ਦਿੱਲੀ ਵਿਖੇ ਮੀਟਿੰਗ ਕਰਕੇ ਤਿਆਰੀ ਜੁਟਣ ਦੇ ਆਦੇਸ਼
- ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਬੰਦ ਕਰਨ ਆਗੂ, ਦੁਸ਼ਿਅੰਤ ਗੌਤਮ ਕਰਵਾਉਣਗੇ ਸ਼ਾਂਤ
- ਟਕਿਸਾਨੀ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਹੋਈ ਚਰਚਾ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕਿਸਾਨੀ ਅੰਦੋਲਨ ਕਰਕੇ ਹਾਸ਼ੀਏ ’ਤੇ ਆਈ ਭਾਜਪਾ ਨੂੰ ਚੁੱਕਣ ਲਈ ਖ਼ੁਦ ਕੇਂਦਰੀ ਗ੍ਰਹਿ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਅੱਗੇ ਆਉਣਗੇ ਅਤੇ ਜਲਦ ਹੀ ਉਹ ਪੰਜਾਬ ਦਾ ਦੌਰਾ ਵੀ ਕਰ ਸਕਦੇ ਹਨ ਤਾਂ ਕਿ ਚੋਣਾਂ ਤੋਂ ਪਹਿਲਾਂ ਉਹ ਪੰਜਾਬ ਦੀ ਨਬਜ਼ ਨੂੰ ਟੋਹਣ ਦੇ ਨਾਲ ਹੀ ਪਾਰਟੀ ਦੇ ਸੀਨੀਅਰ ਲੀਡਰਾਂ ਦੀ ਡਿਊਟੀ ਵੀ ਇੱਥੇ ਲਗਾ ਸਕਣ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅਮਿਤ ਸ਼ਾਹ ਕਿਸੇ ਵੀ ਹਾਲਤ ਵਿੱਚ ਹਲਕੇ ਵਿੱਚ ਨਹੀਂ ਲੈਣਾ ਚਾਹੁੰਦੇ ਹਨ, ਕਿਉਂਕਿ ਇਸ ਦਾ ਅਸਰ ਦੂਰ ਤੱਕ ਜਾਏਗਾ। ਇਸ ਲਈ ਅਮਿਤ ਸ਼ਾਹ ਪੰਜਾਬ ਨੂੰ ਲੈ ਕੇ ਨਾ ਸਿਰਫ਼ ਚਿੰਤਤ ਹਨ, ਸਗੋਂ ਪੰਜਾਬ ਵਿੱਚ ਚੋਣ ਸਬੰਧੀ ਸਾਰੀ ਵਿਉਂਤਬੰਦੀ ਵੀ ਖ਼ੁਦ ਅਮਿਤ ਸ਼ਾਹ ਹੀ ਬਣਾਉਣਗੇ। ਇਹ ਸੰਕੇਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਖੇ ਮੀਟਿੰਗ ਵਿੱਚ ਦੇ ਦਿੱਤੇ ਹਨ। ਇਸ ਨਾਲ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੀ ਪੰਜਾਬ ’ਚ ਰਣਨੀਤੀ ਤਿਆਰ ਕਰਨ ਲਈ ਫਰੰਟ ਫੁੱਟ ’ਤੇ ਰਹਿਣਗੇ।
ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਮੰਗਲਵਾਰ ਨੂੰ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਜੇ.ਪੀ. ਨੱਢਾ ਤੋਂ ਇਲਾਵਾ ਪੰਜਾਬ ਮਾਮਲੇ ਦੇ ਇੰਚਾਰਜ ਦੁਸ਼ਿਅੰਤ ਗੌਤਮ ਵੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਕੌਮੀ ਸੰਗਠਨ ਮੰਤਰੀ ਤਰੁਣ ਚੁੱਘ ਅਤੇ ਹੋਰ ਆਗੂਆਂ ਨੂੰ ਵੀ ਦਿੱਲੀ ਸੱਦਿਆ ਗਿਆ ਸੀ, ਜਿਨ੍ਹਾਂ ਨੂੰ ਕਿ ਹੁਣ ਤੋਂ ਹੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਜੁਟਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਸ ਦੇ ਨਾਲ ਹੀ ਮੀਟਿੰਗ ਦੌਰਾਨ ਕਿਸਾਨੀ ਅੰਦੋਲਨ ਦਾ ਮੁੱਦਾ ਵੀ ਵਿਚਾਰਿਆ ਗਿਆ। ਅਮਿਤ ਸ਼ਾਹ ਵੱਲੋਂ ਇਸ ਗਲ ਨੂੰ ਲੈ ਕੇ ਨਰਾਜ਼ਗੀ ਜ਼ਾਹਰ ਕੀਤੀ ਗਈ ਕਿ ਕਿਸਾਨੀ ਅੰਦੋਲਨ ਸਬੰਧੀ ਪੰਜਾਬ ਭਾਜਪਾ ਕੁਝ ਵੀ ਨਹੀਂ ਕਰ ਸਕੀ ਅਤੇ ਕਿਸਾਨਾਂ ਨੂੰ ਸਮਝਾਉਣ ਵਿੱਚ ਅਸਫ਼ਲ ਸਾਬਤ ਹੋਈ ਹੈ। ਇਥੇ ਹੀ ਕਿਸਾਨੀ ਅੰਦੋਲਨ ਦੇ ਮਾਮਲੇ ਵਿੱਚ ਪਾਰਟੀ ਖ਼ਿਲਾਫ਼ ਹੀ ਬੋਲਣ ਵਾਲੇ ਆਗੂਆਂ ਨੂੰ ਚੁੱਪ ਕਰਵਾਉਣ ਲਈ ਦੁਸ਼ਿਅੰਤ ਗੌਤਮ ਦੀ ਡਿਊਟੀ ਲਗਾਈ ਗਈ ਹੈ ਅਤੇ ਉਹ ਜਲਦ ਹੀ ਇਸ ਮਾਮਲੇ ਵਿੱਚ ਉਨ੍ਹਾਂ ਨਾਲ ਗੱਲਬਾਤ ਕਰਨਗੇ। ਹੁਣ ਤੋਂ ਬਾਅਦ ਪਾਰਟੀ ਖ਼ਿਲਾਫ਼ ਕੋਈ ਵੀ ਨਹੀਂ ਬੋਲੇਗਾ।
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹੋਏ ਗਠਜੋੜ ਬਾਰੇ ਵੀ ਚਰਚਾ ਹੋਈ ਕਿ ਇਸ ਨਾਲ ਭਾਜਪਾ ’ਤੇ ਕੀ ਅਸਰ ਪਏਗਾ ਅਤੇ 23 ਸੀਟਾਂ ਤੋਂ ਬਾਅਦ ਹੁਣ ਬਾਕੀ ਸੀਟਾਂ ’ਤੇ ਭਾਜਪਾ ਦਾ ਸੰਗਠਨ ਕਿੰਨਾ ਕੁ ਮਜ਼ਬੂਤ ਹੈ। ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਇਸ਼ਾਰਾ ਕੀਤਾ ਗਿਆ ਹੈ ਕਿ ਜਲਦ ਹੀ ਉਹ ਪੰਜਾਬ ਦਾ ਦੌਰਾ ਕਰਨਗੇ ਅਤੇ ਇਸ ਸਬੰਧੀ ਤਾਰੀਖ਼ ਕੁਝ ਹੀ ਦਿਨਾਂ ਵਿੱਚ ਦੱਸ ਦਿੱਤੀ ਜਾਏਗੀ। ਜਿਸ ਤੋਂ ਬਾਅਦ ਅਮਿਤ ਸ਼ਾਹ ਪੰਜਾਬ ਦਾ ਦੌਰਾ ਕਰ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।