ਮਾਰਚ ਮਹੀਨੇ ਦੇ ਖੇਤੀ ਰੁਝੇਵੇਂ

kanka

ਮਾਰਚ ਮਹੀਨੇ ਦੇ ਖੇਤੀ ਰੁਝੇਵੇਂ (Agriculture)

ਕਣਕ:

ਸਮੇਂ ਸਿਰ ਬੀਜੀ ਕਣਕ ਨੂੰ ਅਖੀਰ ਮਾਰਚ ਦੇ ਆਸ-ਪਾਸ ਅਖ਼ੀਰਲਾ ਪਾਣੀ ਦੇ ਦਿਉ। ਪਛੇਤੀ ਬੀਜੀ ਕਣਕ ਨੂੰ 10 ਅਪਰੈਲ ਤੱਕ ਆਖਰੀ ਪਾਣੀ ਲਾਓ। ਹੁਣ ਤੱਕ ਪੱਤਿਆਂ ਦੀ ਕਾਂਗਿਆਰੀ ਤੋਂ ਪ੍ਰਭਾਵਿਤ ਬੂਟੇ ਚੰਗੀ ਤਰ੍ਹਾਂ ਦਿਖਾਈ ਦੇਣ ਲੱਗ ਪਏ ਹੋਣਗੇ। ਅਜਿਹੇ ਬੂਟਿਆਂ ਨੂੰ ਖੇਤ ਵਿੱਚੋਂ ਪੁੱਟ ਦਿਉ ਅਤੇ ਨਸ਼ਟ ਕਰ ਦਿਉ ਤਾਂ ਜੋ ਬਿਮਾਰੀ ਨੂੰ ਅਗਲੇ ਸਾਲ ਲਈ ਘਟਾਇਆ ਜਾ ਸਕੇ। ਬੀਜ ਵਾਸਤੇ ਰੱਖੀ ਫ਼ਸਲ ਵਿੱਚੋਂ ਕਾਂਗਿਆਰੀ ਦੇ ਸਿੱਟੇ ਕੱਢ ਦਿਉ ਜਦੋਂ ਚੇਪੇ ਦਾ ਹਮਲਾ 5 ਚੇਪੇ ਪ੍ਰਤੀ ਸਿੱਟਾ ਪਹੁੰਚ ਜਾਵੇ ਤਾਂ ਇਨ੍ਹਾਂ ਦੀ ਰੋਕਥਾਮ ਲਈ 2 ਲੀਟਰ ਘਰ ਬਣਾਏ ਨਿੰਮ ਦਾ ਘੋਲ ਦੇ ਹਫਤੇ-ਹਫਤੇ ਦੇ ਵਕਫੇ ਤੇ ਦੋ ਛਿੜਕਾਅ ਜਾਂ 20 ਗ੍ਰਾਮ ਐਕਟਾਰਾ/ਤਾਇਓ 25 ਤਾਕਤ (ਥਾਇਆਮਿਥਾਕਸਮ) ਦਾ ਇੱਕ ਛਿੜਕਾਅ 80-100 ਲੀਟਰ ਪਾਣੀ ਵਿੱਚ ਘੋਲ ਕੇ ਕਰੋ। (Agriculture)

ਜੇਕਰ ਕਣਕ ਦੀਆਂ ਬੱਲੀਆਂ ’ਤੇ ਸੈਨਿਕ ਸੁੰਡੀ/ਛੋਲਿਆਂ ਦੇ ਡੱਡਿਆਂ ਦੀ ਸੁੰਡੀ ਦਾ ਨੁਕਸਾਨ ਨਜ਼ਰ ਆਵੇ ਤਾਂ ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ 400 ਮਿ.ਲੀ. ਐਕਾਲਕਸ 25 ਤਾਕਤ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ ਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿੱਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ) ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿੱਕਲਣ ਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗ੍ਰਾਮ ਸੈਲੀਸਿਲਕ ਐਸਿਡ ਨੂੰ 450 ਮਿ.ਲੀ. ਈਥਾਈਲ ਐਲਕੋਹਲ ਵਿੱਚ ਘੋਲਣ ਉਪਰੰਤ 200 ਲੀਟਰ ਪਾਣੀ ਵਿੱਚ ਘੋਲ ਕੇ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਤੇ ਦੂਸਰਾ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ।

