ਅਮਰਿੰਦਰ ਸਿੰਘ ਨੇ ਸਮਾਂ ਰਹਿੰਦੇ ਨਹੀਂ ਕੀਤੀ ਕਾਰਵਾਈ ਤਾਂ ਹੀ ਹੋਈਆ ਹਨ 110 ਮੌਤਾਂ

ਕਾਂਗਰਸ ਦੇ 2 ਰਾਜਸਭਾ ਮੈਂਬਰਾਂ ਨੇ ਮੁੱਖ ਮੰਤਰੀ Amarinder Singh ਨੂੰ ਠਹਿਰਾਇਆ ਸਾਰੇ ਮਾਮਲੇ ‘ਚ ਦੋਸ਼ੀ

ਰਾਜਸਭਾ ਵਿੱਚ ਮੁੱਦਾ ਚੁੱਕਣ ਦੇ ਨਾਲ ਹੀ ਪ੍ਰਧਾਨ ਮੰਤਰੀ ਨਾਲ ਕਰਨਗੇ ਦੋਵੇਂ ਰਾਜਸਭਾ ਮੈਂਬਰ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਮਾਂ ਰਹਿੰਦੇ ਕਾਰਵਾਈ ਹੀ ਨਹੀਂ ਕੀਤੀ, ਜਿਸ ਕਾਰਨ ਹੀ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ 110 ਤੋਂ ਜਿਆਦਾ ਮੌਤਾਂ ਹੋ ਗਈਆਂ ਹਨ। ਇਸ ਲਈ ਸਿੱਧੇ ਤੌਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਜਿੰਮੇਵਾਰ ਹਨ, ਕਿਉਂਕਿ ਉਨਾਂ ਵਲੋਂ ਵਾਰ ਵਾਰ ਬਕਾਇਦਾ ਪੱਤਰ ਲਿਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਕਿਸੇ ਵੀ ਤਰਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਵਿੱਚ ਮੌਤਾਂ ਦੇ ਤਾਂਡਵ ਤੋਂ ਬਾਅਦ ਹੁਣ ਉਹ ਚੁੱਪ ਬੈਠਣ ਵਾਲੇ ਨਹੀਂ ਹਨ। ਇਨਾਂ ਮੌਤਾਂ ਨੂੰ ਲੈ ਕੇ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਜਾਏਗੀ। ਇਥੇ ਹੀ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੂੰ ਮਿਲ ਕੇ ਪੰਜਾਬ ਦੇ ਇਸ ਹੱਤਿਆ ਕਾਂਡ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਜਾਏਗੀ।

ਪੰਜਾਬ ਸਰਕਾਰ ਇਹ ਸਖ਼ਤ ਤੇਵਰ ਵਿਰੋਧੀ ਪਾਰਟੀਆਂ ਵਲੋਂ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਹੀ 2 ਰਾਜ ਸਭਾ ਮੈਂਬਰਾਂ ਵਲੋਂ ਦਿਖਾਏ ਗਏ ਹਨ। ਕਾਂਗਰਸ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਵਲੋਂ ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਬੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਨਾ ਸਿਰਫ਼ ਪੰਜਾਬ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਗਏ ਹਨ, ਸਗੋਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰ ਦਿੱਤੀ ਗਈ ਹੈ।

ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੋਹੇ ਰਾਜਸਭਾ ਮੈਂਬਰ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਜਿਹੜੀਆਂ 110 ਤੋਂ ਜਿਆਦਾ ਮੌਤਾਂ ਹੋਈਆਂ ਹਨ। ਉਸ ਲਈ ਸਿੱਧੇ ਤੌਰ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਕਿਉਂਕਿ ਉਹ ਪਿਛਲੇ ਕਈ ਮਹੀਨੇ ਤੋਂ ਉਨਾਂ ਵੱਲੋਂ ਲਗਾਤਾਰ ਪੱਤਰ ਲਿਖਦੇ ਹੋਏ ਸਾਰੇ ਗੈਰ ਕਾਨੂੰਨੀ ਕੰਮਾਂ ਤੋਂ ਜਾਣੂੰ ਕਰਵਾਇਆ ਜਾ ਰਿਹਾ ਸੀ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਨਾਂ ਪੱਤਰ ਤੋਂ ਬਾਅਦ ਨਾ ਹੀ ਕੋਈ ਜੁਆਬ ਦਿੱਤਾ ਅਤੇ ਨਾ ਹੀ ਕੋਈ ਕਾਰਵਾਈ ਕੀਤੀ।

ਉਨਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਹੀ ਜ਼ਹਿਰੀਲੀ ਸ਼ਰਾਬ ਮਾਫੀਆ ਵਲੋਂ ਇੰਨਾ ਵੱਡਾ ਹੱਤਿਆ ਕਾਂਡ ਪੰਜਾਬ ਵਿੱਚ ਅੰਜਾਮ ਦੇ ਦਿੱਤਾ ਗਿਆ ਹੈ। ਇਨਾਂ ਦੋਹੇ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਖ਼ੁਦ ਇਸ ਮਾਮਲੇ ਵਿੱਚ ਚੁੱਪ ਬੈਠਣ ਵਾਲੇ ਨਹੀਂ ਹਨ, ਕਿਉਂਕਿ ਪੰਜਾਬ ਦੇ ਪ੍ਰਤੀ ਉਨਾਂ ਦਾ ਵੀ ਕੁਝ ਫਰਜ਼ ਬਣਦਾ ਹੈ। ਉਨਾਂ ਕਿਹਾ ਕਿ ਇਸ ਪੂਰੇ ਹੱਤਿਆਕਾਂਡ ਵਿੱਚ ਬਹੁਤ ਸਾਰੇ ਮਗਰ-ਮੱਛ ਵੀ ਸ਼ਾਮਲ ਹਨ, ਜਿਨਾਂ ਨੂੰ ਗ੍ਰਿਫ਼ਤਾਰ ਕਰਨਾ ਜਰੂਰੀ ਹੈ, ਜਿਸ ਕਾਰਨ ਹੀ ਇਸ ਮਾਮਲੇ ਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਉਹ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਦੇ ਹੋਏ ਇਸ ਹੱਤਿਆ ਕਾਂਡ ਬਾਰੇ ਗੱਲਬਾਤ ਕਰਨਗੇ ਤਾਂ ਕਿ ਦੋਸ਼ੀਆਂ ਨੂੰ ਜਲਦ ਹੀ ਸਜਾ ਮਿਲ ਸਕੇ।

ਉਨਾਂ ਇਥੇ ਕਿਹਾ ਕਿ ਇਸ ਹੱਤਿਆ ਕਾਂਡ ਦੀ ਜਾਣਕਾਰੀ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੂੰ ਵੀ ਮਿਲ ਕੇ ਦਿੱਤੀ ਜਾਏਗੀ।
ਇਥੇ ਹੀ ਦੋਹੇ ਕਾਂਗਰਸ ਦੇ ਰਾਜ ਸਭਾ ਮੈਂਬਰਾਂ ਨੇ ਐਲਾਨ ਕੀਤਾ ਹੈ ਕਿ ਇਸ ਮੁੱਦੇ ਨੂੰ ਰਾਜ ਸਭਾ ਵਿੱਚ ਚੁੱਕਣਗੇ ਤਾਂ ਕਿ ਦੋਸ਼ੀਆਂ ਨੂੰ ਸਜਾ ਮਿਲ ਸਕੇ ਅਤੇ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