ਅਮਰਿੰਦਰ ਸਿੰਘ ਦਿੱਲੀ ‘ਤਲਬ’, ਮੰਗਲਵਾਰ ਨੂੰ ਹੋ ਸਕਦੀ ਐ ਸੋਨੀਆ ਗਾਂਧੀ ਨਾਲ ਮੁਲਾਕਾਤ

ਪੰਜਾਬ ਕਾਂਗਰਸ ’ਚ ਚਲ ਰਹੇ ਕਲੇਸ਼ ਦਾ ਲੱਭਿਆ ਜਾਏਗਾ ਰਸਤਾ, ਦਿੱਤੇ ਜਾਣਗੇ ਆਦੇਸ਼

  • ਨਵਜੋਤ ਸਿੱਧੂ ਨਾਲ ਹੋ ਚੁੱਕੀ ਐ ਮੁਲਾਕਾਤ, ਅਮਰਿੰਦਰ ਨਾਲ ਮੁਲਾਕਾਤ ਤੋਂ ਬਾਅਦ ਆਉਣਗੇ ਸੁਲਹ ਦੇ ਆਦੇਸ਼

ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦਿੱਲੀ ਵਿਖੇ ਸੋਨੀਆ ਗਾਂਧੀ ਨੇ ਤਲਬ ਕਰ ਲਿਆ ਹੈ। ਮੰਗਲਵਾਰ ਨੂੰ ਅਮਰਿੰਦਰ ਸਿੰਘ ਦੀ ਮੁਲਾਕਾਤ ਸੋਨੀਆ ਗਾਂਧੀ ਨਾਲ ਹੋ ਸਕਦੀ ਹੈ ਸੂਤਰਾਂ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਮੰਗਲਵਾਰ ਨੂੰ ਹੀ ਦਿੱਲੀ ਪੁੱਜਦੇ ਹੋਏ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਪੰਜਾਬ ਵਿੱਚ ਚਲ ਰਹੇ ਅੰਦਰੂਨੀ ਕਲੇਸ਼ ਨੂੰ ਖ਼ਤਮ ਕਰਨ ਲਈ ਸੋਨੀਆ ਗਾਂਧੀ ਵੱਲੋਂ ਇਸ ਮੁਲਾਕਾਤ ਤੋਂ ਬਾਅਦ ਆਦੇਸ਼ ਜਾਰੀ ਕੀਤੇ ਜਾ ਸਕਦੇ ਹਨ। ਸੋਨੀਆ ਗਾਂਧੀ ਵੱਲੋਂ ਪੰਜਾਬ ਦੇ ਕਲੇਸ਼ ਨੂੰ ਲੈ ਕੇ ਫ਼ਾਰਮੂਲਾ ਤਿਆਰ ਕਰ ਲਿਆ ਗਿਆ ਹੈ, ਜਿਹੜਾ ਕਿ ਅਮਰਿੰਦਰ ਸਿੰਘ ਨੂੰ ਦੱਸਦੇ ਹੋਏ ਉਸ ’ਤੇ ਮੁਹਰ ਲਾਈ ਜਾਏਗੀ। ਸੋਨੀਆ ਗਾਂਧੀ ਇਸ ਮਾਮਲੇ ਵਿੱਚ ਅਮਰਿੰਦਰ ਸਿੰਘ ਨੂੰ ਭਰੋਸੇ ਵਿੱਚ ਲਏ ਬਿਨਾਂ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੁੰਦੇ ਹੈ।

ਸੋਨੀਆ ਗਾਂਧੀ ਵੱਲੋਂ ਅਮਰਿੰਦਰ ਸਿੰਘ ਦਿੱਲੀ ਸੱਦਣ ਤੋਂ ਬਾਅਦ ਇੰਜ ਲੱਗ ਰਿਹਾ ਹੈ ਕਿ ਹੁਣ ਪੰਜਾਬ ਦਾ ਕਲੇਸ਼ ਜਿਆਦਾ ਦਿਨ ਚੱਲਣ ਵਾਲਾ ਨਹੀਂ, ਕਿਉਂਕਿ ਹਾਈਕਮਾਨ ਦੇ ਆਦੇਸ਼ ਤੋਂ ਬਾਅਦ ਇਸ ਦਾ ਨਿਪਟਾਰਾ ਹੋਣ ਦੇ ਆਸਾਰ ਜਿਆਦਾ ਹਨ। ਅਮਰਿੰਦਰ ਸਿੰਘ ਤੋਂ ਪਹਿਲਾਂ ਵਿਧਾਇਕ ਨਵਜੋਤ ਸਿੱਧੂ ਨੇ ਪਿਛਲੇ ਹਫ਼ਤੇ ਹੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਦੇ ਹੋਏ ਆਪਣੀ ਗੱਲਬਾਤ ਰੱਖੀ ਸੀ। ਜਿਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਸੋਨੀਆ ਗਾਂਧੀ ਨਾਲ ਵੀ ਗੱਲਬਾਤ ਕੀਤੀ ਸੀ। ਅਮਰਿੰਦਰ ਸਿੰਘ ਦੇ ਰਿਸ਼ਤੇ ਸੋਨੀਆ ਗਾਂਧੀ ਨਾਲ ਕਾਫ਼ੀ ਜਿਆਦਾ ਨਜ਼ਦੀਕੀ ਹਨ, ਜਿਸ ਕਾਰਨ ਹੀ ਅਮਰਿੰਦਰ ਸਿੰਘ ਨੂੰ ਕਿਸੇ ਵੀ ਤਰ੍ਹਾਂ ਦੇ ਆਦੇਸ਼ ਰਾਹੁਲ ਗਾਂਧੀ ਜਾਂ ਫਿਰ ਪ੍ਰਿਅੰਕਾ ਗਾਂਧੀ ਵੱਲੋਂ ਆਉਣ ਦੀ ਥਾਂ ’ਤੇ ਸੋਨੀਆ ਗਾਂਧੀ ਵੱਲੋਂ ਹੀ ਆਉਣਗੇ। ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ ਦੀ ਇਹ ਮੁਲਾਕਾਤ ਪੰਜਾਬ ਲਈ ਕਾਫ਼ੀ ਜਿਆਦਾ ਅਹਿਮ ਮੰਨੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।