ਮਹਿੰਗੀਆਂ ਫੀਸਾਂ ਵਾਲੇ ਨਿੱਜੀ ਸਕੂਲਾਂ ਨੂੰ ਹਰ ਪੱਧਰ ’ਤੇ ਟੱਕਰ ਦੇ ਰਿਹੈ ਖੁਰਦ ਦਾ ਸਰਕਾਰੀ ਸਕੂਲ
ਸੀਸੀਟੀਵੀ ਕੈਮਰੇ, ਪ੍ਰਾਜੈਕਟਰ, ਕੰਪਿਊਟਰ ਤੇ ਆਇਲਟਸ ਵਰਗੀਆਂ ਉੱਚ ਪੱਧਰੀ ਸਿੱਖਿਆ ਸਹੂਲਤਾਂ ਨਾਲ ਲੈਸ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸਿੱਖਿਆ ਸਾਡਾ ਬੁਨਿਆਦੀ ਹੱਕ ਹੈ, ਇਸ ਬੁਨਿਆਦੀ ਹੱਕ ਨੂੰ ਹਾਸਲ ਕਰਨ ਲਈ ਪੰਜਾਬ ਦੇ ਵੱਡੀ ਗਿਣਤੀ ਵਿੱਚ ਸਰਕਾਰੀ ਸਕੂਲ ਬਣਾਏ ਗਏ ਹਨ ਪਰ ਅਕਸਰ ਹੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪ੍ਰਬੰਧਾਂ ਦਾ ਜਿਹੋ ਜਿਹਾ ਹਾਲ ਹੈ, ਉਸ ਨੂੰ ਅਕਸਰ ਹੀ ਖ਼ਬਰਾਂ ਜਾਂ ਟੀਵੀ ਰਿਪੋਰਟਾਂ ਵਿੱਚ ਵੇਖਿਆ ਜਾ ਸਕਦਾ ਹੈ
ਪਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਖੁਰਦ ਦੇ ਸਰਕਾਰੀ ਸਕੂਲ ਦਾ ਹਾਲ ਇਹ ਨਹੀਂ, ਬਲਕਿ ਇਹ ਸਰਕਾਰੀ ਸਕੂਲ ਤਾਂ ਮਹਿੰਗੀਆਂ ਫੀਸਾਂ ਹਾਸਲ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹਾ ਹੈ ਇਸ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਇਹ ਆਖ਼ ਰਹੇ ਹਨ ਕਿ ਸਾਨੂੰ ਆਪਣੇ ਸਕੂਲ ’ਤੇ ਮਾਣ ਹੈ ਮਾਣ ਹੋਵੇ ਵੀ ਕਿਉਂ ਨਾ, ਕਿਉਂਕਿ ਇਹ ਸਕੂਲ ਆਪਣੇ ਵਿਦਿਆਰਥੀਆਂ ਨੂੰ ਹਰ ਖੇਤਰ ਦਾ ਬਹੁਮੁੱਲਾ ਗਿਆਨ ਵੰਡ ਰਿਹਾ ਹੈ, ਉਹ ਚਾਹੇ ਖੇਡਾਂ ਦੇ ਖੇਤਰ ਵਿੱਚ ਹੋਵੇ, ਗਿਆਨ ਵਿਗਿਆਨ ਦੇ ਖੇਤਰ ਵਿੱਚ ਜਾਂ ਆਧੁਨਿਕ ਕੰਪਿਊਟਰ ਯੁੱਗ ਦੀ ਪ੍ਰੀਖਿਆ ਹੋਵੇ, ਸਾਰਾ ਕੁਝ ਬੱਚਿਆਂ ਨੂੰ ਚੜ੍ਹਦੀ ਉਮਰੇ ਸਿਖਾ ਰਿਹਾ ਹੈ
