ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਵਿਰੁੱਧ, ਵਿਰੋਧੀਆਂ ਦੀ ਸੌੜੀ ਸੋਚ ਦਾ ਜਨਾਜ਼ਾ!
ਸੰਘਰਸ ਵਿੱਚ ਨਰੋਆ ਜੀਵਨ ਛੁਪਿਆ ਹੋਇਆ ਹੈ। ਪਰ ਸੰਘਰਸ਼ ਕਰਨ ਲਈ ਪੈਰ-ਪੈਰ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਨੀਆਂ ਦੇ 16 ਪ੍ਰਤੀਸਤ ਲੋਕ ਹੀ ਸੰਘਰਸ਼ਮਈ ਹਨ। ਜਿਹੜੇ ਸੋਚਦੇ ਹਨ ਕਿ ਸੰਘਰਸ ਤੋਂ ਬਿਨ੍ਹਾਂ ਜ਼ਿੰਦਗੀ ਫਿੱਕੀ ਤੇ ਵੈਰਾਨ ਹੈ। ਅੱਜ ਪੰਜਾਬ ਦੇ ਬਿਜਲੀ ਕਾਮੇ ਜੁਆਇੰਟ ਫੋਰਮ ਦੇ ਮੰਚ ’ਤੇ ਇੱਕਜੁੱਟ ਹੋ ਕੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਟੁੱਟ-ਟੁੱਟ ਪੈਂਦੇ ਹਨ। ਲੋੜ ਹੈ ਇਸ ਜਜਬੇ ਨੂੰ ਸਾਂਭ ਕੇ, ਸੂਝ-ਬੂਝ ਨਾਲ ਵਰਤਣ ਦੀ।
ਅੱਜ ਜੁਆਇੰਟ ਫੋਰਮ ਬਿਜਲੀ ਮੁਲਾਜਮਾਂ ਦੇ ਹੱਕਾਂ ਦੀ ਖਾਤਰ ਇੱਕ ਲੱਤ ’ਤੇ ਡਟਕੇ ਖੜ੍ਹੀ ਹੈ।ਜੇਕਰ ਮੈਨੇਜਮੈਂਟ ਕਿਸੇ ਵੀ ਮੰਗ ਨੂੰ ਮੰਗਣ ਤੋਂ ਇਨਕਾਰੀ ਹੈ ਤਾਂ ਸਰਕਾਰ ਇਹ ਗੱਲ ਭੁੱਲ ਜਾਵੇ ਕਿ ਹੈਡ ਆਫਿਸ ਪਟਿਆਲਾ ਦੇ ਸਾਰੇ ਡਾਇਰੈਕਟਰ ਸਹਿਬਾਨ ਕਿਤੇ ਹੋਰ ਬਿਲਡਿੰਗ ਵਿੱਚ ਆਪਣੇ ਦਫਤਰ ਬਣਾ ਕੇ ਕੰਮ ਚਲਾ ਲਵੇਗੀ। ਅਗਲੇ ਤਿੱਖੇ ਸੰਘਰਸ਼ ਨੂੰ ਹੋਰ ਸਾਣ ’ਤੇ ਲਾਉਣ ਲਈ ਬਿਜਲੀ ਕਾਮੇ ਵਿਆਕੁਲ ਹਨ। ਕੀ ਨਵੇਂ, ਕੀ ਪੁਰਾਣੇ ਸਾਥੀ, ਸਮੇਤ ਰਿਟਾਇਰੀ ਕਾਮੇ ਸੰਘਰਸ਼ ਲਈ ਤਿਆਰ ਹਨ
