ਫੁੱਲੇ ਨਹੀਂ ਸਮਾ ਰਹੇ ਦੋਵੇਂ ਨੇਤਾ | Sirsa News
ਸਰਸਾ (ਸੱਚ ਕਹੂੰ ਨਿਊਜ਼)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਰਸਾ ਵਿੱਚ ਹੋਈ ਰੈਲੀ ਦਾ ਸਿਆਸੀ ਵਿਸ਼ਲੇਸ਼ਕ ਭਾਵੇਂ ਕੁਝ ਵੀ ਸਿੱਟਾ ਕੱਢ ਲੈਣ ਪਰ ਜੇਕਰ ਸਥਾਨਕ ਪੱਧਰ ’ਤੇ ਮੁਲਾਂਕਣ ਕੀਤਾ ਜਾਵੇ ਤਾਂ ਕੇਂਦਰੀ ਗ੍ਰਹਿ ਮੰਤਰੀ ਨੇ ਦੋ ਆਗੂਆਂ ਦਾ ਕੱਦ ਹੋਰ ਵਧਾ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਸਰਸਾ ਦੀ ਸਾਂਸਦ ਸੁਨੀਤਾ ਦੁੱਗਲ, ਜੋ ਇਸ ਰੈਲੀ ਦੀ ਕਨਵੀਨਰ ਵੀ ਸੀ ਅਤੇ ਦੂਜੇ ਹਨ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ। (Sirsa News)
ਇਹ ਵੀ ਪੜ੍ਹੋ : ਅਮਿਤ ਸ਼ਾਹ ਨੇ ਗੁਰਦਾਸਪੁਰ ਤੇ ਸਰਸਾ ’ਚ ਵਿਰੋਧੀਆਂ ਨੂੰ ਘੇਰਿਆ
ਮੰਚ ਸੰਚਾਲਨ ਕਰ ਰਹੀ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਜਦੋਂ ਸੰਬੋਧਨ ਲਈ ਮੁੱਖ ਮੰਤਰੀ ਮਨੋਹਰ ਲਾਲ ਦਾ ਨਾਂਅ ਲਿਆ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਮੈਂਬਰ ਨੂੰ ਟੋਕਦਿਆਂ ਚੌਧਰੀ ਰਣਜੀਤ ਸਿੰਘ ਨੂੰ ਭਾਸ਼ਣ ਲਈ ਬੁਲਾਉਣ ਲਈ ਕਿਹਾ। ਚੌਧਰੀ ਦੇਵੀ ਲਾਲ ਦੀ ਕਰਮ ਭੂਮੀ ’ਤੇ ਉ੍ਹਨਾ ਦੇ ਪੁੱਤਰ ਨੂੰ ਤਵੱਜੋ ਦੇ ਕੇ ਗ੍ਰਹਿ ਮੰਤਰੀ ਨੇ ਇੱਕ ਵਾਰ ਫਿਰ ਸਭ ਨੂੰ ਹੈਰਾਨ ਕਰ ਦਿੱਤਾ। ਗ੍ਰਹਿ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਸਰਸਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਦੀ ਵੀ ਤਾਰੀਫ ਕੀਤੀ। ਅਮਿਤ ਸ਼ਾਹ ਦੀ ਇਸ ਰੈਲੀ ਵਿੱਚ ਪਰਦੇ ਪਿੱਛੇ ਕਿਸੇ ਨੇਤਾ ਨੂੰ ਤਵੱਜੋ ਮਿਲੀ ਹੋਵੇ ਭਾਵੇਂ ਨਾ ਪਰ ਮੰਚ ’ਤੇ ਇਨ੍ਹਾਂ ਦੋ ਨੇਤਾਵਾਂ ਨੂੰ ਮਿਲੀ ਅਹਿਮੀਅਤ ਨਾਲ ਇਹ ਦੋਵੇਂ ਨੇਤਾ ਫੁੱਲੇ ਨਹੀਂ ਸਮਾ ਰਹੇ।