ਪੰਜਾਬ ‘ਚ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਵਾਪਰਿਆ ਸ਼ਰਾਬ ਕਾਂਡ
ਪੰਜਾਬ ਦੀਆਂ ਹੱਦਾਂ ਨਾਲ ਲੱਗਦੇ ਰਾਜਾਂ ਹਿਮਾਚਲ, ਚੰਡੀਗੜ੍ਹ, ਰਾਜਸਥਾਨ ਅਤੇ ਹਰਿਆਣਾ ਰਾਜ ਦੇ ਠੇਕੇਦਾਰਾਂ ਵੱਲੋਂ ਪੰਜਾਬ ਵਿੱਚ ਨਜਾਇਜ਼ ਅਤੇ ਨਾ ਪੀਣ ਯੋਗ ਸ਼ਰਾਬ ਦੀ ਸਮੱਗਲਿੰਗ ਕੀਤੇ ਜਾਣ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 110 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸਾਲ 2014 ‘ਚ ਬਟਾਲਾ ਵਿਖੇ 18 ਲੋਕ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮਾਰੇ ਗਏ ਸਨ। ਪੰਜਾਬ ‘ਚ ਸਾਲ 2009 ਤੋਂ ਲੈ ਕੇ ਸਾਲ 2011 ਤੱਕ ਸਭ ਤੋਂ ਵੱਧ 473 ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਸਨ। ਇਸ ਦੇ ਬਾਵਜੂਦ ਪੁਲਿਸ ਵੱਲੋਂ ਰਾਜ ਦੀਆਂ ਹੱਦਾਂ ‘ਤੇ ਨਜਾਇਜ਼ ਸ਼ਰਾਬ ਫੜਨ ਦੇ ਨਾਲ ਹੀ ਦੇਸੀ ਸ਼ਰਾਬ ਕੱਢਣ ਵਾਲੇ ਲੋਕਾਂ ਨੂੰ ਵੀ ਫੜਿਆ ਜਾਂਦਾ ਹੈ।
ਇੱਥੋਂ ਤੱਕ ਕਿ ਪੰਜਾਬ ਦੇ ਕਈ ਜਿਲ੍ਹਿਆਂ ਅੰਦਰ ਨਜਾਇਜ਼ ਸ਼ਰਾਬ ਤਿਆਰ ਕਰਨ ਵਾਲੀਆਂ ਫੈਕਟਰੀਆਂ ਵੀ ਫੜੀਆਂ ਜਾ ਚੁੱਕੀਆਂ ਹਨ। ਕਈ ਰਾਜਾਂ ਅੰਦਰ ਸ਼ਰਾਬ ਦੀ ਜਗ੍ਹਾ ਸੈਨੇਟਾਈਜ਼ਰ ਪੀਣ ਨਾਲ ਵੀ ਮੌਤਾਂ ਹੋਈਆਂ ਹਨ। ਪੰਜਾਬ ਵਿੱਚ ਹਰ ਸਾਲ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਨਜਾਇਜ ਸ਼ਰਾਬ ਦਾ ਕਾਰੋਬਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਜ਼ਹਿਰੀਲੇ ਪਦਾਰਥਾਂ ਨਾਲ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਜਿਹੜੀ ਮਨੁੱਖੀ ਜਾਨਾਂ ਲੈਣ ‘ਚ ਸਹਾਈ ਹੋਈ। ਸ਼ਰਾਬ ਦੇ ਇਸ ਗੋਰਖਧੰਦੇ ਪਿੱਛੇ ਪੰਜਾਬ ਦੇ ਕਈ ਸਿਆਸਤਦਾਨਾਂ ਦਾ ਸਿੱਧੇ ਰੂਪ ‘ਚ ਹੱਥ ਹੋਣ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਵੀ ਸਾਹਮਣੇ ਆਈ ਹੈ।
ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲੇ ਕਈ ਪਰਿਵਾਰਾਂ ਵਿੱਚ ਤਾਂ ਚਾਰ-ਪੰਜ ਸਾਲ ਦੇ ਬੱਚੇ ਵੀ ਆਥਣ ਵੇਲੇ ਬਾਹਰੋਂ ਆਏ ਗ੍ਰਾਹਕ ਨੂੰ ਵੇਖ ਕੇ ਕੱਚ ਦੀ ਗਲਾਸੀ ਚੁੱਕ ਕੇ ਲੈ ਆਉਂਦੇ ਹਨ ਅਤੇ ਗ੍ਰਾਹਕ ਉਨ੍ਹਾਂ ਬੱਚਿਆਂ ਕੋਲੋਂ ਹੀ ਕੱਚੀ ਸ਼ਰਾਬ ਦੀ ਗਲਾਸੀ ਪੀ ਕੇ 10-20 ਰੁਪਏ ਦਾ ਨੋਟ ਉਸ ਮਾਸੂਮ ਬੱਚੇ ਦੇ ਹੱਥ ‘ਚ ਹੀ ਫੜਾ ਜਾਂਦਾ ਹੈ।
ਨਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਇਹ ਧੰਦਾ ਪੀੜ੍ਹੀ ਦਰ ਪੀੜ੍ਹੀ ਇਸੇ ਤਰ੍ਹਾਂ ਹੀ ਚਲਦਾ ਰਹਿੰਦਾ ਹੈ। ਦੋ ਕੁ ਦਹਾਕੇ ਪਹਿਲਾਂ ਪੰਜਾਬ ਅੰਦਰ ਸ਼ਰਾਬ ਦੀ ਜਗ੍ਹਾ ਸਪਰਿੱਟ ਪੀਣ ਨਾਲ ਮੌਤਾਂ ਹੋਈਆਂ ਸਨ। ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਸਪਰਿੱਟ ਦੇ ਲਾਈਸੈਂਸ ਧਾਰਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਬਿਨਾਂ ਪਹਿਚਾਣ ਤੋਂ ਕਿਸੇ ਵੀ ਵਿਅਕਤੀ ਨੂੰ ਸਪਰਿੱਟ ਨਾ ਦਿੱਤੀ ਜਾਵੇ ਅਤੇ ਵੇਚੀ ਗਈ ਸਪਰਿੱਟ ਦਾ ਪੂਰਾ ਰਿਕਾਰਡ ਰੱਖਿਆ ਜਾਵੇ।
ਪਰ ਲੁਧਿਆਣਾ ਸ਼ਹਿਰ ਦੇ ਇੱਕ ਵਪਾਰੀ ਵੱਲੋਂ ਤਿੰਨ ਸਪਰਿੱਟ ਦੇ ਡਰੰਮ ਮੋਗੇ ਦੇ ਇੱਕ ਵਿਅਕਤੀ ਨੂੰ ਵੇਚ ਦਿੱਤੇ ਗਏ। ਜਿਹੜਾ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਦੂਸਰੇ ਪਾਸੇ ਪੰਜਾਬ ਦੇ ਆਬਕਾਰੀ ਵਿਭਾਗ ਦੀ ਕਾਰਗੁਜ਼ਾਰੀ ਵੀ ਬਹੁਤੀ ਵਧੀਆ ਨਹੀਂ ਹੈ ਕਿਉਂਕਿ ਇਹ ਗੱਲ ਵੀ ਨਹੀਂ ਆਖੀ ਜਾ ਸਕਦੀ ਕਿ ਪੰਜਾਬ ਸਰਕਾਰ ਦੇ ਠੇਕਿਆਂ ‘ਤੇ ਜੋ ਸ਼ਰਾਬ ਵੇਚ ਜਾਂਦੀ ਹੈ ਉਹ ਸਿਹਤ ਲਈ ਬਾਹਲੀ ਵਧੀਆ ਹੈ ਕਿਉਂਕਿ ਪੰਜਾਬ ਦੇ ਕਈ ਸ਼ਹਿਰਾਂ ਅੰਦਰ ਠੇਕਿਆਂ ‘ਤੇ ਵਿਕਣ ਵਾਲੀ ਸ਼ਰਾਬ ਬਣਾਉਣ ਵਾਲੀਆਂ ਗੈਰ ਮਾਨਤਾ ਪ੍ਰਾਪਤ ਫੈਕਟਰੀਆਂ ਫੜੀਆਂ ਜਾ ਚੁੱਕੀਆਂ ਹਨ।
ਪਰ ਆਬਕਾਰੀ ਵਿਭਾਗ ਨੇ ਪਿਛਲੇ 25 ਸਾਲਾਂ ਵਿੱਚ ਠੇਕਿਆਂ ਤੋਂ ਸ਼ਰਾਬ ਦੇ ਨਮੂਨੇ ਨਹੀਂ ਲਏ। ਪੰਜਾਬ ‘ਚ ਸਾਲ 2009 ਤੋਂ ਲੈ ਕੇ ਸਾਲ 2011 ਤੱਕ ਸਭ ਤੋਂ ਵੱਧ 473 ਮੌਤਾਂ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਸਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ ਸਾਲ 2009 ਅੰਦਰ ਦੇਸ਼ ਭਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 1450 ਵਿਅਕਤੀਆਂ ਦੀ ਮੌਤ ਹੋਈ। ਸਾਲ 2010 ‘ਚ 1202, ਸਾਲ 2011 ‘ਚ 1435 ਵਿਅਕਤੀ ਮਾਰੇ ਗਏ। ਸਾਲ 2014 ‘ਚ ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 118 ਸੀ ਤੇ ਹਰਿਅਣਾ ਰਾਜ ਅੰਦਰ 117, ਚੰਡੀਗੜ ‘ਚ 12 ਤੇ ਹਿਮਾਚਲ ਪ੍ਰਦੇਸ਼ ਇੱਕ ਔਰਤ ਸਮੇਤ 42 ਲੋਕਾਂ ਨੂੰ ਆਪਣੀ ਜਾਨ ਗੁਆÀਣੀ ਪਈ।
ਦੇਸ਼ ਭਰ ਅੰਦਰ ਪਿਛਲੇ ਤਿੰਨ ਸਾਲਾਂ ਦੌਰਾਨ ਜਹਿਰੀਲੀ ਸ਼ਰਾਬ ਪੀਣ ਕਰਕੇ 2927 ਵਿਅਕਤੀ ਮਾਰੇ ਗਏ। ਦੇਸ਼ ਭਰ ‘ਚ ਸਭ ਤੋਂ ਵੱਧ 1699 ਲੋਕ ਸਾਲ 2014 ‘ਚ ਮਾਰੇ ਗਏ ਅਤੇ 171 ਜਖ਼ਮੀ ਹੋਏ ਅਤੇ ਆਂਧਰਾ ਪ੍ਰਦੇਸ਼ ‘ਚ ਸੈਨੇਟਾਈਜਰ ਪੀਣ ਨਾਲ 10 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਪੰਜਾਬ ‘ਚ ਚੱਲ ਰਹੇ ਨਜਾਇਜ ਸ਼ਰਾਬ ਦੇ ਕਾਰੋਬਾਰ ਅਤੇ ਹੋਈਆਂ ਮੌਤਾਂ ਲਈ ਜਿੱਥੇ ਸ਼ਰਾਬ ਵੇਚਣ ਵਾਲੇ ਜਿੰਮੇਵਾਰ ਹਨ, ਉੱਥੇ ਹੀ ਪੁਲਿਸ ਪ੍ਰਸ਼ਾਸਨ ਅਤੇ ਰਾਜਨੀਤਕ ਲੋਕਾਂ ਦੀ ਸਾਂਝ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਰਾਬ ਵੇਚਣ ਵਾਲਿਆਂ ‘ਤੇ ਧਾਰਾ 302 ਦੇ ਪਰਚੇ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। 302 ਦੇ ਇਹ ਪਰਚੇ ਅਣਗਹਿਲੀ ਵਰਤਣ ਵਾਲੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਅਤੇ ਸ਼ਰਾਬ ਦੇ ਧੰਦੇ ‘ਚ ਸ਼ਮੂਲੀਅਤ ਰੱਖਣ ਵਾਲੇ ਰਾਜਨੀਤਕ ਲੋਕਾਂ ‘ਤੇ ਵੀ ਹੋਣੇ ਚਾਹੀਦੇ ਹਨ। ਮੁੱਕਦੀ ਗੱਲ ਸ਼ਰਾਬ ਜਾਇਜ਼ ਜਾਂ ਨਜਾਇਜ਼ ਕਿਸੇ ਵੀ ਰੂਪ ਵਿਚ ਸਿਹਤ ਲਈ ਫਾਇਦੇਮੰਦ ਨਹੀਂ ਹੈ ਸੋ, ਇਸ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦਾ ਹੈ
ਕਾਹਨਗੜ੍ਹ ਰੋਡ ਪਾਤੜਾਂ, ਪਟਿਆਲਾ
ਮੋ. 98761-01698
ਬ੍ਰਿਸ਼ਭਾਨ ਬੁਜਰਕ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