ਥੋੜ੍ਹਾ ਸਮਾਂ ਪਹਿਲਾਂ ਇਸ ਸਕੂਲ ਦੇ ਨਾਂਅ ਨਾਲ ‘ਸਮਾਰਟ’ ਜੁੜਣ ਤੋਂ ਪਿੱਛੋਂ ਪਿੰਡ ਖੁਰਦ ਦਾ ਇਸ ਸਰਕਾਰੀ ਸਕੂਲ ਦਾ ਨਾਂਅ ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਪੈ ਗਿਆ ਹੈ
ਤਕਰੀਬਨ 150 ਦੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ 13 ਦੇ ਕਰੀਬ ਮਿਹਨਤੀ ਸਟਾਫ਼ ਜੀਅ ਜਾਨ ਨਾਲ ਬੱਚਿਆਂ ਨੂੰ ਹਰ ਖੇਤਰ ਦੀ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ ‘ਸੱਚ ਕਹੂੰ’ ਦੀ ਟੀਮ ਵੱਲੋਂ ਸਕੂਲ ਵਿਚਲੇ ਪ੍ਰਬੰਧਾਂ ਨੂੰ ਜਾਣਨ ਲਈ ਜਦੋਂ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਵੇਖ ਕੇ ਹੈਰਾਨੀ ਹੋਈ ਕਿ ਲਗਭਗ 3 ਕਮਰਿਆਂ ਵਿੱਚ ਵਿਦਿਆਰਥੀਆਂ ਨੂੰ ਪ੍ਰਾਜੈਕਟਰ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਸੀ ਤੇ ਵਿਦਿਆਰਥੀ ਪਰਦੇ ’ਤੇ ਚਲਦੀ ਫ਼ਿਲਮ ਵਾਂਗ ਇਕੱਠੇ ਹੋ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਰਹੇ ਸਨ
ਸਕੂਲ ਦੇ ਬਾਕੀ ਕਮਰਿਆਂ ਵਿੱਚ ਵੱਡੀਆਂ-ਵੱਡੀਆਂ ਐਲਈਡੀਜ਼ ਰਾਹੀਂ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਸੀ ਸਮੁੱਚੇ ਸਕੂਲ ਦੀ ਇਕੱਲੀ-ਇਕੱਲੀ ਗਤੀਵਿਧੀ ’ਤੇ ਨਜ਼ਰ ਰੱਖਣ ਲਈ ਮੁੱਖ ਅਧਿਆਪਕ ਸ੍ਰੀ ਸੱਜਾਦ ਅਲੀ ਮੌਰੀਆ ਵੱਲੋਂ ਸੀਸੀਟੀਵੀ ਕੈਮਰੇ ਲਗਵਾਏ ਹੋਏ ਹਨ ਮੁੰਡੇ ਤੇ ਕੁੜੀਆਂ ਦੇ ਇਕੱਠੇ ਇਸ ਸਕੂਲ ਵਿੱਚ ਅਨੁਸ਼ਾਸ਼ਨ ਵੇਖਦਿਆਂ ਹੀ ਬਣਦਾ ਹੈ
ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਵਿੱਚ ਐਡਾ ਵੱਡਾ ਸਟੇਡੀਅਮ ਹੈ ਜੋ ਜ਼ਿਲ੍ਹੇ ਵਿੱਚ ਕਿਸੇ ਹੋਰ ਸਕੂਲ ਕੋਲ ਨਹੀਂ ਜਿਸ ਕਾਰਨ ਅਕਸਰ ਹੀ ਜ਼ਿਲ੍ਹਾ ਪੱਧਰੀ ਖੇਡਾਂ ਇੱਥੇ ਹੁੰਦੀਆਂ ਰਹਿੰਦੀਆਂ ਹਨ ਗਰਾਊਂਡ ਵਿੱਚ ਫੁੱਟਬਾਲ, ਹਾਕੀ, ਕ੍ਰਿਕਟ, ਵਾਲੀਬਾਲ, ਬੈਡਮਿੰਟਨ, ਖੋ-ਖੋ, ਕਬੱਡੀ ਆਦਿ ਦੇ ਵਿਸ਼ੇਸ਼ ਗਰਾਊਂਡ ਬਣਾਏ ਹਨ ਜਿੱਥੇ ਵਿਦਿਆਰਥੀ ਖੇਡਾਂ ਰਾਹੀਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ
ਬੱਚਿਆਂ ਦੇ ਕੰਨਾਂ ’ਤੇ ਲੱਗੇ ਹੁੰਦੇ ਨੇ ਹੈੱਡ ਫੋਨ
ਇਸ ਸਰਕਾਰੀ ਵਿੱਚ ਬੱਚਿਆਂ ਦੇ ਕੰਨਾਂ ’ਤੇ ਹੈੱਡ ਫੋਨ ਲਾ ਕੇ ਕੁਝ ਸੁਣਦਿਆਂ ਵੇਖਿਆ ਤਾਂ ਸਕੂਲ ਮੁਖੀ ਨੇ ਦੱਸਿਆ ਕਿ ਇਸ ਵਿਸ਼ੇਸ਼ ਕਮਰੇ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਵਿਸ਼ੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਦਾ ਹਾਣੀ ਬਣਾਉਣ ਲਈ ਸਰਕਾਰੀ ਸਕੂਲ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ’ਚ ਮੁਹਾਰਤ ਰੱਖਣ ਲਈ ਇਸਦਾ ਅਭਿਆਸ ਕਰਵਾਇਆ ਜਾ ਰਿਹਾ ਹੈ
ਪਾਰਕ ਵੀ ਕਰਦੈ ਗਿਆਨ ’ਚ ਵਾਧਾ
ਸਕੂਲ ਵਿੱਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਗਿਆਨ ਦੇਣ ਲਈ ਇੱਕ ਪਾਰਕ ਵੀ ਬਣਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਵੱਡੀ ਗਲੋਬ ਬਣਾਈ ਗਈ ਹੈ, ਜਿਸ ਰਾਹੀਂ ਬੱਚਿਆਂ ਨੂੰ ਆਪਣੇ ਦੇਸ਼ ਤੋਂ ਲੈ ਕੇ ਦੂਜੇ ਦੇਸ਼ਾਂ ਦੀ ਜਾਣਕਾਰੀ ਹੁੰਦੀ ਹੈ ਇਸ ਤੋਂ ਇਲਾਵਾ ਧਰਤੀ ਦੇ ਇੱਕ ਪਾਸੇ ਸੂਰਜ ਤੇ ਚੰਦ ਦੀ ਸ਼ਕਲ ਬਣਾ ਕੇ ਉਨ੍ਹਾਂ ਨੂੰ ਦਿਨ ਤੇ ਰਾਤ ਹੋਣ ਦੀ ਪ੍ਰਕ੍ਰਿਆ ਬਾਰੇ ਦੱਸਣ ਦਾ ਬਾਖ਼ੂਬੀ ਯਤਨ ਕੀਤਾ ਗਿਆ ਹੈ ਇਸ ਪਾਰਕ ਵਿੱਚ ਇੱਕ ਅਜਿਹਾ ਲੈਂਜ ਲਾਇਆ ਹੋਇਆ ਹੈ,
