ਪੰਜਾਬ ਦੀ ਕਾਨੂੰਨ ਵਿਵਸਥਾ ਤੋਂ ਅਕਾਲੀ ਨਰਾਜ਼

Akali Naraj, Law Order, Punjab

ਰਾਜਪਾਲ ਨੂੰ ਕਰਨਗੇ ਸਰਕਾਰ ਦੀ ਸ਼ਿਕਾਇਤ

ਸੁਖਬੀਰ ਬਾਦਲ ਕਰਨਗੇ ਵਫ਼ਦ ਦੀ ਅਗਵਾਈ, ਸ਼ਵੇਤ ਮਲਿਕ ਵੀ ਲੈਣਗੇ ਭਾਗ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ

ਪੰਜਾਬ ‘ਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪੰਜਾਬ ਸਰਕਾਰ ਤੋਂ ਕਾਫ਼ੀ ਜਿਆਦਾ ਨਰਾਜ਼ ਹੋ ਗਈ ਹੈ, ਇਸ ਲਈ ਉਹ ਮੰਗਲਵਾਰ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨੂੰ ਮਿਲਣ ਲਈ ਜਾ ਰਹੇ ਹਨ, ਜਿੱਥੇ ਕਿ ਉਹ ਆਪਣਾ ਮੰਗ ਪੱਤਰ ਦਿੰਦੇ ਹੋਏ ਅਮਰਿੰਦਰ ਸਿੰਘ ਦੀ ਸਰਕਾਰ ਦੀ ਸ਼ਿਕਾਇਤ ਵੀ ਕਰਨਗੇ।

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ‘ਚ ਅਕਾਲੀ-ਭਾਜਪਾ ਦਾ ਇੱਕ ਉੱਚ ਪੱਧਰੀ ਵਫ਼ਦ ਮੰਗਲਵਾਰ ਨੂੰ ਦੁਪਹਿਰ ਇੱਕ ਵਜੇ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੂੰ ਮਿਲੇਗਾ ਤੇ ਉਨ੍ਹਾਂ ਨੂੰ ਸੂਬੇ ਅੰਦਰ ਅਮਨ ਤੇ ਕਾਨੂੰਨ ਦੀ ਵਿਗੜ ਰਹੀ ਹਾਲਤ ਤੋਂ ਜਾਣੂੰ ਕਰਵਾਏਗਾ ਤੇ ਇਸ ਨੂੰ ਸੁਧਾਰਨ ਲਈ ਤੁਰੰਤ ਜਰੂਰੀ ਕਦਮ ਚੁੱਕਣ ਦੀ ਅਪੀਲ ਕਰੇਗਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਤੇ ਕਾਂਗਰਸ ਸਰਕਾਰ ਘਟੀਆ ਸਿਆਸੀ ਹਥਕੰਡੇ ਇਸਤੇਮਾਲ ਕਰਨ ਤੇ ਦਫਤਰਾਂ ਦੇ ਅਰਾਮਦਾਇਕ ਕਮਰਿਆਂ ਦਾ ਲੁਤਫ ਲੈਣ ਵਿੱਚ ਰੁੱਝੀ ਹੈ ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਮੰਤਰੀ ਇੱਕ ਦੂਜੇ ਨੂੰ ਹੇਠੀ ਵਿਖਾਉਣ ‘ਚ ਲੱਗੇ ਹੋਏ ਹਨ, ਜਿਸ ਕਰਕੇ ਉਨ੍ਹਾਂ ਕੋਲ ਸੂਬੇ ਦੀਆਂ ਸਮੱਸਿਆਵਾਂ ਬਾਰੇ ਸੋਚਣ ਦੀ ਵਿਹਲ ਹੀ ਨਹੀਂ ਹੈ।

