ਪਰਾਲੀ ਦੇ ਧੂੰਏ ਨੇ ਸਾਹ ਘੁੱਟਿਆ, ਅੱਖਾਂ ’ਚ ਜਲਣ | Air Quality
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਝੋਨੇ ਦੀ ਰਹਿੰਦ-ਖੂੰਹਦ ਨੂੰ ਲੱਗ ਰਹੀਆਂ ਅੱਗਾਂ ਕਾਰਨ ਪੰਜਾਬ ਧੰੂਆਂ-ਧਰੋਲ ਹੋ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਹਵਾ ਗੁਣਵੱਤਾ ਬੁਰੀ ਤਰ੍ਹਾਂ ਖਰਾਬ ਹੋਈ ਪਈ ਹੈ । ਦੁਪਹਿਰ 3 ਵਜੇ ਤੋਂ ਬਾਅਦ ਸੂਰਜ ਧੂੰਏ ਦੀ ਲਪੇਟ ’ਚ ਆਉਣ ਕਾਰਨ ਸ਼ਾਮ ਵਰਗਾ ਮਹੌਲ ਪੈਦਾ ਹੋ ਰਿਹਾ ਹੈ। ਕਾਫ਼ੀ ਲੋਕਾਂ ਵੱਲੋਂ ਬਾਹਰ ਨਿਕਲਣ ਲਈ ਮਾਸਕ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਜੋ ਪਰਾਲੀ ਦੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। (Air Quality)
ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਜਲੰਧਰ, ਪਟਿਆਲਾ ਆਦਿ ਥਾਵਾਂ ’ਤੇ ਏਕਿਊਆਈ ਪੱਧਰ ਖਰਾਬ
ਜਾਣਕਾਰੀ ਅਨੁਸਾਰ ਪੰਜਾਬ ਅੰਦਰ ਕਿਸਾਨਾਂ ਵੱਲੋਂ ਝੋਨੇ ਦੀ ਰਹਿਦ ਖੂੰਹਦ ਨੂੰ ਪਿਛਲੇ ਕਈ ਦਿਨਾਂ ਤੋਂ ਵੱਡੀ ਪੱਧਰ ਤੇ ਅੱਗਾਂ ਲਗਾਈਆਂ ਜਾ ਰਹੀਆਂ ਹਨ, ਜਿਸ ਕਾਰਨ ਪੰਜਾਬ ਦੀ ਹਵਾ ਗੁਣਵਤਾ ਪੱਧਰ (ਏਕਿਊਆਈ) ਬੂਰੀ ਤਰ੍ਹਾਂ ਪਲੀਤ ਹੋ ਗਿਆ ਹੈ। ਸਵੇਰ ਵੇਲੇ ਵੀ ਧੂੰਦ ਦੇ ਰੂਪ ਵਿੱਚ ਧੂੰਏ ਦੀ ਚਾਦਰ ਵਿਛ ਰਹੀ ਹੈ, ਜਿਸ ਕਾਰਨ ਆਉਣ ਜਾਣ ਵਾਲੇ ਵਾਹਣਾਂ ਨੂੰ ਮੁਸ਼ਕਲ ਬਣੀ ਹੋਈ ਹੈ ਅਤੇ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਅੱਜ ਅੰਮਿ੍ਰਤਸਰ ਦਾ ਏਕਿਊਆਈ ਪੱਧਰ ਸਭ ਤੋਂ ਵੱਧ ਖਰਾਬ ਮਾਪਿਆ ਗਿਆ ਹੈ ਅਤੇ ਇੱਥੇ ਏਕਿਊਆਈ 329 ਰਿਹਾ ਹੈ, ਜੋਂ ਕਿ ਬਹੁਤ ਖਰਾਬ ਸਥਿਤੀ ਦਰਸਾ ਰਿਹਾ ਹੈ। ਬਠਿੰਡਾ ਦਾ ਏਕਿਊਆਈ ਪੱਧਰ ਵੀ 300 ਦੇ ਕਰੀਬ ਚੱਲ ਰਿਹਾ ਹੈ, ਜੋਂ ਕਿ ਪਿਛਲੇ ਦਿਨਾਂ ਤੋਂ ਖਰਾਬ ਚੱਲ ਰਿਹਾ ਹੈ। (Air Pollution)
Also Read : ਖੇਤੀਬਾੜੀ ਵਿਭਾਗ ਨੇ ਜਾਰੀ ਕੀਤੀ ਸਲਾਹ, ਅਪਣਾਉਣ ‘ਤੇ ਹੋਵੇਗਾ ਫ਼ਾਇਦਾ!