ਇਤਿਹਾਸ ਗਵਾਹ ਹੈ ਕਿ ਕਿਸੇ ਵੀ ਜੱਥੇਬੰਦੀ ਜਾਂ ਸੰਗਠਨ ਦਾ ਮਾਣ ਤਦੇ ਜਾਗਰਿਤ ਰਹਿੰਦਾ ਹੈ, ਜਦ ਉਹ ਆਪਣੇ ਸਵੈ-ਅਭਿਮਾਨ ਅਤੇ ਬਲੀਦਾਨ ਦੀਆਂ ਪਰੰਪਰਾਵਾਂ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਵੀ ਸਿਖਾਉਂਦਾ ਹੈ, ਸੰਸਕਾਰਿਤ ਕਰਦਾ ਹੈ, ਉਨ੍ਹਾਂ ਨੂੰ ਵੀ ਇਸ ਦੇ ਲਈ ਨਿਰੰਤਰ ਪ੍ਰੇਰਿਤ ਕਰਦਾ ਹੈ। ਕਿਸੇ ਵੀ ਜੱਥੇਬੰਦੀ ਦਾ ਭਵਿੱਖ ਤਦੇ ਉੱਜਵਲ ਹੁੰਦਾ ਹੈ, ਜਦ ਉਹ ਆਪਣੇ ਅਤੀਤ ਦੇ ਅਨੁਭਵ ਅਤੇ ਵਿਰਾਸਤ ਦੇ ਮਾਣ ਨਾਲ ਪਲ-ਪਲ ਜੁੜਿਆ ਰਹਿੰਦਾ ਹੈ। ਫਿਰ ਬਿਜਲੀ ਕਾਰਪੋਰੇਸ਼ਨਾਂ ਦੀਆਂ ਜੱਥੇਬੰਦੀਆਂ ਕੋਲ ਮਾਣ ਕਰਨ ਲਈ ਅਥਾਹ ਭੰਡਾਰ ਹਨ ਇਹ ਇੱਕ ਅਜਿਹਾ ਅੰਮ੍ਰਿਤ ਹੈ ਜੋ ਸਾਨੂੰ ਹਰਪਲ ਲੜਦੇ ਲੋਕਾਂ ਲਈ ਕੁੱਝ ਕਰਨ ਦੇ ਲਈ ਪ੍ਰੇਰਿਤ ਕਰੇਗਾ।
ਜੇਕਰ ਸਿੱਕੇ ਦੂਜਾ ਦਾ ਪਾਸਾ ਦੇਖੀਏ ਤਾਂ ਮੈਨੂੰ ਬੀਤੇ ਦਿਨੀਂ ਲਗਾਤਾਰ ਸੰਘਰਸ ਦੌਰਾਨ ਕਈ ਵਾਰ ਹੈਡ ਆਫਿਸ ਵਿਖੇ ਚੱਲ ਰਹੇ ਧਰਨੇ ਵਿੱਚ ਸਮੂਲੀਅਤ ਕਰਨ ਦਾ ਮੌਕਾ ਮਿਲਿਆ, ਤੇ ਮੈਂ ਦੇਖਿਆ ਕਿ ਜੇਈ ਕੌਂਸਲ ਦੀ ਮੈਨੇਜਮੈਂਟਾਂ ਨਾਲ ਸਾਂਝ ਭਿਆਲੀ ਅੱਜ ਜੱਗ ਜਾਹਿਰ ਹੋ ਚੁੱਕੀ ਹੈ।
ਉਦੋਂ ਤਾਂ ਹੱਦ ਨਾਲੋਂ ਵੱਧ ਹੋ ਗਈ ਜਦੋਂ ਮਿਤੀ 25-11-2021 ਨੂੰ ਅੱਖੀਂ ਦੇਖਿਆ ਕਿ ਸੌਂਕਣਾਂ ਵੀ ਐਨਾ ਮਿਹਣੋ-ਮਿਹਣੀ ਨਹੀਂ ਹੁੰਦੀਆਂ। ਜੁਆਇੰਟ ਫੋਰਮ ਵੱਲੋਂ ਸਟੇਜ ਦੀ ਕਾਰਵਾਈ ਸਾਂਤਮਈ ਤਰੀਕੇ ਬੁਲਾਰਿਆ ਨੂੰ ਵਾਰੀ-ਵਾਰੀ ਸਮਾਂ ਦੇ ਕੇ ਵਧੀਆ ਤਰੀਕੇ ਚਲਾਈ ਜਾ ਰਹੀ ਸੀ, ਤਾਂ ਅਚਾਨਕ ਉਸ ਵਿਚ ਖੱਲ੍ਹਰ ਪਾਉਣ ਲਈ ਜੇਈ ਕੌਂਸਲ ਵੱਲੋਂ ਲਗਾਤਾਰ ਇਹ ਦੂਜਾ ਦਿਨ ਸੀ। 