ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਕੀ ਮੈਂ ਇਮਾਨਦਾ...

    ਕੀ ਮੈਂ ਇਮਾਨਦਾਰ ਹਾਂ ?

    ਕੀ ਮੈਂ ਇਮਾਨਦਾਰ ਹਾਂ ?

    ਅੱਜ-ਕੱਲ੍ਹ ਹਰ ਪਾਸੇ ਵੱਡਾ ਸ਼ੋਰ ਹੈ, ਹਰ ਕੋਈ ਕਹਿ ਰਿਹਾ ਹੈ ਕਿ ਵੱਡੀਆਂ ਰਾਜਨੀਤਿਕ ਪਾਰਟੀਆਂ, ਵੱਡੇ-ਵੱਡੇ ਸਿਆਸਤਦਾਨ, ਵੱਡੇ-ਵੱਡੇ ਉਦਯੋਗਪਤੀ, ਨੌਕਰਸ਼ਾਹ, ਪੁਲਿਸ-ਪ੍ਰਸ਼ਾਸਨ ਅਤੇ ਸਰਕਾਰੀ ਮੁਲਾਜ਼ਮ, ਸਭ ਭਿ੍ਰਸ਼ਟਾਚਾਰੀ ਨੇ ਤੇ ਇਹ ਗੱਲ ਹਰੇਕ ਲਈ ਤਾਂ ਨਹੀਂ ਪਰ ਜ਼ਿਆਦਾਤਰ ਲਈ ਠੀਕ ਵੀ ਜਾਪਦੀ ਹੈ। ਭਿ੍ਰਸ਼ਟਾਚਾਰ ਦਾ ਅਰਥ ਹੈ, ਕਿਸੇ ਵੀ ਤਰ੍ਹਾਂ ਦਾ ਅਨੈਤਿਕ ਜਾਂ ਅਣਉਚਿਤ ਵਿਹਾਰ ਤਾਂ ਫੇਰ ਇਸ ਸਭ ਦੇ ਵਿਚਾਲੇ, ਸਾਡੇ ਸਭ ਲਈ ਵੀ ਇੱਕ ਬਹੁਤ ਹੀ ਵੱਡਾ ਸਵਾਲ ਪੈਦਾ ਹੋ ਜਾਂਦਾ ਹੈ, ਜਿਸ ਦਾ ਜਵਾਬ ਮਿਲਣਾ ਬੇਹੱਦ ਜਰੂਰੀ ਹੈ, ਉਹ ਅਹਿਮ ਸਵਾਲ ਹੈ ਕਿ, ਕੀ ਅਸੀਂ ਸਾਰੇ ਇਮਾਨਦਾਰ ਹਾਂ, ਕੀ ਅਸੀਂ ਭਿ੍ਰਸ਼ਟ ਨਹੀਂ ਹਾਂ?

    ਪਿਛਲੇ ਮਹੀਨੇ ਹੀ ਇੱਕ ਵਿਦਿਆਰਥੀ ਬੱਚੇ ਦਾ ਪਿਤਾ ਉਸ ਨੂੰ ਸਕੂਲ ’ਚ ਮੇਰੇ ਕੋਲ ਲੈ ਕੇ ਆਇਆ ਤੇ ਮੈਨੂੰ ਕਹਿੰਦਾ, ‘ਮਾਸਟਰ ਜੀ, ਇਹਦੇ ਦੋ ਲਾਓ ਕੰਨਾਂ ਹੇਠ, ਮੇਰੀ ਤਾਂ ਮੰਨਦਾ ਨਹੀਂ, ਇਹ ਨਹਿਰ ’ਚ ਨਹਾਉਂਦਾ ਹੈ।’ ਮੈਂ ਸੋਚ ਵਿਚ ਪੈ ਗਿਆ ਤੇ ਫੇਰ ਬੱਚੇ ਨੂੰ ਚੁੱਪ-ਚਾਪ ਕਲਾਸ ਵਿੱਚ ਭੇਜ ਦਿੱਤਾ। ‘ਮਾਸਟਰ ਜੀ, ਥੋੜ੍ਹਾ ਝਿੜਕ ਤਾਂ ਦਿੰਦੇ’ ਬੱਚੇ ਦੇ ਪਿਤਾ ਨੇ ਕਿਹਾ ਤਾਂ ਮੈਂ ਜਵਾਬ ਦਿੱਤਾ, ‘ਮਾਫ ਕਰਨਾ ਜੀ, ਮੈਂ ਤਾਂ ਆਪ ਵੀ ਅਜੇ ਨਹਿਰ ’ਚ ਨਹਾਉਂਦਾ ਹਾਂ, ਜਦੋਂ ਮੈਂ ਆਪ ਛੱਡਾਂਗਾ ਤਾਂ ਹੀ ਮੈਂ ਬੱਚੇ ਨੂੰ ਰੋਕ ਸਕਾਂਗਾ।

