ਸੱਥਰ ਵਿੱਛਣ ਤੋਂ ਬਾਅਦ ਪੁਲਿਸ ਗੈਰ ਕਾਨੂੰਨੀ ਸ਼ਰਾਬ ਲਈ ਖੇਤਾਂ ‘ਚ ਕਰਨ ਲੱਗੀ ਫਰੋਲਾ-ਫਰਾਲੀ

2540 ਲੀਟਰ ਲਾਹਣ ਤੇ 75 ਬੋਤਲਾਂ ਗੈਰ ਕਾਨੂੰਨੀ ਸ਼ਰਾਬ ਬਰਾਮਦ, 9 ਮਾਮਲੇ ਦਰਜ਼, 2 ਗ੍ਰਿਫ਼ਤਾਰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜਹਿਰੀਲੀ ਸ਼ਰਾਬ ਪੀਣ ਨਾਲ ਘਰਾਂ ਦੇ ਘਰ ਉੱਜੜਨ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਵਿਰੁੱਧ ਪਿਛਲੇ ਤਿੰਨ ਦਿਨਾਂ ਤੋਂ ਆਪਣੀ ਕਾਰਵਾਈ ਤੇਜ ਕੀਤੀ ਹੋਈ ਹੈ। ਇਸ ਕਾਰਵਾਈ ਤੋਂ ਚਿੱਟੇ ਦੁੱਧ ਵਾਗ ਸਾਫ਼ ਹੈ ਕਿ ਪੁਲਿਸ ਗੈਰ ਕਾਨੂੰਨੀ ਸਰਾਬ ਦੇ ਅੱਡਿਆਂ ਤੋਂ ਪੂਰੀ ਤਰ੍ਹਾਂ ਵਾਕਫ਼ ਹੈ, ਪਰ ਕਰਵਾਈ ਕਰਨ ਦਾ ਹੀਆ ਨਹੀਂ ਕਰਦੀ। ਅੱਜ ਵੀ ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਪੁਲਿਸ ਵੱਲੋਂ  ਛਾਪੇਮਾਰੀ ਕਰਕੇ ਕਈ ਥਾਵਾਂ ਤੋਂ ਚਾਲੂ ਭੱਠੀ, ਲਾਹਣ ਤੇ ਗੈਰ ਕਾਨੂੰਨੀ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਪੁਲਿਸ ਵੱਲੋਂ ਅੱਜ 9 ਮਾਮਲੇ ਦਰਜ ਕਰਕੇ ਕੁਲ 2540 ਲਿਟਰ ਲਾਹਣ ਅਤੇ 75 ਬੋਤਲਾਂ ਗੈਰ ਕਾਨੂੰਨੀ ਸ਼ਰਾਬ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਪੁਲਿਸ ਨੂੰ ਦੇਖ ਕੇ ਫਰਾਰ ਹੋਏ 10 ਵਿਅਕਤੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਦੇ ਨਵੇਂ ਆਏ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਜਾ ਰਹੀ ਹੈ।

ਐਸਐਸਪੀ ਦੁੱਗਲ ਅਨੁਸਾਰ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਅਤੇ ਡੀ.ਐਸ.ਪੀ. ਜਾਂਚ ਕੇ.ਕੇ. ਪਾਂਥੇ ਦੀ ਅਗਵਾਈ ਹੇਠ ਥਾਣਾ ਖੇੜੀ ਗੰਢਿਆ ਅਤੇ ਥਾਣਾ ਘਨੌਰ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਘੱਗਰ ਦਰਿਆ ਦੇ ਨਾਲ-ਨਾਲ ਪਿੰਡ ਕਮਾਲਪੁਰ ਡੇਰਾ ਤੋਂ ਸੁਰਜੀਤ ਸਿੰਘ ਪੁੱਤਰ ਦੀਦਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਇਸ ਕੋਲੋਂ 500 ਲੀਟਰ ਲਾਹਣ ਅਤੇ 15 ਲੀਟਰ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ। ਇਸ ਵਿਰੁੱਧ ਥਾਣਾ ਘਨੌਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ।

ਇਸ ਤੋਂ ਇਲਾਵਾ ਥਾਣਾ ਜੁਲਕਾ ਦੀ ਪੁਲਿਸ ਨੇ ਛਾਪੇਮਾਰੀ ਕਰਕੇ ਬਲਵੰਤ ਸਿੰਘ ਵਾਸੀ ਡੇਰਾ ਬ੍ਰਹਮਪੁਰਾ ਤੋਂ 200 ਲਿਟਰ ਲਾਹਣ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਪਸਿਆਣਾ ਦੀ ਪੁਲਿਸ ਨੇ ਮਨੀ ਸਿੰਘ ਵਾਸੀ ਫਤਹਿਪੁਰ ਕੋਲੋਂ 45 ਬੋਤਲਾਂ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ। ਜਦੋਂਕਿ ਥਾਣਾ ਸਮਾਣਾ ਸਦਰ ਪੁਲਿਸ ਨੇ ਪਿੰਡ ਮਰੌੜੀ ਤੋਂ ਇੱਕ ਚਾਲੂ ਭੱਠੀ ਫੜਕੇ 400 ਲਾਹਣ ਬਰਾਮਦ ਕੀਤੀ ਹੈ।

ਇਸੇ ਤਰ੍ਹਾਂ ਸੀ.ਆਈ.ਏ. ਸਟਾਫ਼ ਸਮਾਣਾ ਪੁਲਿਸ ਨੇ ਪਿੰਡ ਕੂਕਾ ਤੋਂ 620 ਲਿਟਰ ਲਾਹਣ ਅਤੇ 15 ਬੋਤਲਾਂ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ। ਇੱਥੋਂ ਦੇ ਹਰਦੀਪ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ ਜਸਵਿੰਦਰ ਸਿੰਘ ਫਰਾਰ ਹਨ। ਐਸਐਸਪੀ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਸ਼ਰਾਬ ਮਾਫੀਏ ਖਿਲਾਫ਼ ਇਹ ਮੁਹਿੰਮ ਜਾਰੀ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here