ਲੁਧਿਆਣਾ ਦਾ ਏਕਿਊਆਈ ਪੱਧਰ 283, ਜਲੰਧਰ ਦਾ 231, ਖੰਨਾ ਦਾ 228, ਮੰਡੀ ਗੋਬਿੰਦਗੜ੍ਹ ਦਾ 266 ਜਦਕਿ ਪਟਿਆਲਾ ਦਾ ਏਕਿਊਆਈ ਪੱਧਰ 220 ਚੱਲ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਏ ਗਏ ਉਪਕਰਨ ਪੰਜਾਬ ਅੰਦਰ ਹਵਾ ਪ੍ਰਦੂਸ਼ਣ ਨੂੰ ਮਾੜੀ ਸਥਿਤੀ ਵਿੱਚ ਬਿਆਨ ਕਰ ਰਹੇ ਹਨ। ਧੂੰਏ ਕਾਰਨ ਆਮ ਲੋਕਾਂ ਦੇ ਅੱਖਾਂ ਵਿੱਚ ਜਲਨ ਹੋ ਰਹੀ ਹੈ ਅਤੇ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਸਾਹ, ਦਮਾ, ਅਸਥਮਾ ਆਦਿ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਘਰਾਂ ਤੋਂ ਬਾਹਰ ਨਿੱਕਲਣ ਤੋਂ ਵਰਜਿਆ ਗਿਆ ਹੈ। ਇਸ ਦੇ ਨਾਲ ਹੀ ਚੰਗੇ ਭਲੇ ਲੋਕਾਂ ਨੂੰ ਵੀ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। 10 ਦਿਨ ਤੱਕ ਪੰਜਾਬ ਅੰਦਰ ਅੱਗਾਂ ਲਗਾਉਣ ਦੇ ਮਾਮਲੇ ਜਾਰੀ ਰਹਿਣ ਦੀਆਂ ਕਿਆਸ ਅਰਾਈਆਂ ਹਨ। ਦੀਵਾਲੀ ਦੇ ਤਿਉਹਾਰ ਤੋਂ ਵੱਧ ਹਵਾ ਪ੍ਰਦੂਸ਼ਣ ਹੋਰ ਗੰਭੀਰ ਸਥਿਤੀ ਵਿੱਚ ਪੁੱਜ ਸਕਦਾ ਹੈ।
ਇੱਕ ਦਿਨ ਵਿੱਚ 2060 ਥਾਵਾਂ ’ਤੇ ਲੱਗੀ ਅੱਗ
ਸੂਬੇ ਅੰਦਰ ਵੱਖ ਵੱਖ ਥਾਵਾਂ ’ਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ 2060 ਮਾਮਲੇ ਦਰਜ ਹੋਏ ਹਨ। ਇਸ ਤਰ੍ਹਾਂ ਹੁਣ ਤੱਕ ਪੰਜਾਬ ਅੰਦਰ 19463 ਥਾਵਾਂ ’ਤੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦਰਜ ਹੋ ਚੁੱਕੀਆਂ ਹਨ। ਅੱਜ ਸਭ ਤੋਂ ਵੱਧ ਮਾਮਲੇ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ 509 ਦਰਜ ਕੀਤੇ ਗਏ ਹਨ। ਬਠਿੰਡਾ ਵਿੱਚ 120 ਥਾਵਾਂ ’ਤੇ, ਮਾਨਸਾ ਵਿੱਚ 195, ਬਰਨਾਲਾ ਵਿੱਚ 189, ਪਟਿਆਲਾ ਵਿੱਚ 110 ਥਾਵਾਂ ਤੇ ਇੱਕੋਂ ਦਿਨ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਹੈ। ਰੂਪਨਗਰ ਅੰਦਰ ਸਭ ਤੋਂ ਘੱਟ 1 ਥਾਂ ’ਤੇ ਅੱਗ ਲਗਾਈ ਗਈ ਹੈ। ਇੱਧਰ ਕਿਸਾਨਾਂ ’ਚ ਰੋਸ ਹੈ ਕਿ ਪਰਾਲੀ ਦੇ ਹੱਲ ਲਈ ਉਨ੍ਹਾਂ ਨੂੰ ਮਸ਼ੀਨਰੀ ਨਹੀਂ ਮਿਲ ਰਹੀ, ਜਿਸ ਕਾਰਨ ਮਜ਼ਬੂਰੀਵੱਸ ਹੀ ਅੱਗ ਲਗਾਉਣੀ ਪੈ ਰਹੀ ਹੈ।