    ਕੋਈ ਵੀ ਸਿਆਸਤਦਾਨ, ਸਰਕਾਰੀ ਅਧਿਕਾਰੀ ਜਾਂ ਉਦਯੋਗਪਤੀ, ਸਿੱਧਾ ਅਸਮਾਨ ਤੋਂ ਨਹੀਂ ਡਿੱਗਦਾ। ਉਹ ਸਾਡੇ ਆਮ ਘਰਾਂ ਵਿੱਚ ਜਨਮ ਲੈ ਕੇ, ਆਮ ਮਾਹੌਲ ’ਚ ਹੀ ਵੱਡੇ ਹੁੰਦੇ ਹਨ। ਉਹ ਵੀ ਇਸੇ ਸਮਾਜ ਦਾ ਹੀ ਹਿੱਸਾ ਹਨ, ਜਿਸ ਸਮਾਜ ਦੀ ਵਿਡੰਬਨਾ ਇਹ ਹੈ ਕਿ ਸਾਨੂੰ ਆਪਣੇ ਘਰਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਹਮੇਸ਼ਾ ਹੀ, ਇਹੋ ਸਿੱਖਿਆ ਦਿੱਤੀ ਜਾਂਦੀ ਹੈ ਜਾਂ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਚੀਜ਼ ਕਿਸੇ ਵੀ ਤਰੀਕੇ ਨਾਲ ਪ੍ਰਾਪਤ ਕਰਨਾ ਜਾਂ ਉਸ ਨੂੰ ਨਿੱਜੀ ਹਿੱਤ ’ਚ ਵਰਤਣਾ ਅਨੈਤਿਕ ਨਹੀਂ ਹੈ, ਸਗੋਂ ਉਹ ਸਾਡੀ ਪ੍ਰਾਪਤੀ ਹੈ ।