ਡਾ. ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਦੋਵੇਂ ਹੀ ਸ਼ਾਂਤੀ ਤੇ ਭਾਈਚਾਰੇ ਦੇ ਪਹਿਰੇਦਾਰ ਹਨ ਤੇ ਇਨ੍ਹਾਂ ਨੇ ਪੰਜਾਬ ‘ਚ ਗੜਬੜ ਵਾਲੇ ਸਮੇਂ ਮਗਰੋਂ ਮਾਹੌਲ ਨੂੰ ਠੀਕ ਕਰਨ ਲਈ ਰਲ ਕੇ ਕੰਮ ਕੀਤਾ ਹੈ। ਅਕਾਲੀ-ਭਾਜਪਾ ਵੱਖਵਾਦੀਆਂ ਦੁਆਰਾ ਕੀਤੀਆਂ ਜਾ ਰਹੀਆਂ ਸੂਬੇ ਅੰਦਰ ਮੁੜ ਸਿਰ ਉਠਾਉਣ ਦੀਆਂ ਕੋਸ਼ਿਸ਼ਾਂ ਤੋਂ ਫਿਕਰਮੰਦ ਹਨ। ਇਸ ਤੋਂ ਵੱਧ ਅਫਸੋਸਨਾਕ ਗੱਲ ਕੀ ਹੋ ਸਕਦੀ ਹੈ ਕਿ ਸੱਤਾਧਾਰੀ ਕਾਂਗਰਸ ਪਾਰਟੀ ਇਨ੍ਹਾਂ ਵੱਖਵਾਦੀਆਂ ਨਾਲ ਜਾ ਮਿਲੀ ਹੈ, ਜਿਸ ਨਾਲ ਸੂਬੇ ਅੰਦਰ ਭਾਈਚਾਰਕ ਸਾਂਝ ਲਈ ਵੱਡਾ ਖਤਰਾ ਖੜ੍ਹਾ ਹੋ ਗਿਆ ਜਦਕਿ ਅਕਾਲੀ-ਭਾਜਪਾ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਇਹ ਸੂਬਾ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਮਿਸਾਲ ਬਣ ਕੇ ਰਿਹਾ ਹੈ।

ਡਾ. ਚੀਮਾ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਤਣਾਅ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੌਕੇ ਵਧ ਰਿਹਾ ਹੈ, ਕਿਉਂਕਿ ਕਾਂਗਰਸੀ ਆਗੂਆਂ ਦੇ ਦਬਾਅ ਥੱਲੇ ਆ ਕੇ ਅਧਿਕਾਰੀ ਪੱਖਪਾਤੀ ਹੋ ਚੁੱਕੇ ਹਨ ਤੇ ਗੈਰ-ਕਾਂਗਰਸੀ ਉਮੀਦਵਾਰਾਂ ਨਾਲ ਵੱਡੇ ਪੱਧਰ ‘ਤੇ ਵਿਤਕਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕੋਈ ਠੋਸ ਕਾਰਨ ਦੱਸੇ ਵੱਡੀ ਪੱਧਰ ‘ਤੇ ਅਕਾਲੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਕੇ ਚੋਣ ਪ੍ਰਕਿਰਿਆ ਨਾਲ ਪਹਿਲਾਂ ਹੀ ਖਿਲਵਾੜ ਕੀਤਾ ਜਾ ਚੁੱਕਿਆ ਹੈ। ਉਸ ਤੋਂ ਬਾਅਦ ਅਕਾਲੀ ਉਮੀਦਵਾਰਾਂ ਨੂੰ ਧਮਕਾਇਆ ਤੇ ਡਰਾਇਆ ਗਿਆ ਹੈ।

ਅਕਾਲੀ ਆਗੂ ਨੇ ਕਿਹਾ ਕਿ ਚੋਣਾਂ ਦੌਰਾਨ ‘ਬਰਾਬਰੀ ਦੇ ਮੁਕਾਬਲੇ’ ਵਾਲਾ ਮਾਹੌਲ ਨਾ ਹੋਣ ਕਰਕੇ ਲੋਕਾਂ ਅੰਦਰ ਰੋਸ ਵਧ ਰਿਹਾ ਹੈ, ਜੇਕਰ ਕਾਂਗਰਸ ਪਾਰਟੀ ਦੇ ਗੁੰਡਿਆਂ ਨੂੰ ਸ਼ਾਂਤਮਈ ਚੋਣ ਪ੍ਰਕਿਰਿਆ ਵਿੱਚ ਬੇਲੋੜੀ ਟੰਗ ਅੜਾਉਣ ਤੋਂ ਨਾ ਰੋਕਿਆ ਗਿਆ ਤਾਂ ਲੋਕਾਂ ਦਾ ਗੁੱਸਾ ਫਟ ਸਕਦਾ ਹੈ ਇਸ ਲਈ ਅਕਾਲੀ-ਭਾਜਪਾ ਵੱਲੋਂ ਰਾਜਪਾਲ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਕਾਨੂੰਨ ਏਜੰਸੀਆਂ ਨੂੰ ਕਾਨੂੰਨ ਵਿਵਸਥਾ ਸੁਧਾਰਨ ਅਤੇ ਸੂਬੇ ਅੰਦਰ ਹਾਲਾਤ ਸੁਖਾਵੇਂ ਬਣਾਉਣ ਲਈ ਨਿਰਦੇਸ਼ ਦੇਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।