
ਸਕੂਲਂ ’ਚ ਏ.ਆਈ.ਆਧਾਰਤ ਕਰੀਅਰ ਸੇਧ ਪ੍ਰੋਗਰਾਮ ਲਾਗੂ, ਭਵਿੱਖ ਸਬੰਧੀ ਫ਼ੈਸਲੇ ਲੈਣ ਵਿੱਚ ਮਿਲੇਗੀ ਮੱਦਦ
- ਸਿੱਖਿਆ ਮੰਤਰੀ ਵੱਲੋਂ 25 ਸਕੂਲਾਂ ਵਿੱਚ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ
Punjab Govt Schools News: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਕਰੀਅਰ ਸੇਧ ਸਬੰਧੀ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਆਪਣੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.)-ਅਧਾਰਿਤ ਕਰੀਅਰ ਗਾਈਡੈਂਸ ਨੂੰ ਏਕੀਕ੍ਰਿਤ ਕਰਨ ਲਈ ਆਪਣੀ ਕਿਸਮ ਦੀ ਨਿਵੇਕਲੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਪਾਇਲਟ ਪੜਾਅ ਤਹਿਤ ਸਰਕਾਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ 25 ਏ.ਆਈ. ਅਧਾਰਤ ਕਰੀਅਰ ਗਾਈਡੈਂਸ ਲੈਬਾਰਟਰੀਆਂ ਦਾ ਆਗ਼ਾਜ਼ ਕੀਤਾ ਗਿਆ ਹੈ।
ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੱਧ ਤੋਂ ਵੱਧ ਮੌਕੇ ਦੇਣ ਕਰਨ ਲਈ ਮੁਫ਼ਤ ਤੇ ਪ੍ਰਸਨਲਾਈਜ਼ਡ ਗਾਈਡੈਂਸ ਮੁਹੱਈਆ ਕਰਵਾਏਗਾ ਪ੍ਰੋਗਰਾਮ: ਬੈਂਸ
ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕੋ ਸਮੇਂ ਇਨਾਂ ਲੈਬਾਰਟਰੀਆਂ ਦਾ ਉਦਘਾਟਨ ਕਰਕੇ ਇਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਐਜੂਕੇਸ਼ਨ-ਟੈਕ ਪਾਰਟਨਰ ਬਿਓਂਡ ਮੈਂਟਰ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ ਇਹ ਪ੍ਰੋਗਰਾਮ ਸੂਬੇ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਰੀਅਰ ਗਾਈਡੈਂਸ ਦੇਵੇਗਾ। ਬਿਓਂਡ ਮੈਂਟਰ ਦੇ ਸੀਈਓ ਸ੍ਰੀ ਸੌਰਵ ਕੁਮਾਰ ਨੇ ਕਿਹਾ ਕਿ ਸਾਡਾ ਪਲੇਟਫਾਰਮ ਤਕਨਾਲੋਜੀ ਨੂੰ ਮਨੁੱਖੀ ਭਾਵਨਾਵਾਂ ਅਤੇ ਰੁਚੀਆਂ ਨਾਲ ਜੋੜਦਾ ਹੈ। ਏਆਈ ਸਕੇਲੇਬਲ ਮੁਲਾਂਕਣ ਨੂੰ ਸੰਭਾਲਦਾ ਹੈ ਅਤੇ ਕਾਊਂਸਲਿੰਗ ਦਾ ਕੰਮ ਪੇਸ਼ੇਵਰ ਦੇਖਦੇ ਹਨ, ਜਿਸ ਦੌਰਾਨ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਹਰੇਕ ਬੱਚਾ ਆਪਣੀ ਗੱਲ ਖੁੱਲ੍ਹ ਕੇ ਰੱਖ ਸਕੇ ਅਤੇ ਉਸ ਨੂੰ ਆਪਣੀ ਰੁਚੀ ਮੁਤਾਬਕ ਸਹੀ ਸੇਧ ਮਿਲੇ।
ਇਹ ਵੀ ਪੜ੍ਹੋ: Mann Government: ਬਾਲ ਭਿੱਖਿਆ ਮੁਕਤ ਪੰਜਾਬ ਵੱਲ ਮਾਨ ਸਰਕਾਰ ਦੇ ਕਦਮ ਹੋਰ ਤੇਜ਼: ਡਾ. ਬਲਜੀਤ ਕੌਰ
ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਨੰਗਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਅਕਸ਼ਿਤਾ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਉਹ ਬਹੁਤ ਉਤਸੁਕ ਹੈ ਕਿ ਸਾਡਾ ਸਰਕਾਰੀ ਸਕੂਲ ਕਰੀਅਰ ਸੇਧ ਬਾਰੇ ਇੰਨੀਆਂ ਉੱਨਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਉਸਨੇ ਅੱਗੇ ਕਿਹਾ ਕਿ ਪਹਿਲਾਂ ਸਾਨੂੰ ਸਿਰਫ਼ ਕਰੀਅਰ ਦੇ ਕੁਝ ਆਮ ਬਦਲਾਂ ਬਾਰੇ ਪਤਾ ਸੀ, ਪਰ ਕਾਉਂਸਲਿੰਗ ਸੈਸ਼ਨ ਰਾਹੀਂ ਅਸੀਂ ਕਰੀਅਰ ਦੀਆਂ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਬਾਰੇ ਜਾਣਿਆ। ਉਸਨੇ ਕਿਹਾ ਕਿ ਅਜਿਹੀ ਕਰੀਅਰ ਸੇਧ ਆਮ ਤੌਰ ’ਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਲਦੀ ਸੀ। ਅਕਸ਼ਿਤਾ ਦੇ ਪਿਤਾ ਸ੍ਰੀ ਵਿਸ਼ਾਲ ਸ਼ਰਮਾ ਨੇ ਰਾਜ ਸਰਕਾਰ ਦੀ ਸਮਾਵੇਸ਼ੀ ਪਹੁੰਚ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਮੇਰੇ ਲਈ ਆਪਣੀ ਧੀ ਨਾਲ ਕਾਉਂਸਲਿੰਗ ਸੈਸ਼ਨ ਦਾ ਹਿੱਸਾ ਬਣਨਾ ਅਨਮੋਲ ਪਲ ਸੀ। ਉਨਾਂ ਕਿਹਾ ਕਿ ਇਸ ਸੈਸ਼ਨ ਨੇ ਉਨਾਂ ਦੀ ਬੇਟੀ ਦੇ ਭਵਿੱਖ ਬਾਰੇ ਗੱਲਬਾਤ ਵਿੱਚ ਉਨ੍ਹਾਂ ਨੂੰ ਸ਼ਾਮਲ ਕਰਦਿਆਂ ਇੱਕ ਵੱਖਰਾ ਅਤੇ ਭਰੋਸੇਮੰਦ ਅਨੁਭਵ ਦਿੱਤਾ।













