ਸਪੀਕਰ ਨੇ ਮੰਗ ਪੱਤਰ ਕੀਤਾ ਸਵੀਕਾਰ ਪਰ ਕਾਰਵਾਈ ਕਰਨ ਲਈ ਨਹੀਂ ਦਿੱਤਾ ਭਰੋਸਾ | Akali Dal
- ਸੰਵਿਧਾਨ ਨੂੰ ਛਿੱਕੇ ‘ਤੇ ਟੰਗ ‘ਤੇ ਹੋਈ ਐ ਤਇਨਾਤੀਆਂ, ਸਪੀਕਰ ਕੋਲ ਮੈਂਬਰਸ਼ਿਪ ਰੱਦ ਕਰਨ ਦਾ ਅਧਿਕਾਰ : ਮਜੀਠਿਆ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ 6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇਣ ਦੇ ਮਾਮਲੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਪੁੱਜ ਗਈ ਹੈ, ਜਿਥੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ 6 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਵੀ ਮੰਗ ਕਰ ਦਿੱਤੀ ਹੈ। ਅਕਾਲੀ ਵਿਧਾਇਕਾਂ ਨੇ ਆਪਣੀ ਮੰਗ ਵਿੱਚ ਕਿਹਾ ਹੈ ਕਿ ਭਾਰਤੀ ਸੰਵਿਧਾਨ ਦੇ ਉਲਟ ਜਾ ਕੇ ਇਹ ਨਿਯੁਕਤੀਆਂ ਹੋਈਆਂ ਹਨ ਅਤੇ ਇਹ ਸਾਰੇ ਵਿਧਾਇਕ ਅਹੁਦੇ ਦੇ ਲਾਭ ਕਾਨੂੰਨ ਤਹਿਤ ਦੋਸ਼ੀ ਵੀ ਸਾਬਤ ਹੋ ਰਹੇ ਹਨ, ਜਿਸ ਕਾਰਨ ਇਨ੍ਹਾਂ ਦੀ ਮੈਂਬਰਸ਼ਿਪ ਖ਼ਾਰਜ ਕੀਤੀ ਜਾਣੀ ਬਣਦੀ ਹੈ।
ਇਸ ਮਾਮਲੇ ਵਿੱਚ ਮੰਗ ਪੱਤਰ ਲੈਣ ਤੋਂ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਮੰਗ ਪੱਤਰ ਦੇਣ ਜਾਂ ਫਿਰ ਲੈਣ ਨਾਲ ਕੋਈ ਕਾਰਵਾਈ ਸ਼ੁਰੂ ਨਹੀਂ ਹੋ ਜਾਂਦੀ ਹੈ। ਇਸ ਮਾਮਲੇ ਵਿੱਚ ਕਾਨੂੰਨ ਦਾ ਦਾਇਰਾ ਚੈਕ ਕੀਤਾ ਜਾਏਗਾ ਕਿ ਆਖ਼ਰਕਾਰ ਨਿਯਮਾਂ ਤੋਂ ਉਲਟ ਕੁਝ ਹੋਇਆ ਹੈ ਜਾਂ ਨਹੀਂ ਹੋਇਆ ਹੈ। ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਕਾਲੀ ਵਿਧਾਇਕ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਨਿਯਮਾਂ ਨੂੰ ਛਿੱਕੇ ‘ਤੇ ਟੰਗਦੇ ਹੋਏ ਕਾਂਗਰਸ ਸਰਕਾਰ ਕੰਮ ਕਰਨ ਵਿੱਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਲੁੱਕਆਊਟ ਨੋਟਿਸ ਜਾਰੀ