    ਜਦੋਂ ਅਸੀਂ ਅਜਿਹੇ ਸੰਸਕਾਰਾਂ ਦੇ ਵਾਰਸ ਹੁੰਦੇ ਹਾਂ ਤਾਂ ਭਿ੍ਰਸ਼ਟਾਚਾਰ ਦਾ ਮੌਕਾ ਮਿਲਦੇ ਹੀ, ਇਹੀ ਸੌੜੀ ਮਾਨਸਿਕਤਾ, ਸਾਡੇ ’ਤੇ ਭਾਰੂ ਹੋ ਜਾਂਦੀ ਹੈ। ਛੋਟੇ-ਛੋਟੇ ਬੱਚੇ ਜਦੋਂ ਨਿੱਤਨੇਮ ਕਰਨ ਵਾਲੇ ਆਪਣੇ ਬਜ਼ੁਰਗ ਦਾਦਾ ਜੀ ਨੂੰ ਬਿਜਲੀ ਦੀ ਕੁੰਡੀ ਨਿੱਤ ਲਾਉਂਦੇ ਵੇਖਦੇ ਨੇ, ਉਹੀ ਬੱਚੇ ਨਕਲ ਕਰਵਾਉਣ ਲਈ ਮਾਪਿਆਂ ਨੂੰ ਤੇ ਆਪਣੇ ਹੀ ਆਦਰਸ਼ ਅਧਿਆਪਕਾਂ ਨੂੰ ਸੁਪਰਡੈਂਟ ਦੀਆਂ ਲੇਲ੍ਹੜੀਆਂ ਕੱਢਦੇ ਵੇਖਦੇ ਨੇ ਤਾਂ ਵੱਡੇ ਹੋ ਕੇ ਉਨ੍ਹਾਂ ਬੱਚਿਆਂ ’ਚ ਪਾਕ ਸਾਫ, ਨਿੱਗਰ ਸ਼ਖਸੀਅਤ ਦ ਨਿਰਮਾਣ ਹੋਣਾ ਕਿਵੇਂ ਮੁਮਕਿਨ ਹੈ? ਸਾਡੇ ਦੇਸ਼ ਵਿੱਚ ਵੀ ਇਮਾਨਦਾਰ ਲੋਕਾਂ ਦੀ ਕੋਈ ਕਮੀ ਨਹੀਂ ਹੈ, ਪਰ ਅਸਲ ਇਮਾਨਦਾਰ ਤਾਂ ਸਿਰਫ ਉਹ ਹਨ, ਜਿਨ੍ਹਾਂ ਨੂੰ ਭਿ੍ਰਸ਼ਟਾਚਾਰ ਦਾ ਮੌਕਾ ਮਿਲਦਾ ਹੈ ਪਰ ਫੇਰ ਵੀ ਉਹ ਨੈਤਿਕਤਾ ’ਤੇ ਕਾਇਮ ਰਹਿੰਦੇ ਹਨ।

    ਸਾਡੇ ਦੇਸ਼ ਦੇ ਵੱਡੇ ਲੀਡਰ, ਅਫਸਰਸ਼ਾਹ, ਸਰਕਾਰੀ ਅਧਿਕਾਰੀ ਵੱਡੇ ਘੁਟਾਲੇ ਕਰਦੇ ਨੇ ਪਰ ਕੀ ਆਪਾਂ ਘੱਟ ਗੁਜ਼ਾਰਦੇ ਹਾਂ? ਆਪਣੇ ਵਿਚੋਂ ਇਮਾਨਦਾਰ ਕਹਾਉਣ ਵਾਲੇ ਜ਼ਿਆਦਾਤਰ ਸਾਥੀਆਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਆਪਾਂ ਬਿਜਲੀ ਚੋਰੀ ਕਰਦੇ ਹਾਂ, ਘਰ ਭਾਵੇਂ ਸਾਡਾ ਦੋ ਕਨਾਲ ’ਚ ਹੋਵੇ ਪਰ ਗਲੀ ਵਿੱਚ ਕਬਜਾ ਕਰਨ ਲਈ ਅਸੀਂ ਥੜ੍ਹਾ ਪੂਰਾ ਵਧਾ ਕੇ ਗਲੀ ਦੇ ਵਿੱਚ ਨਜਾਇਜ਼ ਕਬਜ਼ਾ ਕਰਦੇ ਹਾਂ, ਇੱਥੋਂ ਤੱਕ ਕਿ ਦਰਵਾਜਾ ਵੀ ਗਲੀ ’ਚ ਖੁੱਲ੍ਹਣ ਵਾਲਾ ਹੀ ਬਣਵਾਉਂਦੇ ਹਾਂ, ਪਾਣੀ ਦੇ ਕੁਨੈਕਸ਼ਨ ਨੂੰ ਮਿਆਰੀ ਪੈਮਾਨੇ ਤੋਂ ਵੱਡਾ ਰੱਖਦੇ ਹਾਂ ਤੇ ਫੇਰ ਅੰਮ੍ਰਿਤ ਰੂਪੀ ਪੀਣ ਵਾਲਾ ਪਾਣੀ ਫਲੱਸ਼ਾਂ ’ਚ ਛੱਡਦੇ ਹੋਏ ਪਾਣੀ ਦੀ ਸ਼ਰੇਆਮ ਬਰਬਾਦੀ ਕਰਦੇ ਹਾਂ, ਅਸੀਂ ਗਲੀ ਵਿੱਚ ਛੱਤ ਦੇ ਬਾਹਰ ਬਨੇਰੇ ਕੱਢਦੇ ਆਂ, ਜਨਤਕ ਥਾਵਾਂ ਅਤੇ ਜਨਤਕ ਆਵਾਜਾਈ ਦੇ ਸਾਧਨਾਂ ਵਿੱਚ ਆਪਾਂ ਖੁੱਲ੍ਹ ਕੇ ਗੰਦਗੀ ਫੈਲਾਉਂਦੇ ਆਂ, ਚੋਣਾਂ ਵੇਲੇ ਆਪਾਂ ਜਾਤ-ਪਾਤ ਜਾਂ ਕੋਈ ਹੋਰ ਕੌੜਾ-ਮਿੱਠਾ ਲਾਲਚ ਦੇਖ ਕੇ ਵੋਟਾਂ ਪਾਵਾਂਗੇ, ਕੀ-ਕੀ ਲਿਖਾਂਗੇ!