ਜਿਹੜਾ ਹੇਠਾਂ ਖੜ੍ਹ ਕੇ ਸਕੂਲ ਦੇ ਹਰ ਕੋਨੇ ਦੀ ਤਸਵੀਰ ਦਿਖਾ ਦਿੰਦਾ ਹੈ, ਇਸ ਲੈਂਜ ਦੀ ਵਰਤੋਂ ਨੇਵੀ ’ਚ ਸਮੁੰਦਰ ਦੇ ਹਰ ਕੋਨੇ ਨੂੰ ਵੇਖਣ ਲਈ ਕੀਤੀ ਜਾਂਦੀ ਹੈ ਸਕੂਲ ਵਿੱਚ ਕੰਪਿਊਟਰ ਲੈਬ ਤੋਂ ਇਲਾਵਾ ਸਾਇੰਸ ਲੈਬ ਵੀ ਬਣਾਈਆਂ ਗਈਆਂ ਹਨ ਇਸ ਤੋਂ ਇਲਾਵਾ ਸਕੂਲ ਵਿੱਚ ਇੱਕ ਓਪਨ ਏਅਰ ਥੀਏਟਰ ਵੀ ਬਣਾਇਆ ਹੋਇਆ ਹੈ ਜਿਸ ਰਾਹੀਂ ਬੱਚੇ ਆਪਣੀ ਪ੍ਰਤਿਭਾ ਨੂੰ ਨਿਖਾਰ ਰਹੇ ਹਨ ਐਜੂਸੈੱਟ ਰਾਹੀਂ ਵਿਦਿਆਰਥੀਆਂ ਨੂੰ ਨਿੱਤ ਨਵੇਂ ਵਿਸ਼ਿਆਂ ਦੇ ਗਿਆਨ ਦਿੱਤੇ ਜਾ ਰਹੇ ਹਨ
ਹਰ ਬੱਚਾ ਪੜ੍ਹਨਾ ਲੋਚੇ ਇਸ ਸਕੂਲ ’ਚ, ਇਹੋ ਸੁਪਨਾ : ਸਕੂਲ ਮੁਖੀ
ਸਕੂਲ ਦੇ ਮੁਖੀ ਸ੍ਰੀ ਸੱਜਾਦ ਅਲੀ ਮੌਰੀਆ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਇਹ ਸਕੂਲ ਅਜਿਹਾ ਬਣ ਜਾਵੇ ਕਿ ਜ਼ਿਲ੍ਹੇ ’ਚ ਹਰ ਵਿਦਿਆਰਥੀ ਇਹ ਸੋਚੇ ਕਿ ਇਸ ਸਕੂਲ ਵਿੱਚ ਪੜ੍ਹਣਾ ਹੈ ਉਨ੍ਹਾਂ ਕਿਹਾ ਕਿ ਇਸ ਸਕੂਲ ਦੀ ਇਮਾਰਤ ਨੂੰ ਵਿਸ਼ਾਲ ਬਣਾਉਣ ਵਿੱਚ ਪਿੰਡ ਦੇ ਬਜ਼ੁਰਗ ਮਹਾਂਦਾਨੀ ਬਾਬੂ ਸਿੰਘ ਦਾ ਵੱਡਾ ਯੋਗਦਾਨ ਹੈ
ਜਿਨ੍ਹਾਂ ਨੇ ਆਪਣੀ ਜ਼ਮੀਨ ਦਾ ਵੱਡਾ ਹਿੱਸਾ ਸਕੂਲ ਨੂੰ ਦਾਨ ਕੀਤਾ ਜਿਸ ਕਾਰਨ ਅੱਜ ਵਿਦਿਆਰਥੀ ਇੱਥੇ ਸਿੱਖਿਆ ਹਾਸਲ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਸਾਰੀਆਂ ਅਸਾਮੀਆਂ ਪੂਰੀਆਂ ਹਨ, ਸਿਰਫ਼ ਮਾਲੀ ਦੀ ਪੋਸਟ ਖਾਲੀ ਹੈ ਉਨ੍ਹਾਂ ਕਿਹਾ ਕਿ ਅਸੀਂ ਸਮੁੱਚਾ ਸਟਾਫ਼ ਬੱਚਿਆਂ ਨੂੰ ਹਰ ਪੱਧਰ ਦੀ ਸਿੱਖਿਆ ਦੇਣ ਲਈ ਯਤਨਸ਼ੀਲ ਹੈ ਪ੍ਰਿੰਸੀਪਲ ਗੌਰੀਆ ਨੂੰ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਪਿੰਡ ਦੇ ਕਲੱਬਾਂ ਵੱਲੋਂ ਕਈ ਵਾਰ ਵਧੀਆ ਸਕੂਲੀ ਪ੍ਰਬੰਧਾਂ ਲਈ ਸਨਮਾਨਿਤ ਵੀ ਕੀਤਾ ਜਾ ਚੁਕਿਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