ਪੇਟ ਦੇ ਸੀਟੀ ਸਕੈਨ ਲਈ ਵਿਕਸਤ ਕੀਤੀ AI ਤਕਨੀਕ
- ਅਸਲ ਜ਼ਿੰਦਗੀ ’ਚ ਅਸਰਅੰਦਾਜ਼ ਹੋਣ ਵਾਲੀਆਂ ਖੋਜਾਂ ਲਈ ਵਚਨਬੱਧ ਹੈ ਪੰਜਾਬੀ ਯੂਨੀਵਰਸਿਟੀ: ਡਾ. ਜਗਦੀਪ ਸਿੰਘ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਤਾਜ਼ਾ ਖੋਜ ਰਾਹੀਂ ਇੱਕ ਉੱਚ-ਗੁਣਵੱਤਾ ਵਾਲ਼ੀ ਅਜਿਹੀ ਮੈਡੀਕਲ ਇਮੇਜ਼ਿੰਗ ਤਕਨੀਕ ਵਿਕਸਿਤ ਕੀਤੀ ਗਈ ਹੈ, ਜੋ ਮਨੁੱਖੀ ਅੰਗਾਂ ਦੀ ਪਛਾਣ ਕਰਨ ਦੀ ਸ਼ੁੱਧਤਾ ਵਿੱਚ ਅਹਿਮ ਸੁਧਾਰ ਕਰ ਸਕਦੀ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਤੋਂ ਡਾ. ਨਵਜੋਤ ਕੌਰ ਅਤੇ ਡਾ. ਨਿਰਵੈਰ ਨੀਰੂ ਦੀ ਅਗਵਾਈ ਹੇਠ ਖੋਜਾਰਥੀ ਡਾ. ਹਰਿੰਦਰ ਕੌਰ ਵੱਲੋਂ ਕੀਤੀ ਗਈ ਇਹ ਖੋਜ ‘ਪੇਟ ਦੇ ਸੀਟੀ ਸਕੈਨ ਚਿੱਤਰਾਂ ਰਾਹੀਂ ਇੱਕ ਤੋਂ ਵਧੇਰੇ ਅੰਗਾਂ ਦੀ ਪਛਾਣ ਨਾਲ਼ ਸਬੰਧਤ ਹੈ।
ਇਹ ਤਕਨੀਕ ਗੁੰਝਲਦਾਰ ਕਿਸਮ ਦੇ ਸੀਟੀ ਸਕੈਨਾਂ ਵਿੱਚ ਅੰਗਾਂ ਦੀਆਂ ਸੀਮਾਵਾਂ ਦੀ ਸਪੱਸ਼ਟ ਪਛਾਣ ਕਰਨ ਵੇਲ਼ੇ ਪੈਦਾ ਹੁੰਦੀ ਚੁਣੌਤੀ ਦਾ ਹੱਲ ਕਰਦੀ ਹੈ।ਖੋਜਾਰਥੀ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਇਹ ਖੋਜ ਇੱਕ ਨਵੀਂ ਦੋ-ਪੜਾਵੀ ਵਿਧੀ ਪੇਸ਼ ਕਰਦੀ ਹੈ, ਜੋ ਇਸ ਖੇਤਰ ਵਿੱਚ ਪਹਿਲਾਂ ਉਪਲਬਧ ਕਈ ‘ਡੀਪ-ਲਰਨਿੰਗ’ ਮਾਡਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੀ ਹੈ।
Read Also : ਚਿੱਟੀ ਚਾਦਰ ’ਚ ਢੱਕਿਆ ਸ਼੍ਰੀਨਗਰ! ਵੇਖੋ ਮਨਮੋਹਕ ਦ੍ਰਿਸ਼, ਭਾਰੀ ਬਰਫ਼ਬਾਰੀ ਨਾਲ ਰੁਕਿਆ ਕਸ਼ਮੀਰ
ਉਨ੍ਹਾਂ ਦੱਸਿਆ ਕਿ ਕਿ ਇਸ ਤਕਨੀਕ ਦਾ ਪਹਿਲਾ ਪੜਾਅ ਅੰਗਾਂ (ਜਿਵੇਂ ਜਿਗਰ, ਐਓਰਟਾ ਅਤੇ ਤਿੱਲੀ) ਦੇ ਨਾਜ਼ੁਕ ਆਕਾਰ ਅਤੇ ਸੀਮਾਵਾਂ ਨੂੰ ਸੁਰੱਖਿਅਤ ਰੱਖਦੇ ਹੋਏ ਸਬੰਧਤ ਚਿੱਤਰ ਦੇ ਕੰਟਰਾਸਟ ਨੂੰ ਕਾਫ਼ੀ ਵਧਾਉਂਦਾ ਹੈ। ਇਸ ਵਿੱਚ ‘ਵੇਟਿਡ ਗ੍ਰੇ ਵੁਲਫ ਓਪਟੀਮਾਈਜੇਸ਼ਨ’ (ਜੀਡਬਲਿਊਓ) ਐਲਗੋਰਿਦਮ ਦੀ ਵਰਤੋਂ ਕੀਤੀ ਗਈ ਹੈ।
ਦੂਜੇ ਪੜਾਅ ਵਿੱਚ ‘ਐਕਸ-ਡੈਂਸਨੈੱਟ’ ਆਰਕੀਟੈਕਚਰ ਦੀ ਵਰਤੋਂ ਕੀਤੀ ਗਈ ਹੈ, ਜੋ ਸਿਸਟਮ ਨੂੰ ਅੰਗਾਂ ਦੀਆਂ ਅੰਦਰੂਨੀ ਵਿਸ਼ੇਸ਼ਤਾਵਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਬਹੁਤ ਸਹੀ ਅਤੇ ਬਿਹਤਰ ਨਤੀਜੇ ਸਾਹਮਣੇ ਆਉਂਦੇ ਹਨ। ਡਾ. ਨਵਜੋਤ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਿਆਰੀ ਡੇਟਾਸੈਟਸ (ਫਲੇਅਰ 22 ਅਤੇ ਬੀਟੀਸੀਵੀ) ਦੇ ਮੁਕਾਬਲੇ ਇਸ ਤਕਨੀਕ ਨੇ ਸ਼ਾਨਦਾਰ ਨਤੀਜੇ ਦਿਖਾਏ ਹਨ। ਡਾ. ਨਿਰਵੈਰ ਨੀਰੂ ਨੇ ਦੱਸਿਆ ਕਿ ਇਸ ਖੋਜ ਨੂੰ ਪਹਿਲਾਂ ਹੀ ਅੰਤਰ-ਰਾਸ਼ਟਰੀ ਮਾਨਤਾ ਮਿਲ ਚੁੱਕੀ ਹੈ। ਇਹ ਖੋਜ ਕਾਰਜ ਉੱਚ-ਮਿਆਰ ਵਾਲੇ ਜਰਨਲ ‘ਡਿਸਪਲੇਅਜ਼’ (ਐਲਸਵੀਅਰ, ਐੱਸਸੀਆਈ-ਇੰਡੈਕਸਡ), ਸਕੋਪਸ-ਇੰਡੈਕਸਡ ਜਰਨਲ ਅਤੇ ਕਈ ਆਈਈਈਈ ਕਾਨਫਰੰਸਾਂ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ।
ਪੰਜਾਬੀ ਯੂਨੀਵਰਸਿਟੀ ਅਜਿਹੀਆਂ ਖੋਜ ਲਈ ਵਚਨਬੱਧ : ਡਾ. ਜਗਦੀਪ ਸਿੰੰਘ
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਮੈਡੀਕਲ ਏਆਈ ਦੇ ਖੇਤਰ ਵਿੱਚ ਪਾਏ ਇਸ ਯੋਗਦਾਨ ਲਈ ਖੋਜ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਖੋਜਾਰਥੀ ਯੂਨੀਵਰਸਿਟੀ ਨੂੰ ਮੈਡੀਕਲ ਇਮੇਜ਼ਿੰਗ ਇਨੋਵੇਸ਼ਨ ਜਿਹੇ ਖੇਤਰਾਂ ਵਿੱਚ ਵੀ ਅੱਗੇ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਜਿਹੀਆਂ ਖੋਜਾਂ ਲਈ ਵਚਨਬੱਧ ਹੈ, ਜੋ ਅਸਲ ਜ਼ਿੰਦਗੀ ਵਿੱਚ ਅਸਰਅੰਦਾਜ਼ ਹੋਣ। ਉਨ੍ਹਾਂ ਕਿਹਾ ਕਿ ਇਹ ਤਕਨੀਕ ਰੇਡੀਓਲੋਜਿਸਟਾਂ ਨੂੰ ਤੇਜ਼ੀ ਨਾਲ ਅਤੇ ਜਾਨ ਬਚਾਉਣ ਵਾਲੇ ਫੈਸਲੇ ਲੈਣ ਵਿੱਚ ਸਹਾਇਤਾ ਕਰੇਗੀ।