20 ਮਿੰਟਾਂ ਤੱਕ ਜੇਈ ਕੌਂਸਲ ਦੇ ਧਰਨੇ ਵਾਲੀ ਸਟੇਜ ਤੋਂ ਸਾਡੇ ਵਿਰੁੱਧ ਆਪਣਾ ਪ੍ਰਦਰਸ਼ਨ ਲਾਊਡ ਸਪੀਕਰ ਰਾਹੀ ਕਰਕੇ, ਮੈਨੇਜਮੈਂਟ ਹਿਤੈਸ਼ੀਆਂ ਦੇ ਰੂਪ ਵਿੱਚ ਕਾਵਾਂ ਰੌਲੀ ਪਾਕੇ ਕੁੱਕੜ ਖੇਹ ਉਡਾਈ ਗਈ।
ਇਹ ਮੁਲਾਜ਼ਮ ਘੋਲ ਨੂੰ ਫੇਲ੍ਹ ਕਰਨ ਵਾਲੀਆਂ ਕਾਰਵਾਈਆਂ ਹਨ। ਕੀ ਜੇਈ ਕੌਂਸਲ ਨੇ ਹੁਣ ਹੀ ਬਰਾਬਰ ਘੋਲ ਨੂੰ ਵਿੱਢਣਾ ਸੀ? ਫੋਰਮ ਨੂੰ ਡਿਸਟਰਬ ਕਰਨ ਲਈ ਤੇ ਫੋਰਮ ਦਾ ਮੁੱਦੇ ਤੋਂ ਧਿਆਨ ਭੰਗ ਕਰਨ ਵਾਸਤੇ ਅਜਿਹੀ ਤਮਾਸ਼ਬੀਨੀ ਕੀਤੀ ਜਾ ਰਹੀ ਹੈ। ਇਹ ਚਿੱਟੇ ਦਿਨ ਵਾਂਗ ਸਾਫ ਹੈ ਜੇਈ ਕੌਂਸਲ ਜਾਂ ਕੋਈ ਹੋਰਾਂ ਵੱਲੋਂ ਵੱਖਰੇ ਰੂਪ ਵਿੱਚ ਬਿਜਲੀ ਮੁਲਾਜ਼ਮਾਂ ਦੇ ਹਿੱਤਾਂ ਲਈ ਸੰਘਰਸ ਨਹੀਂ ਲੜਿਆ ਜਾ ਰਿਹਾ ਹੈ। ਉਹ ਹੁਣ ਵਗਦੀ ਗੰਗਾ ਵਿੱਚ ਹੱਥ ਧੋਣ ਲਈ ਆਪੋ-ਆਪਣਾ ਲਾਹਾ ਲੈਣ ਲਈ ਉਪਰੋਂ ਥਲੀ ਹੋ-ਹੋ ਡਿੱਗਦੇ ਹਨ। ਮੈਨੇਜਮੈਂਟਾਂ ਨੂੰ ਇਹ ਦਰਸਾਉਣਾ ਚਾਹੁੰਦੇ ਹਨ, ਦੇਖੋ ਜੀ ਅਸੀਂ ਤੁਹਾਡੇ ਹਿੱਤ ਵਿੱਚ ਜੁਆਇੰਟ ਫੋਰਮ ਦੇ ਮੋਰਚੇ ਸਾਹਮਣੇ ਆਪਣਾ ਝੰਡਾ ਗੱਡ ਕੇ ਉਸਦੇ ਪੋਤੜੇ ਫਰੋਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਦਿਓ ਸਾਨੂੰ ਕੋਈ ਖੈਰਾਤ!! ਇਹੋ ਜਿਹੀਆਂ ਗੱਲਾਂ ਨੂੰ ਕਮਲੇ ਤੋਂ ਕਮਲਾ ਬੰਦਾ ਵੀ ਸਮਝਦਾ ਹੈ
