ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੇ ਜਾ ਰਹੇ ਪੁਲਿਸ ਵੱਲੋਂ ਮੁੱਕਦਮੇ ਦਰਜ
ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼) ਪਿਛਲੇ ਦਿਨਾਂ ਤੋਂ ਪੰਜਾਬ ‘ਚ ਇੱਕ ਦਮ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵਧਣ ਤੋਂ ਬਾਅਦ ਐਕਸ਼ਨ ‘ਚ ਪੰਜਾਬ ਸਰਕਾਰ ਵੱਲੋਂ ਨਸ਼ਾਂ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਕਾਰਵਾਈ ਆਰੰਭ ਲਈ, ਜਿਸ ਦੇ ਜ਼ਿਲ੍ਹਾ ਫਿਰੋਜ਼ਪੁਰ ‘ਚ ਨਸ਼ਿਆਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੇ ਸਬੰਧੀ ਫਿਰੋਜ਼ਪੁਰ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਕੁਝ ਲੋਕਾਂ ਖਿਲਾਫ਼ ਪਰਚੇ ਦਰਜ ਕੀਤੇ ਗਏ ਜਿਨ੍ਹਾਂ ਨੂੰ ਲੈ ਕੇ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਇੱਕ ਪਰਿਵਾਰ ਵੱਲੋਂ ਇਹਨਾਂ ਪਰਚਿਆਂ ਨੂੰ ਝੂਠੇ ਦੱਸਦੇ ਹੋਏ ਕਈ ਖੁਲਾਸੇ ਕੀਤੇ। ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ‘ਚ ਬਿੱਕਰ ਸਿੰਘ, ਨਛੱਤਰ ਸਿੰਘ ਆਦਿ ਨੇ ਦੱਸਿਆ ਕਿ ਉਹ ਮੰਨਦੇ ਹਨ ਕਿ ਉਹ 8-10 ਸਾਲ ਪਹਿਲਾਂ ਸ਼ਰਾਬ ਦਾ ਕੰਮ ਕਰਦੇ ਸਨ ਜੋ ਉਹਨਾਂ ਬਿਲਕੁਲ ਬੰਦ ਕਰਕੇ ਖੇਤਬਾੜੀ ਦਾ ਧੰਦਾ ਅਪਣਾ ਲਿਆ ਹੈ।
ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਪਹਿਲਾਂ ਵੀ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਉਹਨਾਂ ਨੂੰ ਕਥਿਤ ਤੌਰ ‘ਤੇ ਨਸ਼ੇ ਦੇ ਝੂਠੇ ਕੇਸਾਂ ‘ਚ ਫਸਾਇਆ ਗਿਆ ਪਰ ਮਾਣਯੋਗ ਅਦਾਲਤ ‘ਚ ਸਾਨੂੰ ਬੇਗੁਨਾਹ ਮੰਨਦੇ ਹੋਏ ਬਾ-ਇੱਜ਼ਤ ਬਰੀ ਕੀਤਾ ਗਿਆ। ਉਹਨਾਂ ਦੱਸਿਆ ਕਿ ਹੁਣ ਇੱਕ ਵਾਰ ਫਿਰ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਉਹਨਾਂ ਦੇ ਲੜਕਿਆਂ ਰਾਜਵਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਖਿਲਾਫ਼ ਧਾਰਾ 304 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਕਥਿਤ ਝੂਠੇ ਕੇਸ ‘ਚ ਫਸਾ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਬੀਤੇ ਦਿਨ ਫਿਰੋਜ਼ਪੁਰ ਦੇ ਜ਼ੀਰਾ ਗੇਟ ਦੇ ਵਾਸੀ ਸ਼ਿਵਮ ਪੁੱਤਰ ਅਸ਼ੋਕ ਕੁਮਾਰ ਨਾਂਅ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਸੀ ਪਰ ਸ਼ਿਵਮ ਅਤੇ ਨਸ਼ੇ ਨਾਲ ਉਹਨਾਂ ਦਾ ਕੋਈ ਤਲਕ ਵਾਸਤਾ ਨਹੀਂ ਹੈ।
ਉਹਨਾਂ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਸ਼ਿਵਮ ਦੇ ਮਾਤਾ ਪਿਤਾ ਨੇ ਪੁਲਿਸ ਨੂੰ ਕੋਈ ਬਿਆਨ ਦਰਜ ਨਹੀਂ ਕਰਵਾਏ ਅਤੇ ਨਾ ਹੀ ਸ਼ਿਵਮ ਦਾ ਕੋਈ ਪੋਸਟਮਾਰਟਮ ਹੋਇਆ ਹੈ, ਜਿਸ ਦੇ ਬਾਵਜ਼ੂਦ ਪੁਲਿਸ ਨੇ ਕਥਿਤ ਤੌਰ ‘ਤੇ ਸਾਡੇ ਵਿਰੋਧੀਆਂ ਦੇ ਗਲਤ ਬਿਆਨਾਂ ਦੇ ਅਧਾਰ ‘ਤੇ ਸਾਡੇ ਲੜਕਿਆਂ ਖਿਲਾਫ਼ ਝੂਠੇ ਮਾਮਲੇ ਦਰਜ ਕਰਕੇ ਸਾਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਜੇਕਰ ਫਿਰੋਜ਼ਪੁਰ ਦਾ ਕੋਈ ਨਸ਼ਾ ਤਸਕਰ ਜ਼ਾਂ ਨਸ਼ਾ ਸੇਵਨ ਕਰਨ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਪੁੱਛਗਿੱਛ ਦੌਰਾਨ ਸੱਚ ਸਾਹਮਣੇ ਲਿਆਂਦੇ ਜਾ ਸਕਣਗੇ ਨਾਂ ਕਿ ਬਿਨਾ ਕਿਸੇ ਅਧਾਰ ‘ਤੇ ਕਿਸੇ ਨੂੰ ਝੂਠੇ ਕੇਸਾਂ ‘ਚ ਫਸਾਇਆ ਜਾਵੇ।
ਜਾਣਕਾਰੀ ਮੁਤਾਬਿਕ ਮਾਮਲੇ ਸਹੀ ਦਰਜ ਕੀਤੇ ਗਏ ਹਨ : ਜਾਂਚਕਰਤਾ
ਜਦ ਸ਼ਿਵਮ ਦੇ ਮਾਮਲੇ ਸਬੰਧੀ ਜਾਂਚਕਰਤਾ ਏਐੱਸਆਈ ਸੁਖਚੈਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਿਲੀ ਜਾਣਕਾਰੀ ਮੁਤਾਬਿਕ ਉਕਤ ਵਿਅਕਤੀਆਂ ਦੇ ਖਿਲਾਫ਼ ਬਿਲਕੁਲ ਸਹੀ ਮਾਮਲੇ ਦਰਜ ਕੀਤੇ ਗਏ ਹਨ।