ਅਮਰਿੰਦਰ ਸਿੰਘ ਅੱਜ ਹੀ ਪੰਜਾਬ ਨੂੰ ਸਰਕਾਰੀ ਮੰਡੀ ਐਲਾਨਣ: ਬਾਦਲ

ਕਿਹਾ, ਪੰਜਾਬ ਨੂੰ ਮੰਡੀ ਐਲਾਨਣ ਤੇ ਏਪੀਐਮਸੀ ਐਕਟ ਨੂੰ ਰੱਦ ਕਰਨ ਵਾਸਤੇ ਵਿਧਾਨ ਸਭਾ ‘ਚ ਅਕਾਲੀ ਦਲ ਦੇਵੇਗਾ ਪੂਰਨ ਹਮਾਇਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੇਂਦਰ ਦੇ ਨਵੇਂ ਐਕਟ ਪੰਜਾਬ ਵਿੱਚ ਲਾਗੂ ਹੋਣ ਤੋਂ ਰੋਕਣ ਦਾ ਇਕਲੌਤਾ ਰਾਹ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਜਾਂ ਕਿਸਾਨ ਜਿਣਸਾਂ ਲਈ ਮੰਡੀ ਐਲਾਨਣਾ ਹੈ ਕਿਉਂਕਿ ਜਿਸ ਨੂੰ ਵੀ ਰਾਜ ਸਰਕਾਰ ਸਰਕਾਰੀ ਮੰਡੀ ਐਲਾਨਦੀ ਹੈ, ਉਸਨੂੰ ਨਵੇਂ ਕੇਂਦਰੀ ਕਾਨੂੰਨਾਂ ਤੋਂ ਛੋਟ ਹੁੰਦੀ ਹੈ। ਬਾਦਲ ਨੇ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਨੂੰ ਜਲਦ ਤੋਂ ਜਲਦ ਚੁੱਕਣੀ ਚਾਹੀਦੀ ਹੈ ਤੇ ਹੋ ਸਕੇ ਤਾਂ ਅੱਜ ਹੀ ਚੁੱਕਣੀ ਚਾਹੀਦੀ ਹੈ ਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਉਹ ਅੱਜ ਇੱਥੇ ਦੋ ਜ਼ਿਲ੍ਹਿਆਂ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਉਹਨਾਂ ਕਿਹਾ ਕਿ ਕੇਂਦਰ ਦੇ ਬਿੱਲਾਂ ਦੇ ਐਕਟ ਬਣਨ ਤੇ ਭਾਰਤ ਸਰਕਾਰ ਵੱਲੋਂ ਨੋਟੀਫਾਈ ਕੀਤੇ ਜਾਣ ਤੋਂ ਪਹਿਲਾਂ ਹੀ ਅਮਰਿੰਦਰ ਸਿੰਘ ਨੂੰ ਆਰਡੀਨੈਂਸ ਰਾਹੀਂ ਇਹ ਫੈਸਲਾ ਐਲਾਨਣਾ ਚਾਹੀਦਾ ਹੈ।ਇਸ ਤੋਂ ਪਹਿਲਾਂ ਪਟਿਆਲਾ ਤੇ ਲੁਧਿਆਣਾ ਵਿੱਚ ਕਿਸਾਨਾਂ ਤੇ ਅਕਾਲੀ ਵਰਕਰਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਪਹਿਲਕਦਮੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਦਿਲੋਂ ਹਮਾਇਤ ਕਰੇਗਾ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਚਾਹੁੰਦਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਸੀ ਮਤਭੇਦ ਪਾਸੇ ਕਰਕੇ ਕਿਸਾਨਾਂ ਦੇ ਹਿੱਤਾਂ ਵਿੱਚ ਡਟਣ।  ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਲੜਾਈ ਵਿੱਚ ਸਾਰੇ ਪੰਜਾਬੀਆਂ ਦੀ ਏਕਤਾ ਚਾਹੁੰਦਾ ਹੈ। ਉਹਨਾਂ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਲੀਡਰਸ਼ਿਪ ਕੇਂਦਰ ਦੇ ਕਿਸਾਨ ਵਿਰੋਧੀ ਕਦਮ ਖਿਲਾਫ ਲੜਾਈ ਵਿੱਚ ਹਰ ਕਿਸਾਨ ਜਥੇਬੰਦੀ ਤੇ ਹਰ ਸਿਆਸੀ ਪਾਰਟੀ ਦੇ ਹਰ ਯਤਨ ਦੀ ਹਮਾਇਤ ਕਰਦੀ ਹੈ ।

ਉਹਨਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਵਿੱਚ ਸਾਰੇ ਕਿਸਾਨਾਂ ਦੀ ਏਕਤਾ ਇਸ ਲੜਾਈ ਵਿੱਚ ਸਫਲਤਾ ਲਈ ਮੁਢਲੀ ਜ਼ਰੂਰਤ ਹੈ। ਬਾਦਲ ਇੱਥੇ 1 ਅਕਤੂਬਰ ਦੇ ਕਿਸਾਨ ਮਾਰਚ ਵਾਸਤੇ ਪਾਰਟੀ ਵਰਕਰਾਂ ਨੂੰ ਲਾਮਬੱਧ ਕਰਨ ਵਾਸਤੇ ਪੁੱਜੇ ਸਨ। ਇਹ ਮਾਰਚ ਪੰਜਾਬ ਦੇ ਤਿੰਨਾਂ ਤਖਤਾਂ ਤੋਂ ਸ਼ੁਰੂ ਹੋਵੇਗਾ ਤੇ ਮੁਹਾਲੀ ਵਿਖੇ ਸਮਾਪਤ ਹੋਵੇਗਾ ਜਿਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.