ਗਰਮੀ ਰੁੱਤ ਦੀਆਂ ਦਾਲਾਂ:

ਸੱਠੀ ਮੂੰਗੀ ਦੀ ਕਿਸਮ ਐੱਸ. ਅੱੈਮ. ਐੱਲ. 1827, ਐੱਸ. ਅੱੈਮ. ਐੱਲ-668, ਐੱਸ. ਅੱੈਮ. ਐੱਲ-832, ਟੀ. ਐਮ. ਬੀ. 37 ਅਤੇ ਮਾਂਹ ਦੀ ਕਿਸਮ ਮਾਂਹ 1137, ਮਾਂਹ-1008 ਦੀ ਬਿਜਾਈ ਅੱਧ ਮਾਰਚ ਤੋਂ ਸ਼ੁਰੂ ਕਰ ਦਿਓ। ਸੱਠੀ ਮੂੰਗੀ ਐੱਸ. ਅੱੈਮ. ਐੱਲ-668 ਲਈ 15 ਕਿਲੋ ਅਤੇ ਐੱਸ. ਅੱੈਮ. ਐੱਲ 1827, ਐੱਸ. ਐੱਮ. ਐੱਲ-832, ਟੀ.ਐਮ.ਬੀ.-37 ਲਈ 12 ਕਿਲੋ ਅਤੇ ਮਾਂਹ ਲਈ 20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਵਰਤੋ। ਮੂੰਗੀ ਲਈ ਬਿਜਾਈ ਸਮੇਂ 11 ਕਿਲੋ ਯੂਰੀਆ ਤੇ 100 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਤੇ ਮਾਂਹ ਲਈ 11 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਵਰਤੋ। ਜੇਕਰ ਮੂੰਗੀ ਆਲੂਆਂ ਤੋਂ ਬਾਅਦ ਬੀਜਣੀ ਹੋਵੇ ਤਾਂ ਕਿਸੇ ਵੀ ਖਾਦ ਦੀ ਲੋੜ ਨਹੀਂ। ਸੱਠੀ ਮੂੰਗੀ ਦੇ ਬੀਜ ਨੂੰ ਮਿਸ਼ਰਤ ਜੀਵਾਣੂੰ ਖਾਦ ਅਤੇ ਮਾਂਹ ਦੇ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਾ ਕੇ ਬੀਜਣ ਨਾਲ ਝਾੜ ਵਧਦਾ ਹੈ।

ਤੇਲ ਬੀਜ:

ਰਾਇਆ ਦੀਆਂ ਫ਼ਲੀਆਂ ਨੂੰ ਚਿੱਟੀ ਕੁੰਗੀ ਅਤੇ ਝੁਲਸ ਰੋਗ ਤੋਂ ਬਚਾਉਣ ਲਈ 0.25% ਰਿਡੋਮਿਲ ਗੋਲਡ (250 ਗ੍ਰਾਮ) ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕੋ। ਰਾਇਆ ਅਤੇ ਗੋਭੀ ਸਰ੍ਹੋਂ ’ਤੇ ਚੇਪੇੇ ਦੀ ਰੋਕਥਾਮ ਲਈ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿ.ਲੀ. ਰੋਗਰ 30 ਤਾਕਤ ਜਾਂ 600 ਮਿ.ਲੀ. ਡਰਸਬਾਨ/ਕੋਰੋਬਾਨ 20 ਤਾਕਤ ਨੂੰ 80 ਤੋਂ 125 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਫ਼ਸਲ ’ਤੇ ਛਿੜਕਾਅ ਸ਼ਾਮ ਨੂੰ ਕਰੋ ਤਾਂ ਜੋ ਪਰ-ਪਰਾਗਣ ਕਰਨ ਵਾਲੇ ਕੀੜੇ ਅਤੇ ਸ਼ਹਿਦ ਦੀਆਂ ਮੱਖੀਆਂ ਨਾ ਮਰਨ। ਸੂਰਜਮੁਖੀ ਦੀ ਫ਼ਸਲ ਨੂੰ ਦੋ ਹਫ਼ਤੇ ਦੇ ਵਕਫ਼ੇ ’ਤੇ ਪਾਣੀ ਦਿਓ।

ਕਮਾਦ:

a camad

ਗੰਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਸੀ. ਓ. ਪੀ. ਬੀ. 95, ਸੀ. ਓ. ਪੀ. ਬੀ. 96, ਸੀ. ਓ. 15023, ਸੀ. ਓ. ਪੀ. ਬੀ. 92, ਸੀ. ਓ. 118, ਸੀ. ਓ. ਜੇ. 85, ਸੀ. ਓ. ਜੇ. 64 (ਅਗੇਤੀ ਪੱਕਣ ਵਾਲੀ), ਸੀ. ਓ. ਪੀ. ਬੀ. 98, ਸੀ. ਓ. ਪੀ. ਬੀ. 93, ਸੀ. ਓ. ਪੀ. ਬੀ. 94 ਸੀ. ਓ. 238, ਸੀ. ਓ. ਪੀ. ਬੀ 91 ਅਤੇ ਸੀ. ਓ. ਜੇ. 88, (ਦਰਮਿਆਨੀ-ਪਛੇਤੀ) ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਇਸ ਮਹੀਨੇ ਦੇ ਅਖੀਰ ਤੱਕ ਪੂਰੀ ਕਰ ਲਵੋ। ਗੰਨੇ ਦੀ ਬਿਜਾਈ ਲਈ ਜੋ ਬੀਜ ਚੁਣਿਆ ਹੈ ਉਹ ਰੱਤਾ ਰੋਗ, ਸੋਕੜਾ, ਕਾਂਗਿਆਰੀ, ਮੁੱਢੇ ਕਮਾਦ ਦਾ ਮਧਰੇਪਣ ਦਾ ਰੋਗ, ਘਾਹ ਵਰਗੀਆਂ ਸ਼ਾਖਾਂ ਦੇ ਰੋਗ ਤੋਂ ਮੁਕਤ ਹੋਣਾ ਚਾਹੀਦਾ ਹੈ।

ਗੰਨੇ ਦੀ ਫ਼ਸਲ ਨੂੰ ਉੱਗਣ ਵੇਲੇ ਸਿਉਂਕ ਦੀ ਰੋਕਥਾਮ ਲਈ 200 ਮਿ.ਲੀ. ਕੋਰਾਜਨ 18.5 ਐਸ ਸੀ ਨੂੰ 400 ਲੀਟਰ ਪਾਣੀ ਵਿਚ ਘੋਲ ਕੇ ਫੁਹਾਰੇ ਨਾਲ ਸਿਆੜਾਂ ਵਿਚ ਪਈਆਂ ਗੁੱਲੀਆਂ ਉੱਪਰ ਛਿੜਕੋ । ਅਗੇਤੀ ਫੋਟ ਦੇ ਗੜੂੰਏ ਦੇ ਹਮਲੇ ਤੋਂ ਬਚਾਉਣ ਲਈ ਖ਼ਾਲੀਆਂ ਵਿੱਚ ਪਈਆਂ ਪੋਰੀਆਂ ਉੱਪਰ 10 ਕਿਲੋ ਰੀਜੈਂਟ ਮਰੋਟੈਲ/ਰਿੱਪਨ 0.3 ਜੀ (ਫਿਪਰੋਨਿਲ) ਮਿੱਟੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਵਰਤੋ। ਕਮਾਦ ਦੇ ਚੰਗੇ ਜੰਮ ਲਈ ਬਰੋਟਿਆਂ ਨੂੰ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ਉਪਰੰਤ ਬਿਜਾਈ ਕਰੋ। ਇਹ ਘੋਲ ਬਣਾਉਣ ਲਈ 25 ਮਿ.ਲੀ. ਈਥਰਲ 39 ਐਸ ਐਲ ਨੂੰ 100 ਲੀਟਰ ਪਾਣੀ ਵਿੱਚ ਘੋਲੋ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡੋਬ ਲਵੋ। ਗੰਨੇ ਦੀ ਫ਼ਸਲ ਨੂੰ ਉੱਗਣ ਵੇਲੇ ਅਗੇਤੀ ਫੋਟ ਦੇ ਗੜੂੰਏ ਦੇ ਹਮਲੇ ਤੋਂ ਬਚਾਉਣ ਲਈ ਖ਼ਾਲੀਆਂ ਵਿੱਚ ਪਈਆਂ ਪੋਰੀਆਂ ਉੱਪਰ 10 ਕਿਲੋ ਰੀਜੈਂਟ ਮਰੋਟੈਲ/ਰਿੱਪਨ 0.3 ਜੀ (ਫਿਪਰੋਨਿਲ) ਮਿੱਟੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਵਰਤੋ।

