ਨੌਜਵਾਨ ਮੰਤਰੀਆਂ ਤੋਂ ਖ਼ਾਲੀ ਐ ਅਮਰਿੰਦਰ ਸਿੰਘ ਦੀ ਕੈਬਨਿਟ, ਫੇਰਬਦਲ ’ਚ ਵੀ ਯੂਥ ਦੀ ਆਸ ਘੱਟ

Captan Amarinder, Dera Beas

ਕੈਬਨਿਟ ’ਚ ਮੌਜੂਦਾ ਮੰਤਰੀ ਅਧਖੜ ਤੇ ਸੀਨੀਅਰ ਸਿਟੀਜ਼ਨਟ

  • ਕਾਂਗਰਸ ਪਾਰਟੀ ਦੇ 80 ਵਿਧਾਇਕਾਂ ਵਿੱਚੋਂ ਸਿਰਫ਼ 9 ਵਿਧਾਇਕ ਨੌਜਵਾਨ, ਪਹਿਲੀ ਵਾਰ ਜਿੱਤ ਕੇ ਆਏ ਵਿਧਾਨ ਸਭਾ
  • 17 ਮੰਤਰੀਆਂ ਵਿੱਚੋਂ 16 ਮੰਤਰੀ 50 ਤੋਂ ਵੱਧ ਉਮਰ ਵਾਲੇ

ਅਸ਼ਵਨੀ ਚਾਵਲਾ, ਚੰਡੀਗੜ੍ਹ। ਦੇਸ਼ ਅਤੇ ਪੰਜਾਬ ਵਿੱਚ ਯੂਥ ਦੀ ਗੱਲ ਕਰਨ ਵਾਲੀ ਕਾਂਗਰਸ ਪਾਰਟੀ ਪੰਜਾਬ ’ਚ ਯੂਥ ਨੂੰ ਹੀ ਦਰਕਿਨਾਰ ਕਰਨ ਵਿੱਚ ਲੱਗੀ ਹੋਈ ਹੈ। ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਸਾਰੇ ਹੀ ‘ਅਧਖੜ (ਅਧੇੜ) ਤੇ ਸੀਨੀਅਰ ਸਿਟੀਜਨ ਮੰਤਰੀ’ ਭਰੇ ਹੋਏ ਹਨ ਅਤੇ ਇੱਕ ਵੀ ਨੌਜਵਾਨ ਨੂੰ ਅਮਰਿੰਦਰ ਸਿੰਘ ਵੱਲੋਂ ਆਪਣੀ ਕੈਬਨਿਟ ਵਿੱਚ ਸ਼ਾਮਲ ਨਹੀਂ ਕੀਤਾ ਹੋਇਆ ਹੈ। ਸਾਢੇ 4 ਸਾਲ ਦੀ ਸਰਕਾਰ ਵਿੱਚ ਹੁਣ ਤੀਜੀ ਵਾਰ ਕੈਬਨਿਟ ਦਾ ਗਠਨ ਹੋਣ ਜਾ ਰਿਹਾ ਹੈ ਪਰ ਪਹਿਲਾਂ ਵਾਂਗ ਹੀ ਨੌਜਵਾਨਾਂ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਦੀ ਕੋਈ ਖਾਸ ਉਮੀਦ ਵੀ ਨਜ਼ਰ ਨਹੀਂ ਆ ਰਹੀ ਹੈ। ਜਿਹੜੇ ਵਿਧਾਇਕਾਂ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਸਾਰੇ ਹੀ 58 ਸਾਲ ਜਾਂ ਫਿਰ ਇਸ ਤੋਂ ਜ਼ਿਆਦਾ ਦੀ ਉਮਰ ਦੇ ਹਨ।

ਇਸ ਸਮੇਂ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ 50 ਸਾਲ ਤੋਂ ਹੇਠਾਂ ਸਿਰਫ਼ ਵਿਜੈ ਇੰਦਰ ਸਿੰਗਲਾ ਹੀ ਹਨ, ਜਿਨ੍ਹਾਂ ਦੀ ਉਮਰ 49 ਸਾਲ ਦੀ ਹੈ ਪਰ ਉਨ੍ਹਾਂ ਨੂੰ ਵੀ ਕੈਬਨਿਟ ਵਿੱਚੋਂ ਬਾਹਰ ਕਰਦੇ ਹੋਏ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ, ਜੇਕਰ ਇੰੰਜ ਹੋ ਜਾਂਦਾ ਹੈ ਤਾਂ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਸਾਰੇ ਹੀ 50 ਤੋਂ ਜ਼ਿਆਦਾ ਵਾਲੀ ਉਮਰ ਵਾਲੇ ਹੀ ਮੰਤਰੀ ਹੋਣਗੇ।

