ਅਕਾਲੀ-ਭਾਜਪਾ ਤੋਂ ਬਾਅਦ ਆਪ ਵੱਲੋਂ ਰੈਲੀਆਂ ਦਾ ਐਲਾਨ
ਪਟਿਆਲਾ | ਦੇਸ਼ ਅੰਦਰ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਚੋਣ ਰੈਲੀਆਂ ਰਾਹੀਂ ਸਿਆਸਤ ਸ਼ੁਰੂ ਕਰ ਦਿੱਤੀ ਹੈ। ਪੰਜਾਬ ਅੰਦਰ ਅਗਲੇ ਕੁਝ ਦਿਨਾਂ ਬਾਅਦ ਵੱਖ-ਵੱਖ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਰਾਹੀਂ ਰਾਜਸੀ ਪਾਰਾ ਭਖਣ ਦੇ ਰਾਹੇ ਪੈ ਗਿਆ ਹੈ। ਇਸੇ ਮਹੀਨੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਰੈਲੀਆਂ ਕਰਕੇ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਟਟੋਲਿਆ ਜਾਵੇਗਾ, ਉੱਥੇ ਹੀ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਵੱਲੋਂ ਰੈਲੀਆਂ ਕੀਤੀਆਂ ਜਾਣਗੀਆਂ।
ਜਾਣਕਾਰੀ ਅਨੁਸਾਰ ਦੇਸ਼ ਅੰਦਰ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਵੱਖ-ਵੱਖ ਪਾਰਟੀਆਂ ਵੱਲੋਂ ਲੋਕਾਂ ਨੂੰ ਆਪਣੀਆਂ ਨੀਤੀਆਂ ਤੇ ਵਿਕਾਸ ਕਾਰਜਾਂ ਦੇ ਦਾਅਵਿਆਂ ਰਾਹੀਂ ਆਪਣੇ ਪੱਖ ‘ਚ ਕਰਨ ਲਈ ਜ਼ੋਰ ਅਜਮਾਈ ਸ਼ੁਰੂ ਕਰ ਦਿੱਤੀ ਹੈ। ਉਂਜ ਭਾਵੇਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵੱਲੋਂ ਚੜ੍ਹਦੇ ਨਵੇਂ ਸਾਲ ਹੀ ਪੰਜਾਬ ਅੰਦਰ ਰੈਲੀ ਕਰਕੇ ਆਪਣੀਆਂ ਚੋਣ ਰੈਲੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਰੈਲੀ ‘ਚ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ‘ਤੇ ਸਭ ਤੋਂ ਵੱਧ ਤੀਰ ਚਲਾਏ ਗਏ ਹਨ। ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅੰਦਰ ਤਿੰਨ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪਹਿਲੀ ਰੈਲੀ ਮਾਲਵਾ ਦੇ ਗੜ੍ਹ ਬਰਨਾਲਾ ਵਿਖੇ 20 ਜਨਵਰੀ ਨੂੰ ਕੀਤੀ ਜਾ ਰਹੀ ਹੈ। ਇੱਥੋਂ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਤਿੰਨਾਂ ਸੀਟਾਂ ‘ਤੇ ਕਬਜ਼ਾ ਕੀਤਾ ਸੀ। ਇਸ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਆਗੂਆਂ ਵੱਲੋਂ ਕਮਰ ਕੱਸ ਲਈ ਗਈ ਹੈ। ਇਸ ਤੋਂ ਇਲਾਵਾ ਅਜੇ ਦੂਜੀਆਂ ਰੈਲੀਆਂ ਦੀ ਤਾਰੀਖ ਤੈਅ ਨਹੀਂ ਕੀਤੀ ਗਈ, ਪਰ ਅਗਲੀ ਇੱਕ ਰੈਲੀ ਹੁਸ਼ਿਆਰਪੁਰ ਤੇ ਇੱਕ ਮਾਝੇ ਖੇਤਰ ‘ਚ ਕੀਤੀ ਜਾਵੇਗੀ। ਸੂਬਾਈ ਆਗੂ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਰੈਲੀਆਂ ਨੂੰ ਲੈ ਕੇ ਆਪ ਵਰਕਰਾਂ ਵਿੱਚ ਉਤਸ਼ਾਹ ਹੈ। ਆਪ ਵੱਲੋਂ ਅਕਾਲੀ ਦਲ ਤੋਂ ਬਾਗੀ ਹੋਏ ਰਣਜੀਤ ਸਿੰਘ ਬ੍ਰਹਮੁਪਰਾ ਗਰੁੱਪ ਨਾਲ ਵੀ ਸਾਂਝ ਪਾਉਣ ਲਈ ਪਰ ਤੋਲੇ ਜਾ ਰਹੇ ਹਨ। ਇੱਧਰ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਵੀ ਸੂਬੇ ਅੰਦਰ ਰੈਲੀਆਂ ਕਰਕੇ ਲੋਕਾਂ ਦੇ ਰੁਖ ਨੂੰ ਜਾਣਿਆ ਜਾਵੇਗਾ। ਕਾਂਗਰਸ ਦੇ ਇੱਕ ਆਗੂ ਦਾ ਕਹਿਣਾ ਸੀ ਕਿ ਪੰਜਾਬ ਅੰਦਰ ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਤੋਂ ਇਲਾਵਾ ਹੋਰ ਚੋਟੀ ਦੇ ਆਗੂ ਪੰਜਾਬ ਦੀਆਂ ਰੈਲੀਆਂ ਅੰਦਰ ਸ਼ਿਰਕਤ ਕਰਨਗੇ। ਇੱਧਰ ਸੂਬੇ ਅੰਦਰ ਉੱਭਰ ਰਹੇ ਚੌਥੇ ਧੜ੍ਹੇ ਵੱਲੋਂ ਵੀ ਆਪਣੀਆਂ ਸਰਗਰਮੀਆਂ ਆਰੰਭਣ ਦੀ ਗੱਲ ਆਖੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।