ਭੋਲਾ ਦੇ ਜੋਟੀਦਾਰਾਂ ਦੀ ਹਵਾਲਗੀ ਦਾ ਮੁੱਦਾ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲ ਉਠਾਉਣ ਲਈ ਮੁੱਖ ਸਕੱਤਰ ਨੂੰ ਆਖਿਆ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਵਿੱਚ ਨਸ਼ੇ ਦੇ ਮਾਮਲੇ ਵਿੱਚ ਗਠਿਤ ਕੀਤੀ ਗਈ ਐੱਸਟੀਐੱਫ ਦੀ ਕਾਰਗੁਜ਼ਾਰੀ ਤੋਂ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਖ਼ੁਸ਼ ਨਜ਼ਰ ਨਹੀਂ ਆ ਰਹੇ ਹਨ। ਇਸ ਕਾਰਨ ਨਸ਼ਿਆਂ ਦੇ ਵਪਾਰ ਦੀ ਅੱਗੇ ਹੋਰ ਢਿੰਭਰੀ ਕੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਤਸਕਰੀ ‘ਚ ਲਿਪਤ ਪੁਲਿਸ ਮੁਲਾਜ਼ਮਾਂ ਦੀ ਸ਼ਨਾਖਤ ਕਰਨ ਤੇ ਉਨ੍ਹਾਂ ਵਿਰੁੱਧ ਤਿੱਖੀ ਕਾਰਵਾਈ ਕਰਨ ਲਈ ਏਡੀਜੀਪੀ (ਐੱਸਟੀਐੱਫ/ਡਰੱਗ) ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ਵਿਰੁੱਧ ਖਾਸ ਤੌਰ ‘ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਦੀ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਗੈਰ-ਕਾਨੂੰਨੀ ਸਰਗਰਮੀਆਂ ‘ਚ ਸ਼ਾਮਲ ਪੁਲਿਸ ਮੁਲਾਜ਼ਮਾਂ ਨਾਲ ਕਰੜੇ ਹੱਥੀਂ ਨਿਪਟਣ ਲਈ ਪੰਜਾਬ ਪੁਲਿਸ ਦੇ ਮੁਖੀ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ।
ਉਨ੍ਹਾਂ ਨੇ ਏ.ਡੀ.ਜੀ.ਪੀ. ਨੂੰ ਸਾਰੇ ਸਰਹੱਦੀ ਜ਼ਿਲ੍ਹਿਆਂ ਵਿਚ ਐੱਸਟੀਐੱਫ ਦੀਆਂ ਦੋ ਟੀਮਾਂ ਗਠਿਤ ਕਰਨ ਲਈ ਨਿਰਦੇਸ਼ ਦਿੱਤੇ ਹਨ ਤਾਂ ਜੋ ਉਹ ਸਬੰਧਿਤ ਪੁਲਿਸ ਮੁਲਾਜ਼ਮਾਂ ਨਾਲ ਨੇੜਲਾ ਤਾਲਮੇਲ ਬਣਾ ਕੇ ਕੰਮ ਕਰਨ ਤੇ ਨਸ਼ਿਆਂ ਦੇ ਖਾਤਮੇ ਲਈ ਘਿਨੌਣੀਆਂ ਸਰਗਰਮੀਆਂ ਕਰਨ ਵਾਲਿਆਂ ਵਿਰੁੱਧ ਅਤਿ ਚੌਕਸੀ ਵਰਤਣ। ਇਸ ਸਬੰਧੀ ਹੇਠਲੇ ਪੱਧਰ ਤੱਕ ਸਖ਼ਤ ਸੰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਜਗਦੀਸ਼ ਭੋਲਾ ਦੇ ਮਾਮਲੇ ਵਿਚ ਸ਼ਾਮਲ ਉਸ ਦੇ ਜੋਟੀਦਾਰਾਂ ਦੀ ਹਵਾਲਗੀ ‘ਚ ਤੇਜ਼ੀ ਲਿਆਉਣ ਲਈ ਮੁੱਖ ਮੰਤਰੀ ਨੇ ਉਨ੍ਹਾਂ ਦੋਸ਼ੀਆਂ ਨੂੰ ਜਲਦੀ ਵਾਪਸ ਲਿਆਉਣ ਲਈ ਇਹ ਮਾਮਲਾ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲ ਉਠਾਉਣ ਲਈ ਮੁੱਖ ਸਕੱਤਰ ਨੂੰ ਆਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤਾਂ ਵਿਚ ਕੇਸਾਂ ਨੂੰ ਪ੍ਰਭਾਵੀ ਢੰਗ ਨਾਲ ਪੇਸ਼ ਕਰਨ ਵਾਸਤੇ ਪੁਲਿਸ ਮੁਲਾਜ਼ਮਾਂ ਨੂੰ ਸਮਰੱਥ ਬਣਾਉਣ ਲਈ ਉਨ੍ਹਾਂ ਨੂੰ ਵਿਹਾਰਕ ਸਿਖਲਾਈ ਦੇਣ ਵਾਸਤੇ ਸਾਬਕਾ ਜੱਜਾਂ, ਵਕੀਲਾਂ, ਕਾਨੂੰਨ ਮਾਹਿਰਾਂ ਤੇ ਕਾਨੂੰਨਦਾਨਾਂ ਦਾ ਇੱਕ ਪੈਨਲ ਬਣਾਉਣ ਲਈ ਸੂਬੇ ਦੇ ਐਡਵੋਕੇਟ ਜਨਰਲ ਨੂੰ ਆਖਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਤਸਕਰਾਂ/ਵਪਾਰੀਆਂ/ਸਮਗਲਰਾਂ ਦੇ ਮਾਮਲਿਆਂ ਸਬੰਧੀ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨੀ ਗਿਆਨ ਨਾਲ ਲੈਸ ਕੀਤਾ ਜਾਵੇ ਤਾਂ ਜੋ ਉਹ ਨਤੀਜਾਮੁਖੀ ਤਰੀਕੇ ਨਾਲ ਇਹ ਕੇਸ ਪ੍ਰਭਾਵੀ ਢੰਗ ਨਾਲ ਪੇਸ਼ ਕਰ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।