ਕਮਾਦ:

ਮੌਸਮੀ ਨਦੀਨਾਂ ਦੀ ਰੋਕਥਾਮ ਲਈ ਐਟਰਾਟਾਫ 50 ਡਬਲਯੂ ਪੀ (ਐਟਰਾਜ਼ੀਨ) ਜਾਂ ਸੈਨਕੋਰ 70 ਡਬਲਯੂ ਪੀ (ਮੈਟਰੀਬਿਊਜ਼ਿਨ) ਜਾਂ ਕਾਰਮੈਕਸ ਜਾਂ ਕਲਾਸ 80 ਘੁਲਣਸ਼ੀਲ (ਡਾਈਯੂਰਾਨ) 800 ਗ੍ਰਾਮ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਕਮਾਦ ਦੀ ਫ਼ਸਲ ਬੀਜਣ ਤੋਂ 2-3 ਦਿਨਾਂ ਦੇ ਅੰਦਰ ਛਿੜਕੋ। ਡੀਲ਼ੇ ਦੀ ਰੋਕਥਾਮ ਲਈ ਖੜ੍ਹੀ ਫ਼ਸਲ ਵਿਚ 800 ਗ੍ਰਾਮ ਪ੍ਰਤੀ ਏਕੜ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।

ਸਖਤ ਨਦੀਨ ਜਿਵੇਂ ਬਾਂਸ ਪੱਤੇ ਦੀ ਰੋਕਥਾਮ ਲਈ ਖੜ੍ਹੀ ਫਸਲ ਵਿੱਚ 800 ਗ੍ਰਾਮ ਪ੍ਰਤੀ ਏਕੜ ਸੈਨਕੋਰ 70 ਡਬਲਯੂ ਪੀ ਜਾਂ ਕਾਰਮੈਕਸ ਜਾਂ ਕਲਾਸ 80 ਘੁਲਣਸ਼ੀਲ ਹੀ ਵਰਤੋਂ ਕਰੋ। ਲਪੇਟਾ ਵੇਲ ਤੇ ਹੋਰ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਇਨ੍ਹਾਂ ਦੀ 3-5 ਪੱਤਿਆਂ ਦੀ ਅਵਸਥਾ ’ਤੇ ਪ੍ਰਤੀ ਏਕੜ 800 ਗ੍ਰਾਮ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਜਾਂ 400 ਮਿ.ਲੀ. 2,4-ਡੀ ਅਮਾਈਨ ਸਾਲਟ 58 ਐਸ ਐਲ ਦਾ ਛਿੜਕਾਅ ਕਰੋ।

