ਪਿਛਲੇ ਲੰਮੇ ਸਮੇਂ ਤੋਂ ਭਗਵੰਤ ਮਾਨ ਖੁਦ ਵੀ ਚਾਹੁੰਦੇ ਸਨ ਕਿ ਪਾਰਟੀ ਦੇਵੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ
(ਗੁਰਪ੍ਰੀਤ ਸਿੰਘ) ਸੰਗਰੂਰ। ਲੰਮੀ ਉਡੀਕ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਤੇ ਆਪ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ (Bhagwant Mann) ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਹੀ ਦਿੱਤਾ ਹੁਣ ਜੇਕਰ ਆਮ ਆਦਮੀ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਦੀ ਹੈ ਤਾਂ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ।
ਹਾਸਲ ਜਾਣਕਾਰੀ ਮੁਤਾਬਕ ਪਹਿਲਾਂ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਅੱਜ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਣਾ ਸੀ ਇਸ ਤੋਂ ਦੋ-ਤਿੰਨ ਦਿਨ ਪਹਿਲਾਂ ਕੇਜਰੀਵਾਲ ਨੇ ਫੋਨ ਰਾਹੀਂ ਆਪ ਸਮੱਰਥਕਾਂ ਤੋਂ ਮੁੱਖ ਮੰਤਰੀ ਦੇ ਚਿਹਰੇ ਲਈ ਨਾਮ ਭੇਜਣ ਲਈ ਕਿਹਾ ਸੀ ਇਸ ਬਾਰੇ ਪਹਿਲਾਂ ਤੋਂ ਹੀ ਤੈਅ ਹੋ ਚੁੱਕਿਆ ਸੀ ਕਿ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ ਪਰ ਸਿਆਸੀ ਲਾਭ ਹਾਸਲ ਕਰਨ ਲਈ ਅਰਵਿੰਦ ਕੇਜਰੀਵਾਲ ਨੂੰ ਅਜਿਹਾ ਤਰੀਕਾ ਲੱਭਿਆ (Bhagwant Mann) ਭਗਵੰਤ ਮਾਨ ਦੇ ਨਾਂਅ ਐਲਾਨੇ ਜਾਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਪਿਛਲੇ ਪਾਸੇ ਜਿਹੜਾ ਵੱਡਾ ਪੋਸਟਰ ਲੱਗਿਆ ਹੋਇਆ ਸੀ ਉਸ ’ਤੇ ਸਪੱਸ਼ਟ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਲਿਖਿਆ ਗਿਆ ਸੀ ਅਰਵਿੰਦ ਕੇਜਰੀਵਾਲ ਦੇ ਰਸਮੀ ਐਲਾਨ ਤੋਂ ਪਿੱਛੋਂ ਆਮ ਸਮੱਰਥਕਾਂ ਨੇ ਢੋਲ ਢਮੱਕਿਆਂ ਨਾਲ ਇਸ ਐਲਾਨ ਦਾ ਸਵਾਗਤ ਕੀਤਾ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਖੁਦ ਵੀ ਚਾਹੁੰਦੇ ਸਨ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇ ਕੁਝ ਮਹੀਨੇ ਪਹਿਲਾਂ ਜਦੋਂ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੀ ਭਾਲ ਆਰੰਭ ਕਰ ਦਿੱਤੀ ਗਈ ਤਾਂ ਭਗਵੰਤ ਮਾਨ ਵੱਲੋਂ ਪਾਰਟੀ ਕੌਮੀ ਪ੍ਰਧਾਨ ’ਤੇ ਕੂਟਨੀਤਕ ਦਬਾਅ ਬਣਾਉਣ ਲਈ ਆਪਣੇ ਪੱਖ ਦੇ ਵਿਧਾਇਕਾਂ ਤੋਂ ਮੰਗ ਕਰਵਾਈ ਗਈ ਇਸ ਤੋਂ ਇਲਾਵਾ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ’ਤੇ ਵੀ ਭਗਵੰਤ ਮਾਨ ਦੇ ਸਮੱਰਥਕਾਂ ਦਾ ਹਰ ਰੋਜ਼ ਇਕੱਠ ਹੁੰਦਾ ਅਤੇ ਉਹ ਅਰਵਿੰਦ ਕੇਜਰੀਵਾਲ ਨੂੰ ਅਸਿੱਧੇ ਢੰਗ ਨਾਲ ਭਗਵੰਤ ਮਾਨ ਨੂੰ ਚਿਹਰਾ ਐਲਾਨਣ ਦੀ ਮੰਗ ਰੱਖਦੇ ।
