ਜੇ ਹਫ਼ਤੇ ’ਚ ਨਾ ਦਿੱਤਾ ਮੁਆਵਜ਼ਾ ਤਾਂ ਘੇਰਾਂਗੇ ਮੁੱਖ ਮੰਤਰੀ ਦੀ ਰਿਹਾਇਸ਼: ਸੁਖਬੀਰ ਬਾਦਲ
- ਕਿਸਾਨਾਂ ਨੂੰ ਭਰੋਸੇ ’ਚ ਨਾ ਲੈ ਕੇ ਭਾਜਪਾ ਨੇ ਕੀਤਾ ਵਿਸ਼ਵਾਸਘਾਤ: ਪਰਕਾਸ਼ ਸਿੰਘ ਬਾਦਲ
(ਸੁਖਜੀਤ ਮਾਨ) ਬਠਿੰਡਾ। ਨਰਮੇ ਨੂੰ ਪਈ ਗੁਲਾਬੀ ਸੁੰਡੀ ਕਾਰਨ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਕੀਤੇ ਗਏ ਰੋਸ ਮੁਜ਼ਾਹਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਸਰਕਾਰ ਨੂੰ ਸੱਤ ਦਿਨਾਂ ਦੀ ਮੋਹਲਤ ਦਿੱਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਮੁਆਵਜ਼ਾ ਨਾ ਦੇਣ ’ਤੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਘੇਰਨ ਦੀ ਚਿਤਾਵਨੀ ਵੀ ਅੱਜ ਆਪਣੇ ਸੰਬੋਧਨ ਦੌਰਾਨ ਦਿੱਤੀ। ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਖੇਤੀ ਕਨੂੰਨਾਂ ਦੇ ਮਾਮਲੇ ਵਿੱਚ ਭਾਜਪਾ ਸਰਕਾਰ ਨੂੰ ਕਰੜੇ ਹੱਥੀਂ ਲਿਆ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨੇ ਤਿੰਨ ਖੇਤੀ ਆਰਡੀਨੈਂਸਾਂ ਨੂੰ ਕਾਨੂੰਨਾਂ ਵਿੱਚ ਬਦਲਣ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲੈਣ ਦੇ ਕੀਤੇ ਵਾਅਦਿਆਂ ’ਤੇ ਉਹਨਾਂ ਨਾਲ, ਉਹਨਾਂ ਦੀ ਪਾਰਟੀ ਨਾਲ ਤੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ।
ਉਹਨਾਂ ਕਿਹਾ ਕਿ ਇਹ ਵਾਅਦੇ ਅਕਾਲੀ ਦਲ ਦੇ ਜਨਤਕ ਸਟੈਂਡ ਵੇਲੇ ਕੀਤੇ ਗਏ ਸਨ , ਜਦੋਂ ਅਕਾਲੀ ਦਲ ਨੇ ਕਿਹਾ ਸੀ ਕਿ ਉਹ ਸੰਸਦ ਵਿੱਚ ਬਿੱਲਾਂ ਦਾ ਵਿਰੋਧ ਕਰੇਗਾ ਤੇ ਮੰਤਰੀ ਮੰਡਲ ਦੀ ਕੁਰਸੀ ਵੀ ਛੱਡ ਦੇਵੇਗਾ ਤੇ ਗਠਜੋੜ ਵੀ ਤੋੜ ਦੇਵੇਗਾ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਭਰੋਸੇ ਵਿਚ ਲਏ ਬਗੈਰ ਇਹ ਕਾਨੂੰਨ ਪਾਸ ਕਰਵਾਏ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਵੇਲੇ ਉਹਨਾਂ ਨੂੰ ਪਹਿਲਾਂ ਹੀ ਭਰੋਸਾ ਦੁਆਇਆ ਸੀ ਕਿ ਉਹ ਕਿਸਾਨਾਂ ਦੀ ਇੱਛਾ ਅਨੁਸਾਰ ਚੱਲਣਗੇ। ਬਾਦਲ ਨੇ ਕਿਹਾ ਕਿ ਜਦੋਂ ਸੰਸਦ ਵਿਚ ਬਿੱਲ ਲਿਆ ਕੇ ਇਹਨਾਂ ਨੂੰ ਕਾਲੇ ਕਾਨੂੰਨਾਂ ਵਿੱਚ ਬਦਲਣ ਦਾ ਯਤਨ ਕੀਤਾ ਗਿਆ ਤਾਂ ਉਹਨਾਂ ਠੱਗਿਆ ਮਹਿਸੂਸ ਕੀਤਾ ਤੇ ਬਹੁਤ ਤਕਲੀਫ ਹੋਈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵਿਸ਼ਵਾਸਘਾਤ ਹੋਇਆ ਤਾਂ ਅਕਾਲੀ ਦਲ ਨੇ ਕਿਸਾਨਾਂ ਤੇ ਉਹਨਾਂ ਦੇ ਪ੍ਰਤੀਨਿਧਾਂ ਨਾਲ ਕੀਤੇ ਵਾਅਦੇ ਮੁਤਾਬਕ ਸਭ ਕੁਝ ਕੀਤਾ, ਜਿਸ ਤਹਿਤ ਮੰਤਰੀ ਮੰਡਲ ਤੋਂ ਅਸਤੀਫਾ ਵੀ ਦਿੱਤਾ, ਭਾਜਪਾ ਨਾਲ ਗਠਜੋੜ ਵੀ ਤੋੜਿਆ ਤੇ ਉਹਨਾਂ ਆਪਣਾ ਪਦਮ ਵਿਭੂਸ਼ਣ ਵੀ ਮੋੜ ਦਿੱਤਾ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਵਾਸਤੇ ਇੱਕ ਹਫਤੇ ਦੇ ਅੰਦਰ-ਅੰਦਰ ਮੁਆਵਜ਼ੇ ਦਾ ਐਲਾਨ ਨਾ ਕੀਤਾ ਤਾਂ ਫਿਰ ਅਕਾਲੀ ਦਲ ਚੰਡੀਗੜ੍ਹ ਵਿੱਚ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕਰੇਗਾ।
ਕਪਾਹ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਪੂਰੀ ਤਰ੍ਹਾਂ ਤਬਾਹ