ਕਮਾਦ ਦੀ ਬਿਜਾਈ ਤੋਂ 15 ਦਿਨ ਪਹਿਲਾਂ 8 ਟਨ ਰੂੜੀ ਜਾਂ ਪੈ੍ਰਸ ਮੱਡ ਪ੍ਰਤੀ ਏਕੜ ਖੇਤ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ ਅਤੇ ਨਾਈਟ੍ਰੋਜਨ ਦੀ ਮਾਤਰਾ 60 ਕਿੱੱਲੋ ਦੀ ਥਾਂ 40 ਕਿੱੱਲੋ ਪ੍ਰਤੀ ਏਕੜ ਪਾਓ। ਪਰੰਤੂ ਹਲਕੀਆਂ ਜ਼ਮੀਨਾਂ ਵਿੱਚ ਜੇ ਸਿਫਾਰਸ਼ ਖਾਦਾਂ ਦੇ ਨਾਲ ਰੂੜੀ ਪਾਈ ਹੋਵੇ ਤਾਂ ਕਮਾਦ ਦਾ 10% ਵੱਧ ਝਾੜ ਲਿਆ ਜਾ ਸਕਦਾ ਹੈ। ਰੇਤਲੀਆਂ ਜ਼ਮੀਨਾਂ ਵਿੱਚ ਨਾਈਟ੍ਰੋਜਨ ਖਾਦ ਪਹਿਲੇ ਪਾਣੀ ਤੋਂ ਬਾਅਦ ਪਾਓ। ਕਮਾਦ ਦੀ ਬਿਜਾਈ ਤੋਂ ਬਾਅਦ 65 ਕਿਲੋ ਯੂਰੀਆ ਪ੍ਰਤੀ ਏਕੜ ਕਮਾਦ ਜੰਮਣ ਤੋਂ ਬਾਅਦ ਪਹਿਲੇ ਪਾਣੀ ਨਾਲ ਪਾਉ।

ਫਾਸਫੋਰਸ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 75 ਕਿੱੱਲੋ ਸੁਪਰਫਾਸਫੇਟ ਬਿਜਾਈ ਵੇਲੇ ਪਾਉ। ਕਮਾਦ ਦਾ ਚੰਗਾ ਝਾੜ ਲੈਣ ਲਈ ਅਜੋਟੋਬੈਕਟਰ ਜਾਂ ਕੰਨਸੋਰਸ਼ੀਅਮ ਬਾਇਓਫਰਟੀਲਾਈਜਰ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਸਮੇਂ ਪਾਓ। ਪੱਤਝੜ ਰੱੁਤ ਦੇ ਕਮਾਦ ਨੂੰ 65 ਕਿਲੋ ਯੂਰੀਆ ਮਾਰਚ ਦੇ ਅਖ਼ੀਰ ਵਿੱਚ ਪਾ ਦਿਓ। ਵਧੇਰੇ ਆਮਦਨ ਲੈਣ ਲਈ ਕਮਾਦ ਦੀਆਂ ਦੋ ਕਤਾਰਾਂ ਵਿੱਚ ਇੱਕ ਕਤਾਰ ਸੱਠੀ ਮੂੰਗੀ ਜਾਂ ਮਾਂਹ/ਪੁਦੀਨੇ ਦੀ ਬੀਜੀ ਜਾ ਸਕਦੀ ਹੈ। ਇਹ ਗੰਨੇ ਦੀ ਫ਼ਸਲ ਦਾ ਨੁਕਸਾਨ ਨਹੀਂ ਕਰੇਗੀ।

ਹਰੇ ਚਾਰੇ:

