ਚੀਨੀ ਕੰਪਨੀ ਟੇਸੈਂਟ ਦੀ ਹਿੱਸੇਦਾਰੀ ਵਾਲੀ ਓਲਾ ਨੇ ਦਿੱਤਾ ਹੋਇਆ 50 ਲੱਖ ਰੁਪਏ ਦਾ ਦਾਨ
ਚੰਡੀਗੜ, (ਅਸ਼ਵਨੀ ਚਾਵਲਾ)। ਦੇਸ਼ ਭਰ ਵਿੱਚ ਕਾਂਗਰਸੀ ਲੀਡਰਾਂ ਵੱਲੋਂ ਭੜਥੂ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚ ਚੀਨੀ ਕੰਪਨੀਆਂ ਤੋਂ ਆਏ ਕਰੋੜਾ ਰੁਪਏ ਨੂੰ ਤੁਰੰਤ ਵਾਪਸ ਕਰਨ ਦੀ ਸਲਾਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਦੇ ਰਹੇ ਹਨ ਪਰ ਹੈਰਾਨੀਵਾਲੀ ਗਲ ਇਹ ਹੈ ਕਿ ਅਮਰਿੰਦਰ ਸਿੰਘ ਵਲੋਂ ਹੀ ਗਠਿਤ ਕੀਤੇ ਗਏ ਮੁੱਖ ਮੰਤਰੀ ਕੋਰੋਨਾ ਰਲੀਫ਼ ਫੰਡ ਵਿੱਚ ਵੀ ਚੀਨੀ ਕੰਪਨੀਆਂ ਵਲੋਂ ਲੱਖਾਂ ਰੁਪਏ ਦਾਨ ਦੇ ਰੂਪ ਵਿੱਚ ਆਏ ਹੋਏ ਹਨ ਮੁੱਖ ਮੰਤਰੀ ਨਾ ਤਾਂ ਪੈਸਾ ਕੰਪਨੀਆ ਨੂੰ ਮੋੜਨ ਦੀ ਗੱਲ ਕਰ ਰਹੇ ਹਨ ਦੇ ਨਾ ਹੀ ਇਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ।
ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੋਰੋਨਾ ਰਲੀਫ਼ ਫੰਡ ਵਿੱਚ ਚੀਨ ਦੀ ਸਭ ਤੋਂ ਵੱਡੀ ਕੰਪਨੀ ਸ਼ੀਓਮੀ ਨੇ 25 ਲੱਖ ਰੁਪਏ ਦਿੱਤੇ ਹੋਏ ਹਨ ਤਾਂ ਚੀਨੀ ਕੰਪਨੀ ਟੇਸੈਂਟ ਦੀ ਹਿੱਸੇਦਾਰੀ ਵਾਲੀ ਕੰਪਨੀ ਨੇ ਓਲਾ ਨੇ ਵੀ 50 ਲੱਖ ਰੁਪਏ ਦਾ ਦਾਨ ਮੁੱਖ ਮੰਤਰੀ ਰਲੀਫ਼ ਫੰਡ ਵਿੱਚ ਦਿੱਤਾ ਹੈ।
ਜਾਣਕਾਰੀ ਅਨੁਸਾਰ ਕੋਰੋਨਾ ਦੀ ਮਹਾਂਮਾਰੀ ਨੂੰ ਲੈ ਕੇ ਮਾਰਚ ਮਹੀਨੇ ਵਿੱਚ ਪ੍ਰਧਾਨ ਮੰਤਰੀ ਕੇਅਰ ਫੰਡ ਕਾਇਮ ਕੀਤਾ ਗਿਆ ਸੀ ਤਾਂ ਕਿ ਵੱਡੀਆਂ ਕੰਪਨੀਆਂ ਅਤੇ ਆਮ ਜਨਤਾ ਇਸ ਫੰਡ ਵਿੱਚ ਦਾਨ ਕਰਦੇ ਹੋਏ ਸਰਕਾਰ ਦੀ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਮਦਦ ਕਰੇ।