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਸ ਸੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਮਿਲਣ ਵੇਲੇ ਮੁੱਖ ਮੰਤਰੀ ਮੁਆਵਜ਼ੇ ਦਾ ਐਲਾਨ ਕਰਨਗੇ ਪਰ ਬਜਾਏ ਅਜਿਹਾ ਕਰਨ ਦੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਸਰਕਾਰ ਉਹਨਾਂ ਨੂੰ ਕੀਟਨਾਸ਼ਕ ਦਵਾਈਆਂ ਭੇਜੇਗੀ। ਉਹਨਾਂ ਕਿਹਾ ਕਿ ਹੁਣ ਜਦੋਂ ਲੱਖਾਂ ਏਕੜ ਜ਼ਮੀਨ ਵਿੱਚ ਖੜ੍ਹੀ ਸਾਰੀ ਫਸਲ ਤਬਾਹ ਹੋ ਗਈ ਹੈ ਤਾਂ ਉਦੋਂ ਕੀਟਨਾਸ਼ਕਾਂ ਦੀ ਕੀ ਜ਼ਰੂਰਤ ਹੈ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਰਕਾਰ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਦੇਣ ਦੀ ਪਾਬੰਦ ਹੈ, ਜਿਨ੍ਹਾਂ ਦੀ ਕਪਾਹ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਨਾ ਕੀਤਾ ਤਾਂ ਫਿਰ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਉਹਨਾਂ ਨੂੰ ਨਿਆਂ ਦੇਵੇਗੀ। ਉਹਨਾਂ ਕਿਹਾ ਕਿ ਉਹਨਾਂ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ, ਜਿਨ੍ਹਾਂ ਦੇ ਰੁਜ਼ਗਾਰ ਦਾ ਸਾਧਨ ਗੁਲਾਬੀ ਸੁੰਡੀ ਦੇ ਹਮਲੇ ਵਿਚ ਉਸੇ ਤਰੀਕੇ ਖੁੰਝ ਗਿਆ ਜਿਵੇਂ ਕਿਸਾਨਾਂ ਦੀ ਆਮਦਨ ਖੁੰਝ ਗਈ ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਨਾਲ ਹੋਏ ਨੁਕਸਾਨ ਨੂੰ ਨਾ ਝੱਲਦਿਆਂ ਉਹਨਾਂ ਦੇ ਬਠਿੰਡਾ ਸੰਸਦੀ ਹਲਕੇ ਦੇ 7 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਉਹਨਾਂ ਕਿਹਾ ਕਿ ਕਿਸਾਨ ਇਹ ਕਦਮ ਚੁੱਕਣ ਲਈ ਮਜ਼ਬੂਰ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਉਹਨਾਂ ਲਈ ਤੁਰੰਤ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ। ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਸਾਨਾਂ ਦੇ ਹੱਕ ਵਿਚ ਹਰਸਿਮਰਤ ਕੌਰ ਬਾਦਲ ਵੱਲੋਂ ਮੰਤਰੀ ਮੰਡਲ ਵੱਲੋਂ ਅਸਤੀਫਾ ਦੇਣ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਿਰਫ ਅਕਾਲੀ ਦਲ ਤੇ ਬਸਪਾ ਸਰਕਾਰ ਹੀ ਕਿਸਾਨਾਂ, ਮਜ਼ਦੂਰਾਂ ਤੇ ਕਮਜ਼ੋਰ ਵਰਗਾਂ ਦਾ ਹੱਥ ਫੜ ਸਕਦੀ ਹੈ।
ਇਸ ਮੌਕੇ ਹੋਰਨਾਂ ਤੋਂ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਜਗਮੀਤ ਸਿੰਘ ਬਰਾੜ, ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਰੂਪ ਚੰਦ ਸਿੰਗਲਾ, ਪ੍ਰਕਾਸ਼ ਸਿੰਘ ਭੱਟੀ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਐਸ ਓ ਆਈ ਦੇ ਪ੍ਰਧਾਨ ਰੋਬਿਨ ਬਰਾੜ ਵੀ ਹਾਜ਼ਰ ਸਨ।
ਐਤਕੀਂ ਤਾਂ ਸੜਕਾਂ ਦੇ ਪੈਚ ਵੀ ਨਹੀਂ ਲੱਗੇ : ਸੁਖਬੀਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਕਾਂਗਰਸ ਵਜ਼ਾਰਤ ਦਾ ਹਿੱਸਾ ਸਨ, ਜਿਸਨੇ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ’ਤੇ ਧੋਖਾ ਕੀਤਾ। ਉਹਨਾਂ ਕਿਹਾ ਕਿ ਹਰ ਕੋਈ ਚੰਨੀ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਭੂਮਿਕਾ ਨੂੰ ਜਾਣਦਾ ਹੈ। ਜਦੋਂ ਚੰਨੀ ਨੂੰ ਪੁੱਛਿਆ ਗਿਆ ਸੀ ਕਿ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੀ ਕੰਮ ਕਰਵਾਏ ਤਾਂ ਚੰਨੀ ਨੇ ਕਿਹਾ ਸੀ ਕਿ ਸੜਕਾਂ ਦੇ ਪੈਚ ਲਗਾਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਾਰ ਪੈਚ ਵੀ ਨਹੀਂ ਲੱਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