ਅੱਠ ਸਾਲਾ ਬੱਚੀ ਨਾਲ ਜਬਰ ਜਿਨਾਹ ਦੀ ਕੋਸ਼ਿਸ਼

Attempted, Rape

ਭੁੱਚੋ ਮੰਡੀ (ਸੁਰੇਸ਼ ਕੁਮਾਰ)। ਦਿਨ ਦਿਹਾੜੇ ਇੱਕ ਅੱਠ ਸਾਲਾ ਬੱਚੀ ਨਾਲ ਜਬਰ ਜਿਨਾਹ ਦੀ ਕੋਸ਼ਿਸ਼ ਕਰਨ ਵਾਲੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰਕੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਕਤ ਆਰੋਪੀ ਵੱਲੋਂ ਬੱਚੀ ਨੂੰ ਵਰਗਲਾ ਕੇ ਲਿਜਾਣ ਦੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਜਿਸ ਦੇ ਅਧਾਰ ‘ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਥਾਨਕ ਮੰਡੀ ਦੀ ਇੱਕ ਤੀਸਰੀ ਕਲਾਸ ਦੀ ਬੱਚੀ ਦੁਪਹਿਰ ਸਮੇਂ ਆਪਣੀ ਗਲੀ ਵਿਚਲੇ ਵਰਾਇਟੀ ਸਟੋਰ ਤੋਂ ਸਮਾਨ ਲੈ ਕੇ ਘਰ ਵਾਪਸ ਜਾ ਰਹੀ ਸੀ ਕਿ ਗਲੀ ਦੇ ਮੋੜ ‘ਤੇ ਖੜ੍ਹੇ ਇੱਕ ਨੌਜਵਾਨ ਨੇ ਉਸ ਨੂੰ ਸਰਕਾਰੀ ਸਕੂਲ ਦਾ ਪਤਾ ਪੁੱਛਣ ਬਹਾਨੇ ਸਕੂਲ ਵਿੱਚ ਲਿਜਾ ਕੇ ਗੇਟ ਦੇ ਨਾਲ ਬਣੇ ਕਮਰਿਆਂ ਦੇ ਪਿੱਛੇ ਉਸ ਨਾਲ ਜਬਰ ਜਿਨਾਹ ਕਰਨ ਦੀ ਕੋਸ਼ਿਸ਼ ਕੀਤੀ।

ਉਕਤ ਬੱਚੀ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਦੇ ਥੱਪੜ ਵੀ ਮਾਰੇ ਅਤੇ ਕਿਸੇ ਨੂੰ ਇਸ ਸਬੰਧੀ ਦੱਸਣ ‘ਤੇ ਹੋਰ ਕੁੱਟਮਾਰ ਕਰਨ ਦੀ ਧਮਕੀ ਦਿੱਤੀ।ਡਰੀ ਹੋਈ ਬੱਚੀ ਨੇ ਘਰ ਆ ਕੇ ਅਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਾਰੀ ਗੱਲ ਦੱਸੀ ਤਾਂ ਪਰਿਵਾਰ ਵਾਲਿਆਂ ਨੇ ਮੌਕੇ ‘ਤੇ ਜਾ ਕੇ ਦੇਖਿਆ ਪਰ ਉੱਥੇ ਕੋਈ ਨਹੀਂ ਸੀ । ਇਸ ਸਬੰਧੀ ਆਸ ਪਾਸ ਪਤਾ ਲੱਗਣ ‘ਤੇ ਲੋਕਾਂ ਨੇ ਇਕੱਠੇ ਹੋ ਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਇਸ ਘਟਨਾ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ।

ਐਸ.ਐਚ.ਓ.ਨਥਾਣਾ ਭੁਪਿੰਦਰ ਸਿੰਘ, ਚੌਂਕੀ ਇੰਚਾਰਜ ਜਸਪਾਲ ਸਿੰਘ,ਏ.ਐਸ.ਆਈ.ਰਜਿੰਦਰ ਕੋਰ ਨੇ ਉਕਤ ਬੱਚੀ ਤੋਂ ਸਾਰੀ ਜਾਣਕਾਰੀ ਲੈ ਕੇ ਉਸ ਦੀ ਮਾਤਾ ਦੇ ਬਿਆਨਾਂ ਦੇ ਅਧਾਰ ‘ਤੇ ਮੁਲਜਮ ਖ਼ਿਲਾਫ਼ ਧਾਰਾ 376 ਅਤੇ 511 ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸ.ਐਚ.ਓ.ਨਥਾਣਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਮੁਲਜਮ ਦੀ ਪਹਿਚਾਣ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here