ਭਗਵੰਤ ਮਾਨ ਨੇ ਚਾਹੇ ਖੁਦ ਸਿੱਧੇ ਤੌਰ ’ਤੇ ਇਹ ਇੱਛਾ ਜ਼ਾਹਰ ਨਹੀਂ ਸੀ ਕੀਤੀ ਪਰ ਉਹ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਆਉਂਦੇ ਆਪਣੇ ਸਮੱਰਥਕਾਂ ਦੀ ਆਓ ਭਗਤ ਕਰਨ ਲਈ ਆਪਣੀ ਰਿਹਾਇਸ਼ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕਰਦੇ ਸਨ। ਜਿਸ ਤੋਂ ਸਿਆਸੀ ਮਾਹਿਰ ਇਹ ਅੰਦਾਜ਼ਾ ਲਾਉਂਦੇ ਸਨ ਕਿ ਭਗਵੰਤ ਮਾਨ (Bhagwant Mann) ਦੀ ਖੁਦ ਦੀ ਇੱਛਾ ਵੀ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਹੈ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਵੱਲੋਂ ਜਦੋਂ ਵੀ ਪੰਜਾਬ ਵਿੱਚ ਕੋਈ ਰੈਲੀ ਜਾਂ ਰੋਡ ਸ਼ੋਅ ਕੀਤਾ ਜਾਂਦਾ ਤਾਂ ਭਗਵੰਤ ਮਾਨ ਦੇ ਸਮੱਰਥਕਾਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਜਾਂਦੀ ਕਈ ਵਾਰ ਤਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੀ ਨਾਅਰੇਬਾਜ਼ੀ ਤੋਂ ਏਨਾ ਦੁਖੀ ਹੋ ਗਏ ਕਿ ਉਨ੍ਹਾਂ ਨੂੰ ਸਟੇਜ ’ਤੋਂ ਕਹਿਣਾ ਪਿਆ ਸੀ ਕਿ ਆਮ ਆਦਮੀ ਪਾਰਟੀ ਵਿੱਚ ਇਸ ਤਰ੍ਹਾਂ ਕਿਸੇ ਨੂੰ ਕੋਈ ਅਹੁਦਾ ਨਹੀਂ ਦਿੱਤਾ ਜਾਂਦਾ।
ਸਮੱਰਥਕਾਂ ਵਿੱਚ ਖੁਸ਼ੀ ਦੀ ਲਹਿਰ।
ਸੰਗਰੂਰ ਸਥਿਤ ਪਾਰਟੀ ਉਮੀਦਵਾਰ ਨਰਿੰਦਰ ਕੌਰ ਭਰਾਜ ਦੇ ਦਫ਼ਤਰ ’ਚ ਇਸ ਮੌਕੇ ਆਪ ਸਮੱਰਥਕਾਂ ਵੱਲੋਂ ਲੱਡੂ ਵੰਡੇ ਗਏ ਇਸ ਸਮੇਂ ਮੌਕੇ ’ਤੇ ਮੌਜ਼ੂਦ ਦਵਿੰਦਰ ਸਿੰਘ ਬਦੇਸ਼ਾ ਸੀਨੀਅਰ ਆਪ ਆਗੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਆਪ ਆਗੂਆਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਕਾਫ਼ੀ ਮੰਗ ਸੀ ਕਿ ਭਗਵੰਤ ਮਾਨ (Bhagwant Mann) ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ ਅੱਜ ਹਰ ਵਰਕਰ ਦੇ ਚਿਹਰੇ ’ਤੇ ਖੁਸ਼ੀ ਹੈ ਜਿਸ ਕਾਰਨ ਹੁਣ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇਗੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਭਗਵੰਤ ਮਾਨ ਇਕਲੌਤੇ ਆਗੂ ਹਨ ਜਿਨ੍ਹਾਂ ਨੇ ਪਾਰਟੀ ਨੂੰ ਬੰਨ੍ਹ ਕੇ ਰੱਖਿਆ ਅਤੇ ਦੋ ਵਾਰ ਸੰਸਦ ਮੈਂਬਰ ਚੁਣੇ ਜਾਣਾ ਉਨ੍ਹਾਂ ਦੀ ਕਾਬਲੀਅਤ ਦਰਸਾਉਂਦਾ ਹੈ ਉਨ੍ਹਾਂ ਕਿਹਾ ਅਰਵਿੰਦ ਕੇਜਰੀਵਾਲ ਵੱਲੋਂ ਲਿਆ ਗਿਆ ਇਹ ਫੈਸਲਾ ਸਮੱਰਥਕਾਂ ਵਿੱਚ ਜੋਸ਼ ਭਰ ਦੇਵੇਗਾ ਅਤੇ ਇਸ ਦਾ ਅਸਰ ਸਪੱਸ਼ਟ ਤੌਰ ’ਤੇ ਵਿਧਾਨ ਸਭਾ ਚੋਣਾਂ ਵਿੱਚ ਨਜ਼ਰ ਆਵੇਗਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