    ਮੂਲ ਗੱਲ ਤਾਂ ਇਹ ਹੈ ਕਿ ਸਾਡੇ ’ਚੋਂ ਜ਼ਿਆਦਾਤਰ ਉਦੋਂ ਤੱਕ ਹੀ ਇਮਾਨਦਾਰ ਹਨ, ਜਦੋਂ ਤੱਕ ਬੇਈਮਾਨੀ ਦਾ ਮੌਕਾ ਨਹੀਂ ਮਿਲਦਾ। ਹਰ ਕੋਈ ਇਸ ਹਮਾਮ ’ਚ ਨੰਗਾ ਹੈ, ਕਿਉਂਕਿ ਇਹ ਸਾਡੀ ਮਾਨਸਿਕਤਾ ’ਚ ਹੈ ਕਿ ਕਿਸੇ ਵੀ ਤਰੀਕੇ ਨਾਲ ਭੌਤਿਕ ਵਸੀਲੇ ਵੱਧ ਤੋਂ ਵੱਧ ਜੁਟਾਏ ਜਾਣ। ਗੱਲ ਕੌੜੀ ਹੈ ਪਰ ਸੱਚੀ ਹੈ ਕਿ ਆਪਣੇ ਆਮ ਇਨਸਾਨਾਂ ਵਿੱਚੋਂ ਵੀ ਜਿਆਦਾਤਰ ਭਿ੍ਰਸ਼ਟ ਨੇ ਕੋਈ ਰੱਤੀ ਵੱਧ ਤੇ ਕੋਈ ਭੋਰਾ ਘੱਟ
    ਅਸਲ ’ਚ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਦਲਣ ਦੀ ਜਰੂਰਤ ਹੈ। ਭਿ੍ਰਸ਼ਟਾਚਾਰ ਦੇਸ਼ ਨੂੰ ਘੁਣ ਵਾਂਗ ਲਗਾਤਾਰ ਚੱਟਦਾ ਜਾ ਰਿਹਾ ਹੈ, ਜੋ ਆਉਣ ਵਾਲੇ ਸਮੇਂ ਲਈ ਬਹੁਤ ਖਤਰਨਾਕ ਰੁਝਾਨ ਹੈ। ਸਾਨੂੰ ਤੁਰੰਤ, ਨੈਤਿਕ ਸਿੱਖਿਆ ਨੂੰ ਪਾਠਕ੍ਰਮ ਵਿੱਚ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਕੇ, ਪ੍ਰਾਇਮਰੀ ਪੱਧਰ ਤੋਂ ਹੀ ਪੜ੍ਹਾਇਆ ਜਾਣਾ ਚਾਹੀਦਾ ਹੈ।

