ਸੁਤੰਤਰ ਜੋਸ਼ੀ ਨੇ ਸਵਿੱਚ ਚਾਲੂ ਕਰਕੇ ਕੀਤਾ ਉਦਘਾਟਨ
ਕੋਟਕਪੂਰਾ (ਸੁਭਾਸ਼ ਸ਼ਰਮਾ)। ਸਥਾਨਕ ਫਰੀਦਕੋਟ ਰੋਡ ‘ਤੇ ਨਵਾਂ ਬਣਿਆ ਰੇਲਵੇ ਓਵਰ ਬ੍ਰਿਜ ਜਿਸ ਦੀ ਲੰਬਾਈ 1-7 ਕਿਲੋਮੀਟਰ ਹੈ ਅਤੇ ਕਰੀਬ 102 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਸੀ। ਇਸ ਦਾ ਰਸਮੀ ਉਦਘਾਟਨ 14 ਜਨਵਰੀ 2021 ਨੂੰ ਕੋਟਕਪੂਰਾ ਤੋਂ ਕਾਂਗਰਸ ਦੇ ਵਿਧਾਨ ਸਭਾ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਰਾਜਨੀਤਕ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਕੀਤਾ। ਇਸ ਪੁਲ ‘ਤੇ 158 ਬਿਜਲੀ ਦੇ ਖੰਭੇ ਲੱਗੇ ਹੋਏ ਹਨ ਅਤੇ ਹਰ ਖੰਭੇ ‘ਤੇ 250 ਵਾਟ ਦੀ ਹੈਲੋਜਿਨ ਲਾਇਟ ਲੱਗੀ ਹੋਈ ਹੈ। ਇਹ ਪੁਲ 7 ਮਹੀਨਿਆਂ ਤੋਂ ਹਨੇਰੇ ਵਿੱਚ ਡੁੱਬਿਆ ਹੋਇਆ ਸੀ ਜਿਸ ਕਾਰਨ ਅਨੇਕਾਂ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਸਨ।
ਬੀਤੇ ਦਿਨੀਂ ਭਾਈ ਰਾਹੁਲ ਸਿੰਘ ਸਿੱਧੂ ਟੀਮ ਦੇ ਕਾਂਗਰਸੀ ਆਗੂ ਅਤੇ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ ਸੁਤੰਤਰ ਜੋਸ਼ੀ ਨੇ ਇਸ ਪੁਲ ਦੀਆਂ ਲਾਇਟਾਂ ਲਈ ਲਾਏ ਗਏ 45 ਕਿਲੋਵਾਟ ਦੇ ਮੀਟਰ ਦੇ ਸਵਿੱਚ ਨੂੰ ਦਬਾ ਕੇ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਇਸ ਉਪਰੰਤ ਪੁਲ ਉੱਪਰ ਲੱਗੀਆਂ ਲਾਇਟਾਂ ਚਲਣ ਨਾਲ ਪੁਲ ਉੱਪਰ ਦਿਨ ਦੇ ਉਜਾਲੇ ਵਾਂਗ ਚਾਨਣ ਹੋ ਗਿਆ। ਇਸ ਨਾਲ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਵੇਗੀ ਅਤੇ ਰਾਤ ਨੂੰ ਸਫਰ ਕਰਨ ਵਹੀਕਲਾਂ ਦੇ ਐਕਸੀਡੈਂਟਾਂ ਦਾ ਖਤਰਾ ਵੀ ਖਤਮ ਹੋ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਘਨਸ਼ਾਮ ਦਾਸ ਗੁਪਤਾ ਕੁੱਕੂ, ਰਤਨ ਲਾਲ ਮਿੱਠੂ, ਸ਼ਿਵਪਾਲ ਵਸਿਸ਼ਟ, ਮਹਾਸ਼ਾ ਗੁਰਸ਼ਵਿੰਦਰ ਸਿੰਘ ਬਰਾੜ, ਅਨੰਤਦੀਪ ਸਿੰਘ ਰੋਮਾ ਬਰਾੜ, ਮਨਪ੍ਰੀਤ ਸ਼ਰਮਾ ਕਾਕੂ ਨਗਰ ਕੌਂਸਲਰ, ਕੁੰਦਨ ਲਾਲ ਸਰੋਹੀ, ਮੁਕੰਦ ਸਿੰਘ ਕੰਦੀ, ਸੰਜੀਵ ਸਿੰਗਲਾ, ਵਿਜੈ ਕੁਮਾਰ ਗੋਇਲ, ਸੁਭਾਸ਼ ਜਰਮਨੀ, ਸਤੀਸ਼ ਕੁਮਾਰ ਹੈਪੀ, ਗੁਰਬਚਨ ਸਿੰਘ ਕਾਲਾ ਸਰਪੰਚ ਤੋਂ ਇਲਾਵਾ ਸ਼ਹਿਰ ਨਿਵਾਸੀ ਹਾਜ਼ਰ ਸਨ। ਇਸ ਉਪਰੰਤ ਸ਼ਹਿਰ ਨਿਵਾਸੀਆਂ ਨੇ ਭਾਈ ਰਾਹੁਲ ਸਿੰਘ ਸਿੱਧੂ ਦਾ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