ਹਾਲਾਂਕਿ ਵਿਧਾਨ ਸਭਾ ਚੋਣਾਂ ਵੇਲੇ ਅਮਰਿੰਦਰ ਸਿੰਘ ਵੱਲੋਂ ਯੂਥ ਨੂੰ ਜ਼ਿਆਦਾ ਤਵਜੋਂ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ 33 ਫੀਸਦੀ ਸੀਟਾਂ ਵੀ ਯੂਥ ਲਈ ਰਾਖਵੀਂਆਂ ਰੱਖਣ ਲਈ ਕਿਹਾ ਗਿਆ ਸੀ, ਉਸ ਸਮੇਂ ਯੂਥ ਕੋਟੇ ਵਿੱਚ ਜ਼ਿਆਦਾ ਪੁਰਾਣੇ ਕਾਂਗਰਸੀਆਂ ਨੂੰ ਸ਼ਾਮਲ ਕਰਨ ਲਈ ਕਾਂਗਰਸ ਪਾਰਟੀ ਨੇ ਯੂਥ ਦੀ ਉਮਰ 35 ਦੀ ਥਾਂ 45 ਸਾਲ ਤੱਕ ਕਰ ਦਿੱਤੀ ਸੀ। ਪਾਰਟੀ ਦੇ ਅੰਦਰੂਨੀ ਹਿਸਾਬ ਨਾਲ ਵੀ 45 ਸਾਲ ਜਾਂ ਫਿਰ ਇਸ ਤੋਂ ਹੇਠਾਂ ਵਾਲਾ ਕੋਈ ਵੀ ਵਿਧਾਇਕ ਕੈਬਨਿਟ ਦਾ ਹਿੱਸਾ ਨਹੀਂ ਹੈ। ਇਸ ਸਮੇਂ 17 ਮੰਤਰੀਆਂ ਵਾਲੀ ਕੈਬਨਿਟ ਵਿੱਚ ਸਾਰੇ ਹੀ ਵੱਡੀ ਉਮਰ ਵਾਲੇ ਵਿਧਾਇਕ ਸ਼ਾਮਲ ਹਨ।

ਅਮਰਿੰਦਰ ਸਿੰਘ ਵੱਲੋਂ ਜਦੋਂ ਆਪਣੀ ਕੈਬਨਿਟ ਦਾ ਗਠਨ 2017 ਵਿੱਚ ਕੀਤਾ ਗਿਆ ਸੀ ਤਾਂ ਉਸ ਸਮੇਂ ਵੀ ਇੱਕ ਵੀ ਨੌਜਵਾਨ ਵਿਧਾਇਕ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਜਦੋਂ ਅਪ੍ਰੈਲ 2018 ਵਿੱਚ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਤਾਂ ਵੀ ਕੈਬਨਿਟ ਵਿੱਚ ਇੱਕ ਵੀ ਨੌਜਵਾਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਮੁੜ ਤੋਂ ਕੈਬਨਿਟ ਵਿੱਚ ਵਾਧਾ ਕਰਨ ਬਾਰੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਈ ਮੰਤਰੀਆਂ ਦੀ ਛੁੱਟੀ ਕਰਦੇ ਹੋਏ ਨਵੇਂ ਕੈਬਨਿਟ ਮੰਤਰੀ ਬਣਾਏ ਜਾ ਸਕਦੇ ਪਰ ਇਸ ਕੈਬਨਿਟ ਵਿਸਥਾਰ ਵਿੱਚ ਵੀ ਇੱਕ ਵੀ ਨੌਜਵਾਨ ਨੂੰ ਸ਼ਾਮਲ ਕਰਨ ਬਾਰੇ ਕੋਈ ਵੀ ਕਾਰਵਾਈ ਨਜ਼ਰ ਨਹੀਂ ਆ ਰਹੀ ਹੈ। ਸੂਤਰਾਂ ਅਨੁਸਾਰ ਜਿਹੜੇ ਵਿਧਾਇਕਾਂ ਨੂੰ ਹੁਣ ਵੀ ਆਪਣੀ ਕੈਬਨਿਟ ਵਿੱਚ ਅਮਰਿੰਦਰ ਸਿੰਘ ਸ਼ਾਮਲ ਕਰਨ ਜਾ ਰਹੇ ਹਨ, ਉਹ ਸਾਰੇ ਹੀ 50 ਸਾਲ ਤੋਂ ਜ਼ਿਆਦਾ ਉਮਰ ਵਾਲੇ ਹੀ ਹਨ।

ਕੈਬਨਿਟ ’ਚ ਯੂਥ ਸਬੰਧੀ ਬੋਲਣ ਨੂੰ ਤਿਆਰ ਨਹੀਂ ਯੂਥ ਪ੍ਰਧਾਨ ਢਿੱਲੋਂ

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਮਰਿੰਦਰ ਸਿੰਘ ਦੀ ਕੈਬਨਿਟ ਬਾਰੇ ਕੁਝ ਵੀ ਬੋਲਣ ਨੂੰ ਹੀ ਤਿਆਰ ਨਹੀਂ ਹਨ। ਅਗਲੇ ਫੇਰਬਦਲ ਦੌਰਾਨ ਯੂਥ ਵਿਧਾਇਕਾਂ ਦੀ ਐਂਟਰੀ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਹੋਣੀ ਚਾਹੀਦੀ, ਇਸ ’ਤੇ ਵੀ ਉਹ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਫੇਰਬਦਲ ਹੋਏਗਾ, ਉਸ ਸਮੇਂ ਦੇਖਿਆ ਜਾਏਗਾ ਪਰ ਇਸ ਸਮੇਂ ਉਹ ਕੈਬਨਿਟ ਮੰਤਰੀਆਂ ਸਬੰਧੀ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।