    ਸਾਨੂੰ ਸਾਰਿਆਂ ਨੂੰ ਆਪਣੀ ਸੋਚ, ਵਿਹਾਰ ਤੇ ਆਪਣੇ ਦਾਇਰੇ ਨੂੰ ਬਦਲਣਾ ਪਵੇਗਾ। ਮੇਰੇ ਇੱਕ ਅਧਿਆਪਕ ਮਿੱਤਰ ਨੇ, ਆਪਣੇ ਵੱਡੇ ਭਰਾ ਵੱਲੋਂ ਗਲੀਆਂ ਦੇ ਠੇਕੇਦਾਰ ਦਾ ਚੋਰੀ ਨਾਲ ਨੱਪਿਆ ਪਾਇਪ ਦਾ ਟੁਕੜਾ ਠੇਕੇਦਾਰ ਨੂੰ ਵਾਪਸ ਮੋੜ’ਤਾ, ਇਸ ਚੋਰੀ ’ਤੇ ਸ਼ਰਮਿੰਦਾ ਹੋਣ ਦੀ ਬਜਾਏ ਮਾਸਟਰ ਦੇ ਭਰਾ ਦਾ ਕਹਿਣਾ ਸੀ, ਤੂੰ ਮੇਰੀ ਬੇਇੱਜ਼ਤੀ ਕੀਤੀ ਏ, ਤੈਨੂੰ ਚੜੇ੍ਹ ਮਹੀਨੇ 50 ਹਜ਼ਾਰ ਆਉਂਦਾ ਤਾਂ ਇਮਾਨਦਾਰੀ ਜ਼ਿਆਦਾ ਆਉਂਦੀ ਏ, ਠੇਕੇਦਾਰ ਨੂੰ ਬੜਾ ਫਰਕ ਪੈਣਾ ਸੀ! ਇਸ ਗੱਲ ਤੋਂ ਬਾਅਦ ਵੱਡੇ ਭਰਾ ਵੱਲੋਂ, ਮਾਸਟਰ ਨਾਲ ਬੋਲਚਾਲ ਨਾ-ਮਾਤਰ ਦੀ ਈ ਰਹਿ ਗਈ ਹੈ।

    ਭਿ੍ਰਸਟਾਚਾਰ ਨੂੰ ਗਰੀਬੀ ਦੇ ਬਹਾਨੇ ਨਾਲ ਜਾਂ ਕਿਸੇ ਦੂਜੇ ਦੀ ਅਮੀਰੀ ਦੀ ਓਹਲੇ ਨਾਲ, ਕਿਸੇ ਵੀ ਤਰ੍ਹਾਂ ਨਾਲ ਜਾਇਜ ਨਹੀਂ ਠਹਿਰਾਇਆ ਜਾ ਸਕਦਾ। ਜੇਕਰ ਤੁਸੀਂ ਉੱਪਰਲੇ ਸਿਖਰ ਤੱਕ ਵਿਵਸਥਾ ਨੂੰ ਸਾਫ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹੇਠਾਂ ਤੋਂ ਈ ਸਫਾਈ ਸ਼ੁਰੂ ਕਰਨੀ ਪਵੇਗੀ। ਸਾਡੇ ਬੱਚੇ ਹਮੇਸ਼ਾ ਸਾਡੀ ਹੀ ਨਕਲ ਕਰਦੇ ਹਨ, ਜਿਹਾ ਵੇਖਣਗੇ, ਉਹੀ ਕਰਨਗੇ, ਉਹੀ ਬਣਨਗੇ, ਹੁਣ ਅਸੀਂ ਤੈਅ ਕਰਨਾ ਹੈ ਕਿ ਭਵਿੱਖ ’ਚ ਕਿਹੋ-ਜਿਹੇ ਸਮਾਜ ਦਾ ਨਿਰਮਾਣ ਕਰਨਾ ਹੈ
    ਖੂਈ ਖੇੜਾ, ਫਾਜ਼ਿਲਕਾ ਮੋ. 98727-05078

    ਅਸ਼ੋਕ ਸੋਨੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here