chrar

ਅਗੇਤੇ ਚਾਰੇ ਦੀ ਬਿਜਾਈ ਦਾ ਇਹ ਢੁੱਕਵਾਂ ਸਮਾਂ ਹੈ। ਇਨ੍ਹਾਂ ਚਾਰਿਆਂ ਵਿੱਚੋਂ ਮੱਕੀ, ਚਰ੍ਹੀ, ਬਾਜਰਾ, ਗਿੰਨੀ ਘਾਹ ਅਤੇ ਨੇਪੀਅਰ ਬਾਜਰਾ ਆਉਂਦੇ ਹਨ ਜੋ ਕਿ ਹਰੇ ਚਾਰੇ ਦੀ ਕਮੀ ਵਾਲੇ ਸਮੇਂ ਚੰਗੀ ਕਵਾਲਿਟੀ ਦਾ ਹਰਾ ਚਾਰਾ ਦਿੰਦੇ ਹਨ। ਚਾਰੇ ਦੀ ਕਮੀ ਵਾਲੇ ਦਿਨਾਂ ਲਈ ਬਰਸੀਮ ਅਤੇ ਜਵੀ ਨੂੰ ਸੰਭਾਲ ਲਵੋ। ਬੀਜ ਲਈ ਰੱਖੇ ਬਰਸੀਮ ਦੇ ਖੇਤ ਵਿੱਚੋਂ ਕਾਸ਼ਨੀ ਨਦੀਨ ਪੁੱਟ ਦਿਉ। ਅਮਰੀਕਨ ਸੁੰਡੀ ਦੇ ਹਮਲੇ ਦਾ ਖ਼ਿਆਲ ਰੱਖੋ। ਲੋੜ ਪੈਣ ’ਤੇ ਇਸ ਸੁੰਡੀ ਦੀ ਰੋਕਥਾਮ ਨੇੜੇ ਬੀਜੇ ਟਮਾਟਰ, ਛੋਲੇ, ਪਿਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁਖੀ ਦੀ ਫਸਲ ’ਤੇ ਕਰੋ ਤਾਂ ਜੋ ਇਹ ਬਰਸੀਮ ਉੱਪਰ ਹਮਲਾ ਨਾ ਕਰ ਸਕੇ।

ਸਬਜ਼ੀਆਂ ਦੀ ਕਾਸ਼ਤ

ਪਿਆਜ਼:
ਸਾਉਣੀ ਦੇ ਪਿਆਜ਼ ਦੀਆਂ ਗੱੱਠੀਆਂ ਤਿਆਰ ਕਰਨ ਲਈ ਮਾਰਚ ਦੇ ਦੂਜੇ ਪੰਦਰਵਾੜੇ ਵਿੱਚ ਐਗਰੀ ਫਾਊਂਡ ਡਾਰਕ ਰੈੱਡ ਦੀ ਨਰਸਰੀ ਵਿਚ ਬਿਜਾਈ ਕਰ ਦਿਉ। ਇੱਕ ਏਕੜ ਲਈ ਪੰਜ ਕਿਲੋ ਬੀਜ ਵਰਤੋ। ਇਹ ਬੀਜ ਅੱਠ ਮਰਲੇ ਵਿੱਚ ਬੈੱਡ ਬਣਾ ਕੇ ਬੀਜੋ। ਹਾੜ੍ਹੀ ਦੇ ਪਿਆਜ਼ ਦੀ ਫਸਲ ’ਤੇ ਥਰਿੱੱਪ ਕੀੜਾ ਭੂਕਾਂ ਵਿੱਚੋਂ ਰਸ ਚੂਸ ਕੇ ਚਿੱਟੇ ਧੱਬੇ ਪਾ ਦਿੰਦਾ ਹੈ। ਜਾਮਣੀ ਧੱਬੇ ਤੇ ਪੀਲੇ ਧੱੱਬਿਆਂ ਦੀ ਰੋਕਥਾਮ ਲਈ 300 ਗ੍ਰਾਮ ਕੈਵੀਅਟ ਜਾਂ 600 ਗ੍ਰਾਮ ਇੰਡੋਫਿਲ ਐਮ-45 ਅਤੇ 200 ਮਿ.ਲੀ. ਟ੍ਰਾਈਟੋਨ ਜਾਂ ਅਲਸੀ ਦਾ ਤੇਲ 200 ਲੀਟਰ ਪਾਣੀ ਪ੍ਰਤੀ ਏਕੜ ਨਾਲ ਛਿੜਕਾਅ ਕਰੋ।

ਭਿੰਡੀ:

ਵਧੀਆ ਝਾੜ ਲੈਣ ਲਈ ਪੰਜਾਬ ਸੁਹਾਵਣੀ ਕਿਸਮ ਬੀਜੋ। 40 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਖੇਤ ਤਿਆਰ ਕਰਨ ਵੇਲੇ ਪਾਓ।8-10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਰਾਤ ਭਰ ਲਈ ਕੋਸੇ ਪਾਣੀ ਵਿੱਚ ਭਿਉਂ ਦਿਓ ਤੇ ਵੱਟਾਂ 45 ਸੈਂਟੀਮੀਟਰ ਦੇ ਫਾਸਲੇ ’ਤੇ ਪੂਰਬ ਤੋਂ ਪੱਛਮ ਦਿਸ਼ਾ ਵੱਲ ਬਣਾਓ ਅਤੇ ਬਿਜਾਈ ਦੱਖਣੀ ਪਾਸੇ ਵੱਲ 4-5 ਬੀਜ ਪ੍ਰਤੀ ਚੋਕੇ ਦੇ ਹਿਸਾਬ ਨਾਲ 15 ਸੈਟੀਂਮੀਟਰ ਫਾਸਲੇ ’ਤੇ ਦਬਾ ਦਿਉ। 10 ਤੋਂ 12 ਦਿਨਾਂ ਬਾਅਦ ਹਲਕਾ ਪਾਣੀ ਦਿਉ।

ਕੱਦੂ ਜਾਤੀ ਦੀਆਂ ਸਬਜ਼ੀਆਂ:

kadu

ਹਰ ਇੱਕ ਸਬਜ਼ੀ ਨੂੰ ਸਿਫ਼ਾਰਸ਼ਾਂ ਮੁਤਾਬਕ ਖਾਦ ਪਾਉ ਅਤੇ ਖਾਲੀਆਂ ਬਣਾੳ। ਇੱਕ ਏਕੜ ਖੇਤ ਲਈ ਡੇਢ ਤੋਂ ਦੋ ਕਿਲੋ ਬੀਜ ਵਰਤੋ। ਫ਼ਸਲ ਦੀ ਲੋੜ ਮੁਤਾਬਕ ਬੂਟਿਆਂ ਦਾ ਫ਼ਾਸਲਾ ਰੱਖੋ ਅਤੇ ਚੰਗੇ ਬੀਜ ਹਰ ਚੋਕੇ ’ਤੇ ਬੀਜੋ।

ਟਮਾਟਰ:

ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਨਾਈਟ੍ਰੋਜਨ ਦੀ ਦੂਸਰੀ ਖ਼ੁਰਾਕ ਪਾ ਦਿਉ । 10 ਤੋਂ 12 ਦਿਨਾਂ ਬਾਅਦ ਲਗਾਤਾਰ ਪਾਣੀ ਦਿੰਦੇ ਰਹੋ ਤਾਂ ਜੋ ਵਧੀਆ ਫ਼ੁੱਲ ਤੇ ਫ਼ਲ ਬਣਨ। ਇਸ ਮਹੀਨੇ ਦੇ ਸ਼ੁਰੂ ਵਿੱਚ ਪਿਛੇਤੇ ਝੁਲਸ ਰੋਗ ਦੀ ਬਿਮਾਰੀ ਟਮਾਟਰਾਂ ਦੀ ਫ਼ਸਲ ’ਤੇ ਆ ਸਕਦੀ ਹੈ। ਇਸਦੀ ਰੋਕਥਾਮ ਲਈ ਇੰਡੋਫ਼ਿਲ ਐੱਮ-45, 700 ਗ੍ਰਾਮ ਦਾ ਪ੍ਰਤੀ ਏਕੜ ਦੇ ਹਿਸਾਬ 7 ਦਿਨਾਂ ਦੇ ਵਕਫੇ ’ਤੇ ਛਿੜਕਾਅ ਕਰੋ ਫ਼ਲ ਦੇ ਗੜੂੰਏਂ ਦੀ ਰੋਕਥਾਮ ਲਈ 60 ਮਿ.ਲੀ. ਕੋਰਾਜ਼ਨ 18.5 ਤਾਕਤ ਜਾਂ 30 ਮਿ.ਲੀ. ਫੇਮ 480 ਐਸ ਐਲ ਜਾਂ 200 ਮਿ. ਲੀ. ਇਡੌਕਸਾਕਾਰਬ 14.5 ਤਾਕਤ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ।