ਇਸ ਪ੍ਰਧਾਨ ਮੰਤਰੀ ਕੇਅਰ ਫੰਡ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਮੰਨੂੰ ਸਿੰਘਵੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਸਣੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਮੋਦੀ ਸਰਕਾਰ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਚੀਨੀ ਕੰਪਨੀਆਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ ਉਨਾਂ ਤੋਂ ਲਿਆ ਦਾਨ ਦਾ ਪੈਸਾ ਤੁਰੰਤ ਵਾਪਸ ਕਰ ਦੇਣ ਪਰ ਇਥੇ ਹੈਰਾਨੀ ਤਾਂ ਇਸ ਗਲ ਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦੇਣ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖ਼ੁਦ ਆਪਣੇ ਮੁੱਖ ਮੰਤਰੀ ਕੋਰੋਨਾ ਰਲੀਫ਼ ਫੰਡ ਵਿੱਚ ਚੀਨੀ ਕੰਪਨੀਆਂ ਤੋਂ ਦਾਨ ਲਿਆ ਹੋਇਆ ਹੈ।
ਅਮਰਿੰਦਰ ਸਿੰਘ ਵੱਲੋਂ ਖ਼ੁਦ ਲਏ ਗਏ ਦਾਨ ਬਾਰੇ ਉਨਾਂ ਵਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਜਾਣਕਾਰੀ ਦਿੱਤੀ ਜਾ ਰਹੀਂ ਹੈ।
ਜਾਣਕਾਰੀ ਅਨੁਸਾਰ ਚੀਨ ਦੀ ਵੱਡੀ ਮੋਬਾਇਲ ਕੰਪਨੀ ਸ਼ੀਓਮੀ ਟੈਕਲਾਲੌਜੀ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ 2 ਅਪ੍ਰੈਲ 2020 ਨੂੰ 25 ਲੱਖ ਰੁਪਏ ਮੁੱਖ ਮੰਤਰੀ ਰਲੀਫ਼ ਫੰਡ ਵਿੱਚ ਦਿੱਤੇ ਗਏ ਸਨ ਤਾਂ ਚੀਨੀ ਕੰਪਨੀ ਟੇਸੈਂਟ ਦੀ ਹਿੱਸੇਦਾਰੀ ਵਾਲੀ ਕੰਪਨੀ ਨੇ ਓਲਾ ਨੇ 21 ਅਪ੍ਰੈਲ 2020 ਨੂੰ 50 ਲੱਖ ਰੁਪਏ ਮੁੱਖ ਮੰਤਰੀ ਕੋਰੋਨਾ ਰਲੀਫ਼ ਫੰਡ ਵਿੱਚ ਦਾਨ ਕੀਤੇ ਗਏ ਸਨ। ਦੇਸ਼ ਵਿੱਚ ਵੱਡੇ ਪੱਧਰ ‘ਤ ਟੈਕਸੀ ਚਲਾਉਣ ਦਾ ਕੰਮ ਓਲਾ ਕਰ ਰਹੀਂ ਹੈ ਅਤੇ ਇਸ ਓਲਾ ਕੰਪਨੀ ਵਿੱਚ ਚੀਨੀ ਕੰਪਨੀ ਵਲੋਂ ਵੱਡੇ ਪੱਧਰ ‘ਤੇ ਹਿੱਸੇਦਾਰੀ ਪਾਈ ਹੋਈ ਹੈ।
- ਮਿਤੀ ਕੰਪਨੀ ਕੋਰੋਨਾ ਰਲੀਫ਼ ਫੰਡ ‘ਚ ਆਇਆ ਪੈਸਾ
- 2 ਅਪ੍ਰੈਲ ਸ਼ੀਓਮੀ ਟੈਕਨਾਲੌਜੀ 25 ਲੱਖ ਰੁਪਏ
- 21 ਅਪ੍ਰੈਲ ਓਲਾ ਫਾਉਡੈਸ਼ਨ 50 ਲੱਖ ਰੁਪਏ