ਹਿੰਦੂ ਸੰਗਠਨਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਕੀਤਾ ਚੱਕਾ ਜਾਮ
ਗੁਰਦਾਸਪੁਰ (ਸਰਬਜੀਤ ਸਾਗਰ) | ਇੱਥੋਂ ਦੇ ਇੱਕ ਪ੍ਰਾਈਵੇਟ ਕਾਲਜ ‘ਚ ਪੜ੍ਹਦੇ ਕਸ਼ਮੀਰੀ ਵਿਦਿਆਰਥੀ ਵੱਲੋਂ ਭਾਰਤ ਦਾ ਕੌਮੀ ਝੰਡਾ ਪਾੜ ਕੇ ਬਾਥਰੂਮ ਵਿੱਚ ਸੁੱਟਣ ਅਤੇ ਫੇਸਬੁੱਕ ‘ਤੇ ਪਾਕਿਸਤਾਨ ਪੱਖੀ ਪੋਸਟਾਂ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਕਾਲਜ ਵਿੱਚ ਹੰਗਾਮਾ ਹੋ ਗਿਆ ਤੇ ਕਈ ਘੰਟਿਆਂ ਤੱਕ ਸਥਿਤੀ ਤਣਾਅ ਵਾਲੀ ਬਣੀ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟ ਦੇ ਵਿਦਿਆਰਥੀ ਅਤੁਲ ਵਾਸੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਛੁੱਟੀ ਵਾਲੇ ਦਿਨ ਹੋਸਟਲ ਦੇ ਕਮਰਿਆਂ ਦੇ ਬਾਹਰ ਦਰਵਾਜਿਆਂ ‘ਤੇ ਕੌਮੀ ਝੰਡਾ ਲਾ ਰਹੇ ਸਨ।
ਜਿਸ ਨੂੰ ਸੋਹੇਲ ਨਾਂਅ ਦੇ ਕਸ਼ਮੀਰੀ ਵਿਦਿਆਰਥੀ ਨੇ ਨਾਪਸੰਦ ਕਰਦਿਆਂ ਪਹਿਲਾਂ ਆਪਣੇ ਕਮਰੇ ਵਾਲੇ ਦਰਵਾਜੇ ਤੋਂ ਪਾੜ ਕੇ ਬਾਥਰੂਮ ਵਿੱਚ ਸੁੱਟ ਦਿੱਤਾ ਤੇ ਫਿਰ ਇੱਕ ਹੋਰ ਦਰਵਾਜੇ ਤੋਂ ਦੂਜਾ ਝੰਡਾ ਪਾੜ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਜਿਸ ਨੂੰ ਲੈ ਕੇ ਉਨ੍ਹਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਕਾਲਜ ਮੈਨੇਜਮੈਂਟ ਨੇ ਦੋਵਾਂ ਧਿਰਾਂ ਨੂੰ ਚਿਤਾਵਨੀ ਦੇ ਕੇ ਚੁੱਪ ਕਰਾ ਦਿੱਤਾ। ਦੋ ਦਿਨ ਬੀਤਣ ਦੇ ਬਾਅਦ ਵੀ ਉਕਤ ਵਿਦਿਆਰਥੀ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ ਅਤੇ ਕਾਲਜ ਦੀ ਬਦਨਾਮੀ ਹੋਣ ਦੇ ਡਰ ਕਾਰਨ ਮਾਮਲੇ ਨੂੰ ਦਬਾਅ ਦਿੱਤਾ ਗਿਆ। ਉਸ ਨੇ ਦੱਸਿਆ ਕਿ ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਦੇ ਹੱਕ ਵਿੱਚ ਬੋਲਦਾ ਹੈ ਅਤੇ ਇਸਨੇ ਪੁਲਵਾਮਾ ਹਮਲੇ ‘ਚ ਮਾਰੇ ਗਏ ਅਤਿਵਾਦੀਆਂ ਦੀਆਂ ਫੋਟੋਆਂ ਤੇ ਸਟੇਟਸ ਵੀ ਆਪਣੇ ਫੋਨ ‘ਤੇ ਲਾਏ ਹਨ।
ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਮਾਮਲਾ ਹੋਰਨਾਂ ਵਿਦਿਆਰਥੀਆਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਇਸ ਦਾ ਤਿੱਖਾ ਵਿਰੋਧ ਕਰਦਿਆਂ ਕਸ਼ਮੀਰੀ ਵਿਦਿਆਰਥੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਪਰ ਕਾਲਜ ਮੈਨੇਜਮੈਂਟ ਲਗਾਤਾਰ ਮਾਮਲੇ ਨੂੰ ਦਬਾਉਂਦਾ ਰਿਹਾ। ਅਖ਼ੀਰ ਜਦੋਂ ਮਾਮਲਾ ਹਿੰਦੂ ਸੰਗਠਨਾਂ ਦੇ ਧਿਆਨ ਵਿੱਚ ਆਇਆ ਤਾਂ ਸ਼ਿਵ ਸੈਨਾ ਪੰਜਾਬ, ਸ਼ਿਵ ਸੈਨਾ (ਬਾਲ ਠਾਕਰੇ) ਅਤੇ ਹਿੰਦੂ ਸੁਰੱਖਿਆ ਸਮਿਤੀ ਦੇ ਕਾਰਕੁਨ ਵੱਡੀ ਗਿਣਤੀ ‘ਚ ਕਾਲਜ ਦੇ ਬਾਹਰ ਪਹੁੰਚ ਗਏ ਅਤੇ ਰੋਸ ਵਜੋਂ ਆਵਾਜਾਈ ਠੱਪ ਕਰ ਦਿੱਤੀ। ਪੁਲਿਸ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਮੋਹਤਬਰਾਂ ਦੀ ਹਾਜ਼ਰੀ ‘ਚ ਕਸ਼ਮੀਰੀ ਨੌਜਵਾਨ ਦੇ ਕਮਰੇ ਦੀ ਤਲਾਸ਼ੀ ਲਈ ਪਰ ਉਨ੍ਹਾਂ ਨੂੰ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ।
ਬਾਅਦ ਵਿੱਚ ਪੁਲਿਸ ਵੱਲੋਂ ਵਿਦਿਆਰਥੀ ਅਤੁਲ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਪਰ ਹਿੰਦੂ ਸੰਗਠਨ ਮੌਕੇ ‘ਤੇ ਪਰਚਾ ਦਰਜ ਕਰਨ ਦੀ ਮੰਗ ‘ਤੇ ਅੜ ਗਏ ਅਤੇ ਕਾਲਜ ਮੈਨੇਜਮੈਂਟ ਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐਸਐਸਓ ਸੁਖਰਾਜ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।