ਕਾਗਜੀ ਜਾਂਚ ਪੂਰੀ ਹੋਣ ਤੋਂ ਬਾਅਦ ਵੀ ਪੁਲਿਸ ਦੀ ਨੌਕਰੀ ਲਈ ਕਰ ਰਹੇ ਨੇ ਸੰਘਰਸ਼
ਜੇ ਨੌਕਰੀ ਨਾ ਦਿੱਤੀ ਤਾਂ ਚੁੱਕਾਂਗੇ ਮੰਦਭਾਗਾ ਕਦਮ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਪੁਲਿਸ ’ਚ ਸਿਲੈਕਟਿਡ ਨੌਵਜਾਨਾਂ ਨੂੰ ਵੀ ਅੱਜ ਨੌਕਰੀ ਲਈ ਮੁੱਖ ਮੰਤਰੀ ਦੇ ਸ਼ਹਿਰ ਦੀ ਪਾਣੀ ਵਾਲੀ ਟੈਂਕੀ ਦਾ ਸਹਾਰਾ ਲੈਣਾ ਪਿਆ। ਇੱਥੇ ਪਾਸੀ ਰੋਡ ’ਤੇ ਸਥਿਤ ਦਰਜ਼ਨਾਂ ਨੌਜਵਾਨ ਲੜਕੇ ਲੜਕੀਆਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ਉੱਪਰ ਚੜ੍ਹ ਗਏ ਜਦਕਿ ਉਨ੍ਹਾਂ ਦੇ ਦੂਜੇ ਸਾਥੀਆਂ ਵੱਲੋਂ ਹੇਠਾਂ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਇਨ੍ਹਾਂ ਪੰਜਾਬ ਪੁਲਿਸ ’ਚ ਸਿਲੈਕਟਿਡ ਨੌਵਜਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਪਣੀ ਨੌਕਰੀ ਲਈ ਸਰਕਾਰ ਦਾ ਰਸਤਾ ਤੱਕ ਰਹੇ ਹਨ। ਇਸ ਮੌਕੇ ਸੰਘਰਸ਼ ਕਰ ਰਹੇ ਨੌਜਵਾਨ ਅਸ਼ੋਕ ਫਾਜ਼ਿਲਕਾ ਨੇ ਦੱਸਿਆ ਕਿ ਸਾਲ 2016 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਖੋਲ੍ਹੀ ਗਈ ਸੀ, ਜਿਸ ਵਿੱਚ 7416 ਅਸਾਮੀਆਂ ਭਰੀਆਂ ਜਾਣੀਆਂ ਸਨ। ਇਨ੍ਹਾਂ ਵਿੱਚੋਂ 5581 ਅਸਾਮੀਆਂ ਭਰ ਲਈਆਂ ਗਈਆਂ ਪਰ 1835 ਅਸਾਮੀਆਂ ਨਹੀਂ ਭਰੀਆਂ ਗਈਆਂ। ਸਾਲ 2017 ਵਿੱਚ ਦਸਤਾਵੇਜੀ ਜਾਂਚ ਵੀ ਕੀਤੀ ਗਈ ਅਤੇ ਪੁਲਿਸ ਦਫਤਰਾਂ ਅੰਦਰ ਉਨ੍ਹਾਂ ਦੇ ਕਾਗਜਾਤ ਚੈੱਕ ਹੋਏ ਅਤੇ ਉਸ ਸਮੇਂ ਕਿਹਾ ਗਿਆ ਕਿ ਉਨ੍ਹਾਂ ਨੂੰ ਜਲਦ ਹੀ ਬੈਲਟ ਨੰਬਰ ਜਾਰੀ ਕਰ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਕਈ ਵਾਰ ਐਸਪੀ ਤੇ ਡੀਐਸਪੀ ਦਫਤਰ ਵਿੱਚ ਜਾਂਚ ਦੌਰਾਨ ਜਲਦ ਨੌਕਰੀ ਜੁਆਇਨ ਕਰਵਾਉਣ ਦੀ ਗੱਲ ਕਹੀ ਗਈ ਸੀ ਪਰ ਅੱਜ ਤੱਕ ਉਮੀਦਵਾਰ ਨੌਕਰੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਅੱਕ ਕੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ’ਚ ਟੈਂਕੀ ’ਤੇ ਚੜ੍ਹਨ ਵਰਗਾ ਕਦਮ ਚੁੱਕਣਾ ਪਿਆ ਹੈ। ਕਿਉਂਕਿ ਉਨ੍ਹਾਂ ਵੱਲੋਂ ਅਨੇਕਾਂ ਵਾਰ ਧਰਨੇ ਪ੍ਰਦਰਸ਼ਨ ਕੀਤੇ ਗਏ, ਪਰ ਉਨ੍ਹਾਂ ਨੂੰ ਹਰ ਵਾਰ ਲਾਰਾ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੋ ਹੁਣ ਨਵੀਂ ਭਰਤੀ ਕੱਢੀ ਗਈ ਹੈ, ਉਨ੍ਹਾਂ ਵਿੱਚ ਉਹ ਅਪਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਓਵਰਏਜ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਨੇਕਾਂ ਵਾਰ ਡੀਜੀਪੀ ਦਫ਼ਤਰ ਆਦਿ ਵਿੱਚ ਆਪਣੀ ਮੰਗ ਲੈ ਕੇ ਜਾ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋ ਰਿਹਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਜਿਨ੍ਹਾਂ ਚਿਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਉਨਾਂ ਸਮਾਂ 30 ਤੋਂ ਵੱਧ ਜਿਹੜੇ ਲੜਕੇ ਲੜਕੀਆਂ ਟੈਂਕੀ ’ਤੇ ਚੜ੍ਹੇ ਹੋਏ ਹਨ, ਉਹ ਹੇਠਾਂ ਨਹੀਂ ਆਉਣਗੇ। ਸ਼ਾਮ 6 ਵਜੇ ਖ਼ਬਰ ਲਿਖੇ ਜਾਣ ਤੱਕ ਧਰਨਾ ਪ੍ਰਰਦਰਸਨ ਜਾਰੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