ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਭਰੇ 25 ਸੈਂਪਲ
ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਮਠਿਆਈਆਂ ਦੀ ਸੁੱਧਤਾ ਯਕੀਨੀ ਬਣਾਈ ਜਾਵੇ : ਸਿਵਲ ਸਰਜਨ
Food Safety Punjab News: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਸਟੇਟ ਕਮਿਸ਼ਨਰ ਫੂਡ ਐਂਡ ਡਰੱਗਜ ਐਡਮਿਨਿਸਟਰੇਸਨ, ਪੰਜਾਬ, ਦਿਲਰਾਜ ਸਿੰਘ ਦੇ ਦਿਸ਼ਾ -ਨਿਰਦੇਸ਼ਾਂ ਅਤੇ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ.ਅਰਵਿੰਦ ਪਾਲ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਮੈਡਮ ਰਾਖੀ ਵਿਨਾਇਕ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਲਵਪ੍ਰੀਤ ਸਿੰਘ ਅਤੇ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ਦੀ ਟੀਮ ਵੱਲੋਂ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵੱਖ-ਵੱਖ ਖਾਦ ਪਦਾਰਥਾਂ ਦੇ 25 ਸੈਂਪਲ ਭਰੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਰਾਖੀ ਵਿਨਾਇਕ ਨੇ ਦੱਸਿਆ ਕਿ ਸੈਂਪਲ ਭਰ ਕੇ ਸਰਕਾਰੀ ਫੂਡ ਲੈਬਾਰਟਰੀ ਵਿੱਚ ਟੈਸਟ ਕਰਨ ਲਈ ਭੇਜੇ ਜਾ ਚੁੱਕੇ ਹਨ , ਰਿਪੋਰਟ ਆਉਣ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਤੇ ਸੁੱਧ ਵਸਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਦੁੱਧ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਵਸਤੂਆਂ ਜਿਵੇਂ ਦਹੀ, ਖੋਆ,ਪਨੀਰ ਲੱਸੀ ਆਦਿ ਆਪਣੇ ਅਦਾਰੇ ਵਿੱਚ ਹੀ ਤਿਆਰ ਕਰਨ। ਉਨ੍ਹਾਂ ਕਿਹਾ ਕਿ ਮਠਿਆਈਆਂ ਆਦਿ ਬਣਾਉਣ ਲਈ ਮਿਆਰੀ ਖਾਦ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ, ਜੇਕਰ ਲੋੜ ਪੈਂਦੀ ਹੈ ਤਾਂ ਉਹਨਾਂ ਵਿੱਚ ਮਾਨਤਾ ਪ੍ਰਾਪਤ ਨਿਰਧਾਰਤ ਮਾਪਦੰਡ ਅਨੁਸਾਰ ਫੂਡ ਕਲਰ ਵਰਤੇ ਜਾਣ, ਜੇਕਰ ਲੋੜ ਹੋਵੇ ਤਾਂ ਕੇਵਲ ਸੁੱਧ ਚਾਂਦੀ ਦੇ ਵਰਕ ਦੀ ਹੀ ਵਰਤੋਂ ਕੀਤੀ ਜਾਵੇ।
ਇਹ ਵੀ ਪੜ੍ਹੋ: Hair Fall Treatment: ਵਾਲਾਂ ਦੇ ਝੜਨ ਤੋਂ ਪਰੇਸ਼ਾਨ, ਇਹ ਆਯੁਰਵੈਦਿਕ ਉਪਚਾਰ ਕਰਨਗੇ ਮੱਦਦ
ਉਨ੍ਹਾਂ ਕਿਹਾ ਕਿ ਕੋਲਡ ਸਟੋਰਾਂ ਵਿੱਚ ਖੋਆ ਤੇ ਹੋਰ ਮਠਿਆਈਆਂ ਨੂੰ ਸਟੋਰ ਨਾ ਕੀਤਾ ਜਾਵੇ ਜੇਕਰ ਸੀਮਤ ਸਮੇਂ ਲਈ ਮਠਿਆਈਆਂ ਜਾਂ ਖੋਆ ਸਟੋਰ ਕਰਨਾ ਪੈਂਦਾ ਹੈ ਤਾਂ ਆਪਣੇ ਖੁਦ ਦੇ ਅਦਾਰੇ ਅੰਦਰ ਬਣੇ ਚੈਂਬਰ ਵਿੱਚ ਹੀ ਸਟੋਰ ਕੀਤਾ ਜਾਵੇ । ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ਅਤੇ ਲਵਪ੍ਰੀਤ ਸਿੰਘ ਨੇ ਸਮੂਹ ਹਲਵਾਈਆਂ, ਕਰਿਆਨਾ ਅਤੇ ਡੇਅਰੀ ਵਾਲਿਆਂ ਨੂੰ ਕਿਹਾ ਕਿ ਖਾਣ ਪੀਣ ਦੀਆਂ ਵਸਤੂਆਂ ਦੀ ਸ਼ੁੱਧਤਾ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ ਅਤੇ ਦੁਕਾਨਾਂ ’ਤੇ ਕੰਮ ਕਰਨ ਵਾਲੇ ਵਿਅਕਤੀਆਂ ਦੀ ਨਿਜੀ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਸਮਾਨ ਤਿਆਰ ਕਰਦੇ ਸਮੇਂ ਸਿਰ ਨੂੰ ਕੱਪੜੇ ਜਾਂ ਹੈੱਡ ਕੈਪ ਨਾਲ ਚੰਗੀ ਤਰ੍ਹਾਂ ਢੱਕਿਆ ਜਾਵੇ, ਦਸਤਾਨੇ ਪਹਿਨੇ ਜਾਣ ਅਤੇ ਸਾਰੇ ਕਾਮਿਆਂ ਦਾ ਮੈਡੀਕਲ ਵੀ ਕਰਵਾਇਆ ਜਾਵੇ। Food Safety Punjab News