ਰਵਾਂਹ:

ਹਰੀਆਂ ਫ਼ਲੀਆਂ ਦੀ ਵਰਤੋਂ ਲਈ ਕਾਉਪੀਜ਼ 263 ਕਿਸਮ ਨੂੰ 45 ਸੈਂਟੀਮੀਟਰ ਦੀ ਦੂਰੀ ’ਤੇ ਕਤਾਰਾਂ ਅਤੇ ਬੀਜ ਤੋਂ ਬੀਜ 15 ਸੈਂਟੀਮੀਟਰ ਦੀ ਦੂਰੀ ’ਤੇ ਬੀਜੋ। ਬਿਜਾਈ ਸਮੇਂ 45 ਕਿੱੱਲੋ ਯੂਰੀਆ, 100 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਅਤੇ 16 ਕਿੱੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਰਵਾਂਹ ਦਾ 8 -10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।

ਆਲੂ:

ਬੀਜ ਵਾਲੇ ਆਲੂ ਨੂੰ ਠੰਢੇ ਸਟੋਰ ਵਿੱਚ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਛਾਂਟੀ ਕਰ ਲਵੋ ਅਤੇ ਝੁਲਸ ਰੋਗ ਵਾਲੇ ਦਾਗੀ ਆਲੂ, ਜਿਨ੍ਹਾਂ ’ਤੇ ਭੂਰੇ ਤੋਂ ਜਾਮਣੀ ਰੰਗ ਦੇ ਚੱੱਟਾਖ਼ ਪੈ ਜਾਂਦੇ ਹਨ, ਬਾਹਰ ਕੱਢ ਕੇ ਨਸ਼ਟ ਕਰ ਦਿਉ। ਖਰੀਂਢ ਰੋਗ ਅਤੇ ਧੱਫੜੀ ਰੋਗ ਵਾਲੇ ਆਲੂ ਵੀ ਛਾਂਟੀ ਕਰਕੇ ਬਾਹਰ ਕੱਢ ਦਿਉ।

ਮਿਰਚਾਂ:

ਮਿਰਚਾਂ ਦੀ ਸੀ ਐੱਚ-1, ਸੀ ਐੱਚ-3, ਸੀ ਐਚ-27, (ਹਾਈਬਿ੍ਰਡ) ਪੰਜਾਬ ਸੰਧੂਰੀ, ਪੰਜਾਬ ਤੇਜ, ਕਿਸਮਾਂ ਬੀਜੋ। ਖੇਤ ਤਿਆਰ ਕਰਨ ਤੋਂ ਪਹਿਲਾਂ 40 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਨੂੰ ਪ੍ਰਤੀ ਏਕੜ ਪਾਉ ਅਤੇ ਵੱਟਾਂ ਬਣਾ ਦਿਉ। ਪਨੀਰੀ ਵੱਟਾਂ ਉੱਪਰ 75 ਸੈਂ.ਮੀ. ਅਤੇ ਬੂਟਿਆਂ ਵਿਚਕਾਰ 60 ਸੈਂ.ਮੀ. ਦੇ ਫ਼ਾਸਲੇ ’ਤੇ ਲਾ ਦਿਉ ਅਤੇ ਤੁਰੰਤ ਪਾਣੀ ਦਿਓ। ਫਿਰ 10-12 ਦਿਨਾਂ ਬਾਅਦ ਪਾਣੀ ਮਿੱਟੀ ਅਤੇ ਮੌਸਮ ਅਨੁਸਾਰ ਦਿੰਦੇ ਰਹੋ।
ਧੰਨਵਾਦ ਸਹਿਤ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