆਉਣ ਵਾਲੇ ਸਾਲਾ ਵਿਚ ਇਸ ਦੇ ਅਧੀਨ 1000 ਤੋ ਵੱਧ ਛੋਟੇ-ਵੱਡੇ ਉਦਯੋਗ ਅਤੇ 6000 ਤੋ ਜਿਆਦਾ ਵਿਗਿਆਨੀਆਂ ਅਤੇ ਨਿਵੇਸ਼ਕਾਂ ਨੂੰ ਆਧੂਨਿਕ ਸਹੂਲਤਾ ਮੁਹੱਈਆਂ ਕਰਵਾਉਣ ਦਾ ਟੀਚਾ ਹੈ। ਕੁਝ ਮਹੀਨੇ ਪਹਿਲਾ ਆਂਧਰਾ ਪ੍ਰਦੇਸ਼ ਸਰਕਾਰ ਅਤੇ ਟੈਂਕਸਾਸ ਯੂਨੀਵਰਸਿਟੀ ਵੱਲੋ ਸ਼ੁਰੂ ਕੀਤੇ ਖੋਜ਼ ਮਿਸ਼ਨ ਬਾਅਦ 33 ਵਿਗਿਆਨੀਆਂ ਨੂੰ ਨਾਮਜਦ ਕੀਤਾ ਹੈ ਇਸ ਦੌਰਾਨ ਡਾ. ਅਰੋੜਾ ਵੱਲੋਂ ਖਾਣ ਵਾਲੇ ਤੇਲਾਂ ਨੂੰ ਨਵੇ ਤਰੀਕੇ ਨਾਲ ਕੱਢਣ ਦੀ ਤਕਨੀਕ ਦੀ ਪੇਸ਼ਕਸ਼ ਆਂਧਰਾ ਪ੍ਰਦੇਸ਼ ਸਰਕਾਰ ਨੂੰ ਦਿੱਤੀ ਸੀ ਜ਼ੋ ਕਿ ਪ੍ਰਵਾਨ ਕਰ ਲਈ ਗਈ ਹੈ ।
ਪੰਜਾਬ ਸਰਕਾਰ ਨੂੰ ਵੀ ਕਰਵਾਇਆ ਸੀ ਜਾਣੂੰ : ਅਰੋੜਾ
ਪ੍ਰੋ: ਰਾਜੀਵ ਅਰੋੜਾ ਨੇ ਦੱਸਿਆ ਕਿ ਉਹਨਾ ਨੇ ਦਸੰਬਰ 2014 ਵਿਚ ਆਪਣੀ ਖੋਜ਼ ਬਾਰੇ ਕੈਬੀਨੇਟ ਮੰਤਰੀ ਹਰਸਿਮਰਤ ਕੋਰ ਬਾਦਲ ਅਤੇ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਸੀ ਪਰ ਕਿਸੇ ਵੱਲੋ ਵੀ ਕਿਸੇ ਤਰਾਂ ਦੀ ਸਹਾਇਤਾ ਨਹੀ ਮਿਲੀ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਖੋਜ਼ ਨੂੰ ਆਧਰਾ ਪ੍ਰਦੇਸ਼ ਸਰਕਾਰ ਨੂੰ ਭੇਜ਼ ਦਿੱਤਾ ਸੀ । ਉਹਨਾ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਅਜਿਹੇ ਆਧੁਨਿਕ ਉਦਯੋਗ ਲਗਾਉਣੇ ਚਾਹੀਦੇ ਹਨ ਤਾਂ ਜ਼ੋ ਪੰਜਾਬ ਦੀ ਉੱਨਤ ਤਕਨੀਕ ਅਤੇ ਅੰਨ ਭੰਡਾਰ ਦਾ ਫਾਇਦਾ ਉਠਾਇਆ ਜਾ ਸਕੇ।
ਕੈਪਸ਼ਨ – ਪ੍ਰੋ: ਰਾਜੀਵ ਅਰੋੜਾ