ਦੇਸ਼ ਦੇ ਕਾਨੂੰਨ ਦੇ ਉਲਟ ਨਿਯੁਕਤੀਆਂ ਕਰਦੇ ਹੋਏ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਨਿਯਮਾਂ ਅਤੇ ਉੱਚ ਅਦਾਲਤਾਂ ਦੇ ਫੈਸਲੇ ਦੇ ਉਲਟ ਜਾ ਕੇ ਸਿਰਫ਼ ਆਪਣੇ ਕੁਝ ਚਹੇਤਿਆਂ ਨੂੰ ਲਾਭ ਦੇਣ ਤੋਂ ਜਿਆਦਾ ਨਹੀਂ ਸੋਚ ਰਹੀ। ਉਨਾਂ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਦੇ ਖਜਾਨੇ ‘ਤੇ ਕਾਫ਼ੀ ਜਿਆਦਾ ਬੋਝ ਪਏਗਾ, ਕਿਉਂਕਿ ਤੈ ਨਿਯਮਾਂ ਅਨੁਸਾਰ ਪੰਜਾਬ ਵਿੱਚ 17 ਮੰਤਰੀ ਹੀ ਹੋ ਸਕਦੇ ਹਨ ਪਰ ਹੁਣ ਮੰਤਰੀਆਂ ਦੀ ਗਿਣਤੀ ਵੱਧ ਕੇ 23 ਹੋ ਚੱਕੀ ਹੈ। ਜਿਸ ਦਾ ਸਿੱਧਾ ਅਸਰ ਸਰਕਾਰੀ ਖਜਾਨੇ ‘ਤੇ ਪੈਣ ਵਾਲਾ ਹੈ। ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਵੀ ਬਹੁਤ ਹੀ ਜਿਆਦਾ ਅਧਿਕਾਰ ਹਨ, ਜਿਸ ਦੇ ਤਹਿਤ ਨਿਯਮਾਂ ਦੇ ਖ਼ਿਲਾਫ਼ ਹੋਣ ਵਾਲੇ ਵਿਧਾਇਕਾਂ ਦੀ ਮੈਂਬਰਸ਼ਿਪ ਵੀ ਰੱਦ ਕੀਤੀ ਜਾ ਸਕਦੀ ਹੈ। ਜਿਸ ਤਹਿਤ ਹੀ ਉਹ ਸਪੀਕਰ ਕੋਲ ਮੰਗ ਪੱਤਰ ਲੈ ਕੇ ਪੁੱਜੇ ਸਨ।
ਆਪ ਵਿਧਾਇਕਾਂ ਖ਼ਿਲਾਫ਼ ਜਲਦ ਫੈਸਲਾ ਲਵੇ ਸਪੀਕਰ : ਮਜੀਠਿਆ
ਬਿਕਰਮ ਮਜੀਠੀਆ ਨੇ ਇਥੇ ਕਿਹਾ ਕਿ ਆਮ ਆਦਮੀ ਪਾਰਟੀ ਦੇ 4 ਵਿਧਾਇਕਾਂ ਖ਼ਿਲਾਫ਼ ਅੱਜ ਵੀ ਫੈਸਲਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਹੀਂ ਕਰ ਸਕੇ। ਇਸ ਮਾਮਲੇ ਵਿੱਚ ਸਪੀਕਰ ਨੂੰ ਆਪਣੀ ਭੂਮਿਕਾ ਨਿਰਪੱਖ ਦਿਖਾਉਂਦੇ ਹੋਏ ਜਲਦ ਹੀ ਫੈਸਲਾ ਕਰ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ 2 ਵਿਧਾਇਕਾਂ ਦਾ ਕੇਸ ਸਾਫ਼ ਹੈ ਕਿ ਉਨਾਂ ਨੇ ਖ਼ੁਦ ਅਸਤੀਫ਼ਾ ਦਿੰਦੇ ਹੋਏ ਕਾਂਗਰਸ ਪਾਰਟੀ ਵਿੱਚ ਸਮੂਲਿਅਤ ਕਰ ਲਈ ਹੈ, ਜਦੋਂ ਕਿ ਦੋ ਵਿਧਾਇਕਾਂ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਪੈਡਿੰਗ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਚਲ ਕੇ ਦੂਜੀਗ਼ਆਂ ਪਾਰਟੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ, ਉਨਾਂ ਖ਼ਿਲਾਫ਼ ਵੀ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਕਾਰਵਾਈ ਕਰਨੀ ਚਾਹੀਦੀ ਹੈ। (Akali Dal)