ਇਨ੍ਹਾਂ ਦੇ ਇਹ ਹਾਰ ਪਾ ਕੇ ਬੈਠਣ ਵਾਲੇ ਧਰਨੇ ਲਗਾਤਾਰ ਨਹੀਂ ਚੱਲਣੇ, ਫੀਲਡ ਵਿੱਚ ਜਾਣਾ ਹੀ ਪੈਣਾ ਹੈ। ਸੱਚਾਈ ’ਤੇ ਖੜਨਾ ਪੈਣਾ ਹੈ।ਆਉਣ ਵਾਲੇ ਕੁਝ ਦਿਨਾਂ ਬਾਅਦ ਤੁਹਾਨੂੰ ਇਨ੍ਹਾਂ ਬਿਜਲੀ ਘਰਾਂ ਤੇ ਫੀਲਡ ਦੇ ਕਰਮਚਾਰੀਆਂ ਨਾਲ ਹੀ ਰਲ ਮਿਲ ਕੇ ਚੱਲਣਾ ਪਵੇਗਾ। ਥੱਲੇ ਫੀਲਡ ਦੇ ਬਹੁਤੇ ਜੇਈ ਫੌਰਮ ਨਾਲ ਰਲ-ਮਿਲ ਕੇ ਚੱਲ ਵੀ ਰਹੇ ਹਨ, ਤੇ ਭਰਾ ਮਾਰੂ ਜੰਗ ਵਿੱਚ ਕੁੱਦਿਆਂ ਨੂੰ ਲਾਹਨਤਾਂ ਵੀ ਪਾ ਰਹੇ ਹਨ। ਜੇਈ ਉੱਪਰਲੀ ਲੀਡਰਸ਼ਿਪ ਦੀ ਮੈਨੇਜਮੈਂਟਾਂ ਨਾਲ ਸਾਂਝ ਭਿਆਲੀ ਅੱਜ ਜੱਗ ਜਾਹਿਰ ਹੋ ਚੁੱਕੀ ਹੈ।ਜੁਆਇੰਟ ਫੋਰਮ ਬਹੁਤ ਹੀ ਸੂਝਵਾਨ ਤੇ ਠਰੰ੍ਹਮੇ ਵਾਲੀ ਹੈ। ਇਸਨੂੰ ਸਮਝ ਚੁੱਕੀ ਹੈ ਤੇ ਨਿਡਰ ਹੋ ਕੇ ਸੰਘਰਸ਼ ਲੜ ਰਹੀ ਹੈ।
ਇੰਜੀਨੀਅਰ ਐਸੋਸੀਏਸ਼ਨ ਨੇ ਸਿਆਣਪ ਵਰਤਦਿਆਂ ਹੋਇਆਂ ਹੌਲੀ-ਹੌਲੀ ਬਿਜਲੀ ਘਰ ਛੱਡਣੇ ਸੁਰੂ ਕਰ ਦਿੱਤੇ ਹਨ।ਐਕਸੀਅਨ ਵਾਧੂ ਡਿਊਟੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ। ਸਭ ਨੂੰ ਉਨ੍ਹਾਂ ਦੇ ਪਿਛਲੇ ਪਰਿਵਾਰ ਨਾਲ ਬੇਹੱਦ ਹਮਦਰਦੀ ਹੈ, ਪਰ ਕੁੱਝ ਕੀਤਾ ਨਹੀਂ ਜਾ ਸਕਦਾ ਕਰਨਾ ਤਾਂ ਮੈਨੇਜਮੈਂਟ ਨੇ ਹੈ। ਫੋਰਮ ਮੰਗ ਕਰਦੀ ਹੈ ਕਿ ਮੈਨੇਜਮੈਂਟ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਜਾਰੀ ਕਰੇ। ਜੇਈ ਕੌਂਸਲ ਦੇ ਮੈਂਬਰ ਜੇਈ ਭਰਾਵਾਂ ਨੇ ਬਿਜਲੀ ਘਰ ਸਾਂਭ ਲਏ ਹਨ। ਕਿਵੇਂ ਜੇਈ ਕੌਂਸਲ ਵੱਲੋਂ ਪਾਵਰ ਜੂਨੀਅਰ ਇੰਜੀਨੀਅਰ ਸੰਘਰਸ਼ ਦੀ ਰਾਹ ’ਤੇ ਸੰਘਰਸ਼ ਪ੍ਰੋਗਰਾਮ ਤਹਿਤ ਦੋਗਲੀ ਨੀਤੀ ਅਪਣਾ ਕੇ ਆਪਣੇ ਫਲੈਕਸ ਬੋਰਡ ਵਿੱਚ ਲਿਖਿਆ ਹੈ ਕਿ ਸਮੂਹ ਮੈਂਬਰ ਕਿਸੇ ਵੀ ਜੱਥੇਬੰਦੀ ਦੁਆਰਾ ਉਲੀਕੇ ਗਏ ਸੰਘਰਸ਼ ਪ੍ਰੋਗਰਾਮ, ਹੜਤਾਲ/ਸਮੂਹਿਕ ਛੁੱਟੀ ਦੌਰਾਨ ਗਰਿੱਡ ਸਬ ਸਟੇਸ਼ਨਾਂ ਉੱਤੇ ਵਾਧੂ ਡਿਊਟੀ ਨਹੀਂ ਕਰਨਗੇ।
ਉਹ ਸਿਰਫ ਦਫਤਰਾਂ ਵਿੱਚ ਹਾਜ਼ਰ ਰਹਿ ਕੇ ਆਮ ਡਿਊਟੀ ਕਰਨਗੇ। ਇਹ ਦੱਸਣਾ ਬਣਦਾ ਹੈ ਕਿ ਇਨ੍ਹਾਂ ਦੀ ਉੱਪਰਲੀ ਲੀਡਰਸ਼ਿਪ ਵੱਲੋਂ ਹਾਥੀ ਦੇ ਦੰਦਾਂ ਵਾਲੀ ਗੱਲ ਦੀ ਤਰ੍ਹਾਂ ਕੋਈ ਵੀ ਜੇਈ ਫੀਲਡ ਆਪਣੇ ਦਫਤਰ ਵਿੱਚ ਨਹੀਂ, ਬਕਾਇਦਾ ਗਰਿੱਡਾਂ ਵਿੱਚ ਲਗਾਤਾਰ ਕਈ-ਕਈ ਦਿਨ ‘ਕੱਲੇ-ਕੱਲੇ ਵੱਲੋਂ ਡਿਊਟੀਆਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਦੀ ਪ੍ਰਮਾਣਤਾ ਲਈ ਸੈਂਕੜੇ ਵੀਡੀਓ ਬਿਜਲੀ ਘਰਾਂ ਦੇ ਕਾਮਿਆਂ ਨਾਲ ਖਹਿਬੜਦਿਆਂ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀਆਂ ਹਨ।
ਬਿਜਲੀ ਘਰਾਂ ਵਿਚ ਜੇਈਆਂ ਵੱਲੋਂ ਡਿਊਟੀਆਂ ਸੰਭਾਲ ਕੇ ਏਕੇ ਦੀ ਗੱਲ ਕਰਨਾ ਆਉਣ ਵਾਲੇ ਦਿਨਾਂ ਵਿੱਚ ਸਭ ਅੱਛਾ ਨਹੀਂ ਹੋਵੇਗਾ। ਇਉਂ ਨਹੀਂ ਗੱਲ ਬਣਨੀ ਮੈਨੇਜਮੈਂਟ ਦੇ ਹੱਥਾਂ ਵਿੱਚ ਖੇਡ ਕੇ ਕੋਈ ਕਿਸੇ ਡਾਇਰੈਕਟਰ ਦਾ ਲੜ ਫੜ੍ਹੀ ਫਿਰਦਾ ਹੈ, ਕੋਈ ਕਿਸੇ ਦਾ ਕਿ ਇਹ ਮੇਰਾ ਆਕਾ ਹੈ, ਉਹ ਮੇਰਾ ਆਕਾ ਹੈ। ਇਮਾਨਦਾਰੀ ਖੰਭ ਲਾ ਕੇ ਕਿਧਰੇ ਉੱਡ ਗਈ ਹੈ ਇਹ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਜਿਹੜੇ ਇਸ ਤਰ੍ਹਾਂ ਕਰ ਰਹੇ ਹਨ ਆਉਣ ਵਾਲੇ ਸਮੇਂ ਵਿੱਚ ਇੰਨ੍ਹਾਂ ਦੇ ਰੰਗੇ-ਹੱਥੀਂ ਫੜ੍ਹੇ ਜਾਣ ਦੇ ਆਸਾਰ ਬਹੁਤ ਨੇੜੇ ਤੇ ਵੱਧ ਰਹੇ ਹਨ।
ਉਲਟਾ ਹੁਣ ਮੁਲਾਜ਼ਮਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਹੈ। ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।
ਪਿਛਲੇ ਲੰਬੇ ਸਮੇਂ ਤੋਂ ਜੁਆਇੰਟ ਫੋਰਮ ਨਾਲ ਗੱਲਬਾਤ ਦੀ ਡਰਾਮੇਬਾਜ਼ੀ ਕਰਕੇ ਕਿਹਾ ਜਾ ਰਿਹਾ ਹੈ! ਆਹ ਦਿਆਂਗੇ, ਅਹੁ ਦਿਆਂਗੇ, ਆਹ ਕਰਲੋ, ਅਹੁ ਕਰਲੋ। ਇਹ ਪਾਵਰਕੌਮ ਦੀ ਮੈਨੇਜਮੈਂਟ ਪਰਿਪੱਕ ਨਹੀਂ ਹੈ। ਇਹ ਪੰਜਾਬ ਦਾ ਭਲਾ ਨਹੀਂ ਚਾਹੁੰਦੀ। ਅੱਜ ਜਿਹੜੇ 2022 ਵਿੱਚ ਸਰਕਾਰ ਬਣਾਉਣ ਲਈ ਟਰਪੱਲ ਛੱਡ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਇਵੇਂ ਸਰਕਾਰਾਂ ਰਪੀਟ ਨਹੀਂ ਹੁੰਦੀਆਂ!! ਆਉਣ ਵਾਲੇ ਸਮੇਂ ਵਿੱਚ ਹਰ ਇੱਕ ਨੂੰ ਸੱਚਾਈ ਦਾ ਸਾਹਮਣਾ ਕਰਨਾ ਪਵੇਗਾ, ਭਾਵੇਂ ਉਹ ਇੰਜੀਨੀਅਰ ਐਸੋਸੀਏਸ਼ਨ ਹੈ, ਭਾਵੇਂ ਜੇਈ ਕੌਂਸਲ ਹੈ, ਭਾਵੇਂ ਏਕਤਾ ਮੰਚ ਹੈ, ਭਾਵੇਂ ਜੁਆਇੰਟ ਫੋਰਮ ਹੈ, ਭਾਵੇਂ ਸਬ ਸਟੇਸਨ ਸਟਾਫ ਵੈਲਫੈਅਰ ਐਸੋਸੀਏਸ਼ਨ ਹੋਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