ਅਮਰਿੰਦਰ ਸਿੰਘ ਅਸਤੀਫ਼ਾ ਦੇਣ ਤੋਂ ਬਾਅਦ ਕੀਤਾ ਖ਼ੁਲਾਸਾ
52 ਸਾਲ ਦਾ ਰਾਜਨੀਤਕ ਜੀਵਨ ’ਚ ਕਾਫ਼ੀ ਦੋਸਤ ਬਣੇ ਹਨ, ਉਨਾਂ ਨਾਲ ਸਲਾਹ ਕਰਨ ਤੋਂ ਬਾਅਦ ਹੋਏਗਾ ਅਗਲਾ ਫੈਸਲਾ
ਜਲਦ ਹੀ ਵਿਧਾਇਕ ਅਤੇ ਸੰਸਦ ਮੈਂਬਰਾਂ ਸਣੇ ਕਾਂਗਰਸੀ ਲੀਡਰਾਂ ਦੀ ਸੱਦੀ ਜਾਏਗੀ ਮੀਟਿੰਗ
ਚੰਡੀਗੜ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਸਾਫ਼ ਕਰ ਦਿੱਤਾ ਕਿ ਉਨਾਂ ਲਈ ਰਾਜਨੀਤੀ ਵਿੱਚ ਸਾਰੇ ਬਦਲ ਖੁਲੇ ਹਨ ਅਤੇ ਉਹ ਕੋਈ ਵੀ ਵੱਡਾ ਫੈਸਲਾ ਕਰ ਸਕਦੇ ਹਨ ਪਰ ਇਸ ਸਬੰਧੀ ਅਜੇ ਉਹ ਕੋਈ ਵੀ ਖੁਲਾਸਾ ਨਹੀਂ ਕਰਨਾ ਚਾਹੁੰਦੇ ਹਨ, ਕਿਉਂਕਿ ਪਹਿਲਾਂ ਇਸ ਸਬੰਧੀ ਉਹ ਆਪਣੇ ਸਾਥੀਆਂ ਨਾਲ ਮੀਟਿੰਗ ਕਰਕੇੇ ਸਲਾਹ ਕਰਨਗੇ।
ਅਮਰਿੰਦਰ ਸਿੰਘ ਨੇ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਉਨਾਂ ਦਾ 52 ਸਾਲ ਦਾ ਰਾਜਨੀਤਕ ਜੀਵਨ ਰਿਹਾ ਹੈ, ਇਸ ਦੌਰਾਨ ਵੱਡੀ ਗਿਣਤੀ ਵਿੱਚ ਦੋਸਤ ਬਣੇ ਹਨ, ਜਿਨਾਂ ਦੀ ਸਲਾਹ ਲੈਣਾ ਉਨਾਂ ਲਈ ਜਰੂਰੀ ਹੈ। ਜਿਸ ਕਾਰਨ ਜਲਦ ਹੀ ਉਹ ਮੀਟਿੰਗ ਸੱਦ ਕੇ ਫੈਸਲਾ ਕਰਨਗੇ ਕਿ ਉਹ ਭਵਿੱਖ ਵਿੱਚ ਕੀ ਕਰਨਗੇ ਜਾਂ ਫਿਰ ਕੀ ਨਹੀਂ ਕਰਨਗੇ। ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਵੀ ਵਿਧਾਇਕਾਂ ਤੋਂ ਲੈ ਕੇ ਸੰਸਦ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਲੀਡਰ ਉਨਾਂ ਨਾਲ ਖੜੇ ਹਨ ਅਤੇ ਉਨਾਂ ਨਾਲ ਹੀ ਸਲਾਹ ਕੀਤੀ ਜਾਏਗੀ।
ਅਮਰਿੰਦਰ ਸਿੰਘ ਕਾਂਗਰਸ ਵਿੱਚ ਹੀ ਰਹਿਣਗੇ ਜਾਂ ਫਿਰ ਕਿਸੇ ਹੋਰ ਪਾਰਟੀ ਵਿੱਚ ਜਾਣਗੇ ਜਾਂ ਫਿਰ ਨਵੀਂ ਪਾਰਟੀ ਬਣਾਉਣਗੇ, ਇਸ ਸਬੰਧੀ ਉਨਾਂ ਨੇ ਕਿਹਾ ਕਿ ਫਿਲਹਾਲ ਰਾਜਨੀਤੀ ਵਿੱਚ ਉਨਾਂ ਲਈ ਹਰ ਬਦਲ ਖੁਲਾ ਹੈ ਅਤੇ ਉਨਾਂ ਨੂੰ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਹੈ ਪਰ ਹਰ ਫੈਸਲਾ ਉਹ ਇਕੱਲੇ ਨਹੀਂ ਲੈਣਗੇ, ਉਹ ਰਾਜਨੀਤਕ ਭਵਿੱਖ ਬਾਰੇ ਫੈਸਲਾ ਕਰਨ ਲਈ ਹੀ ਜਲਦ ਮੀਟਿੰਗ ਕਰਨਗੇ।
ਅਮਰਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਰਾਜਨੀਤਕ ਫੈਸਲਾ ਕਰ ਲਿਆ ਜਾਏਗਾ ਤਾਂ ਕਿ ਚੋਣਾਂ ਦੌਰਾਨ ਉਹ ਵੀ ਮੈਦਾਨ ਵਿੱਚ ਦਿਖਾਈ ਦੇਣ। ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦਾ ਰਾਜਨੀਤਕ ਕੈਰੀਅਰ ਕਾਫ਼ੀ ਜਿਆਦਾ ਪਿਆ ਹੈ ਅਤੇ ਉਹ ਆਪਣੇ ਰਾਜਨੀਤਕ ਕੈਰੀਅਰ ਨੂੰ ਅੱਗੇ ਹੋਰ ਲੈ ਕੇ ਜਾਣਗੇ।
ਇਥੇ ਹੀ ਨਵਜੋਤ ਸਿੱਧੂ ਬਾਰੇ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵਿੱਚ ਕੋਈ ਖ਼ਾਸ ਕਾਬਲੀਅਤ ਨਹੀਂ ਹੈ ਅਤੇ ਇਸ ਸਬੰਧੀ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੂੰ ਵੀ ਉਨਾਂ ਨੇ ਦੱਸ ਦਿੱਤਾ ਸੀ ਪਰ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਸਰਕਾਰ ਦੇ ਫੈਸਲੇ ’ਤੇ ਲਗਾਤਾਰ ਨਵਜੋਤ ਸਿੱਧੂ ਉਂਗਲ ਚੁਕਦੇ ਆਏ ਹਨ ਅਤੇ ਅਸੀਂ ਸੱਜੇ ਚਲਦੇ ਸੀ ਤਾਂ ਨਵਜੋਤ ਸਿੱਧੂ ਖੱਬੇ ਚਲਦੇ ਸਨ। ਜਿਸ ਨੂੰ ਲੈ ਕੇ ਹਾਈ ਕਮਾਨ ਸੋਨੀਆ ਗਾਂਧੀ ਨੂੰ ਦੱਸਿਆ ਗਿਆ ਸੀ ਕਿ ਇਹ ਸਾਰਾ ਕੁਝ ਠੀਕ ਨਹੀਂ ਚਲ ਰਿਹਾ ਹੈ। ਇਸ ਲਈ ਉਹ ਕੰਟਰੋਲ ਕਰਨ ਪਰ ਕੁਝ ਵੀ ਕਰਨ ਦੀ ਥਾਂ ’ਤੇ ਵਿਧਾਇਕਾਂ ਦੀ ਹੀ ਮੀਟਿੰਗ ਸੱਦਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਨਾਂ ਨੇ ਆਪਣਾ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰ ਦਿੱਤੀ ਸੀ।
ਨਹੀਂ ਕਰਾਂਗੇ ਨਵਾਂ ਮੁੱਖ ਮੰਤਰੀ ਸਵੀਕਾਰ
ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇਣ ਤੋਂ ਤੁਰੰਤ ਬਾਅਦ ਬਗਾਵਤ ਕਰਨ ਦਾ ਐਲਾਨ ਤੱਕ ਕਰ ਦਿੱਤਾ ਹੈ। ਅਮਰਿੰਦਰ ਸਿੰਘ ਨੇ ਸਾਫ਼ ਕਿਹਾ ਕਿ ਪਾਰਟੀ ਲੀਡਰਸ਼ਿਪ ਕਿਸ ਮਰਜ਼ੀ ਨੂੰ ਮੁੱਖ ਮੰਤਰੀ ਬਣਾ ਦੇਣ ਪਰ ਉਹ ਕਿਸੇ ਵੀ ਮੁੱਖ ਮੰਤਰੀ ਨੂੰ ਸਵੀਕਾਰ ਨਹੀਂ ਕਰਨਗੇ। ਅਮਰਿੰਦਰ ਸਿੰਘ ਨੇ ਕਿਹਾ ਉਨਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਹਾਈ ਕਮਾਨ ਜਿਹੜੇ ਮਰਜ਼ੀ ਕਾਬਲ ਵਿਧਾਇਕ ਨੂੰ ਮੁੱਖ ਮੰਤਰੀ ਬਣਾ ਦੇਣ ਪਰ ਉਨਾਂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਕੋਈ ਵੀ ਹੋਰ ਲੀਡਰ ਸਵੀਕਾਰ ਨਹੀਂ ਹੋਏਗਾ। ਅਮਰਿੰਦਰ ਸਿੰਘ ਨੇ ਇਹ ਬਿਆਨ ਉਸ ਸਮੇਂ ਦਿੱਤਾ ਹੈ, ਜਦੋਂ ਹਾਈ ਕਮਾਨ ਵਲੋਂ ਕਿਸੇ ਵੀ ਮੁੱਖ ਮੰਤਰੀ ਐਲਾਨ ਹੀ ਨਹੀਂ ਕੀਤਾ ਸੀ। ਜਿਸ ਤੋਂ ਬਾਅਦ ਸਾਫ਼ ਹੈ ਕਿ ਕੋਈ ਵੀ ਮੁੱਖ ਮੰਤਰੀ ਆਏ, ਉਨਾਂ ਨੂੰ ਕੋਈ ਵੀ ਸਵੀਕਾਰ ਨਹੀਂ ਹੋਏਗਾ।
ਸਿੱਧੂ ਨੂੰ ਬਣਾਇਆ ਮੁੱਖ ਮੰਤਰੀ ਤਾਂ ਮੈ ਕਰਾਂਗਾ ਵਿਰੋਧ
ਨਵਜੋਤ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫੌਜ ਮੁੱਖੀ ਜਰਨਲ ਬਾਜਵਾ ਨਾਲ ਕਾਫ਼ੀ ਨੇੜਲੇ ਸਬੰਧ ਹਨ। ਜਿਸ ਕਾਰਨ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਾ ਪੰਜਾਬ ਲਈ ਹੀ ਨਹੀਂ ਸਗੋਂ ਦੇਸ਼ ਲਈ ਖ਼ਤਰਾ ਹੋ ਸਕਦਾ ਹੈ। ਦੇਸ਼ ਦੀ ਸੁਰੱਖਿਆ ਨੂੰ ਦੇਖਦੇ ਹੋਏ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਜੇਕਰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਉਹ ਖ਼ੁਦ ਅੱਗੇ ਆ ਕੇ ਇਸ ਦਾ ਵਿਰੋਧ ਕਰਨਗੇ ਅਤੇ ਕਿਸੇ ਵੀ ਹਾਲਤ ਵਿੱਚ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਗੇ।
ਨਵਜੋਤ ਸਿੱਧੂ ਨਾਕਾਬਲ ਲੀਡਰ, ਮੈ ਕੱਢਿਆ ਸੀ ਕੈਬਨਿਟ ਚੋ : ਅਮਰਿੰਦਰ ਸਿੰਘ
ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਨਾਕਾਬਲ ਲੀਡਰ ਹਨ। ਉਨ੍ਹਾਂ ਤੋਂ ਇੱਕ ਵਿਭਾਗ ਨਹੀਂ ਸੰਭਾਲਿਆ ਗਿਆ ਤਾਂ ਉਹ ਮੁੱਖ ਮੰਤਰੀ ਬਣ ਕੇ ਸੂਬਾ ਕਿਵੇਂ ਚਲਾ ਸਕਦੇ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੀਆਂ ਫਾਈਲਾਂ 6-6 ਮਹੀਨੇ ਪਾਸ ਨਹੀਂ ਹੁੰਦੀਆਂ ਸਨ, ਜਿਸ ਕਾਰਨ ਉਨਾਂ ਨੂੰ ਅੱਗੇ ਆ ਕੇ ਨਵਜੋਤ ਸਿੱਧੂ ਨੂੰ ਕੈਬਨਿਟ ਵਿੱਚੋਂ ਹੀ ਬਾਹਰ ਕੱਢਣਾ ਪਿਆ ਸੀ ਅਤੇ ਉਸ ਤੋਂ ਵਿਭਾਗ ਖੋਹ ਕੇ ਬ੍ਰਹਮ ਮਹਿੰਦਰਾਂ ਨੂੰ ਦੇਣਾ ਪਿਆ ਤਾਂ ਕਿ ਸਥਾਨਕ ਸਰਕਾਰਾਂ ਵਿਭਾਗ ਦਾ ਕੰਮ ਚਲ ਸਕੇ। ਅਮਰਿੰਦਰ ਸਿੰਘ ਨੇ ਕਿਹਾ ਕਿ ਇਹੋ ਜਿਹੇ ਨਾਕਾਬਲ ਵਿਅਕਤੀ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