ਵੱਖ-ਵੱਖ ਜ਼ਿਲਿ੍ਹਆਂ ਤੋਂ ਦਰਜਨ ਦੇ ਕਰੀਬ ਕਈ ਵੱਡੀਆਂ ਸ਼ਖਸੀਅਤਾਂ ‘ਆਪ’ ਪਾਰਟੀ ’ਚ ਸ਼ਾਮਲ

ਵੱਖ-ਵੱਖ ਜ਼ਿਲਿ੍ਹਆਂ ਤੋਂ ਦਰਜਨ ਦੇ ਕਰੀਬ ਕਈ ਵੱਡੀਆਂ ਸ਼ਖਸੀਅਤਾਂ ‘ਆਪ’ ਪਾਰਟੀ ’ਚ ਸ਼ਾਮਲ

ਫਿਰੋਜ਼ਪੁਰ,(ਸਤਪਾਲ ਥਿੰਦ)। ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਵੱਖ ਵੱਖ ਜ਼ਿਲਿ੍ਹਆਂ ਤੋਂ ਕਈ ਵੱਡੀਆਂ ਸ਼ਖਸੀਅਤਾਂ ਨੇ ਅੱਜ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਦੌਰਾਨ ‘ਆਪ’ ’ਚ ਸ਼ਾਮਲ ਹੋਣ ਐਲਾਨ ਕੀਤਾ। ਜ਼ਿਲਾ ਫਿਰੋਜਪੁਰ ਨਾਲ ਸੰਬੰਧਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਮਨਜਿੰਦਰ ਸਿੰਘ ਭੁੱਲਰ ਜੋ ਪੰਜਾਬ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਦੇ ਦੌਰਾਨ ਕਾਫ਼ੀ ਸਮਾਜਿਕ ਕਾਰਜਾਂ ਵਿੱਚ ਸ਼ਾਮਲ ਰਹੇ ਅਤੇ ਐੱਨ ਐੱਸਯੂ ਆਈ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਈਆਂ ਨੇ ਅੱਜ ਆਪ ਵਿੱਚ ਸ਼ਮੂਲੀਅਤ ਕੀਤੀ। ਭੁੱਲਰ ਵੱਲੋਂ ਲੰਬੇ ਸਮੇਂ ਤੋਂ ਨਸ਼ਿਆਂ ਦੇ ਖਿਲਾਫ਼ ਵੱਡੀ ਪੱਧਰ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਵੱਲੋਂ ਹੁਸੈਨੀਵਾਲ ਸ਼ਹੀਦੀ ਸਮਾਰਕ ਤੋਂ ਮੁੱਖ ਮੰਤਰੀ ਦੇ ਰਿਹਾਇਸ਼ ਚੰਡੀਗੜ ਤੱਕ 225 ਕਿਲੋਮੀਟਰ ਦਾ ਪੈਦਲ ਮਾਰਚ ਵੀ ਕੀਤਾ ਗਿਆ ਸੀ।

ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤਰਫੋਂ ਕੀਤੇ ਬਿਜਲੀ ਸਮਝੌਤਿਆਂ ਖਿਲਾਫ਼ ਦਸਤਖਤ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਅਤੇ ਪੰਜਾਬ ’ਚ ਚੱਲ ਰਹੇ ਸ਼ਰਾਬ ਮਾਫੀਆ ਸਮੇਤ ਵੱਖ-ਵੱਖ ਮਾਫੀਆ ਨੂੰ ਲੈ ਕੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਮੇਂ ਵੀ ਕਿਸਾਨੀ ਅੰਦੋਲਨ ਦੇ ਦੌਰਾਨ ਉਹ ਵਧ-ਚੜ ਕੇ ਹਿੱਸਾ ਲੈ ਰਹੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਟੀਕਰੀ ਅਤੇ ਸਿੰਘੂ ਬਾਰਡਰ ਤੇ ਕਿਸਾਨਾਂ ਲਈ ਕਾਰਜ ਕਰ ਰਹੇ ਹਨ। ਇਸ ਤੋਂ ਇਲਾਵਾ ਜ਼ਿਲਾ ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਤੋਂ ਹਰਜੀਤ ਸਿੰਘ ਜੋ ਤਿੰਨ ਵਾਰ ਜ਼ਿਲਾ ਪ੍ਰਸ਼ਿਦ ਦੇ ਮੈਂਬਰ ਰਹੇ ਅਤੇ ਕਾਂਗਰਸ ਦੇ ਸਾਬਕਾ ਜ਼ਿਲਾ ਮੀਤ ਪ੍ਰਧਾਨ ਵਜੋਂ ਕੰਮ ਕਰਦੇ ਰਹੇ ਹਨ, ਜਿਹਨਾਂ ਵੱਲੋ ਵੀ ‘ਆਪ’ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਇਸ ਤਰ੍ਹਾਂ ਮੁਕਤਸਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਲੋਟ ਤੋਂ ਸੁਖਮਿੰਦਰ ਸਿੰਘ ਸਰਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਸਕੱਤਰ ਅਤੇ ਸਟੇਟ ਮੀਤ ਚੇਅਰਮੈਨ ਪੰਜਾਬ ਨੈਸ਼ਨਲ ਰਾਜੀਵ ਗਾਂਧੀ ਬਿ੍ਰਗੇਡ (ਕਾਂਗਰਸ) ਵਜੋਂ ਕੰਮ ਕਰਦੇ ਰਹੇ ਹਨ।

ਉਹ ਵੀ ਆਪਣੇ ਸਾਥੀਆਂ ਪ੍ਰਕਾਸ਼ ਸਰਾਂ ਪੰਜਾਬੀ ਲੋਕ ਗਾਇਕ, ਕੁਲਦੀਪ ਸਿੰਘ ਭੰਗਚੜੀ ਮੀਤ ਚੇਅਰਮੈਨ ਇਲੈਕਟਰੋਹੋਮਿਓ ਪੈਥੀ ਵੈਲਫੇਅਰ ਸੁਸਾਇਟੀ (ਪੰਜਾਬ), ਕਸ਼ਮੀਰ ਸਿੰਘ ਸੀਨੀਅਰ ਅਕਾਲੀ ਆਗੂ, ਡਾਕਟਰ ਜਸਵੀਰ ਸਿੰਘ ਪੰਨੂੰ ਸਾਬਕਾ ਮੀਤ ਚੇਅਰਮੈਨ ਲੈਬ ਐਸੋਸੀਏਸ਼ਨ (ਪੰਜਾਬ) ਨਾਲ ‘ਆਪ’ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਜ਼ਿਲਾ ਮੋਹਾਲੀ ’ਚੋਂ ਉੱਘੇ ਸਮਾਜ ਸੇਵਕਾ ਸ੍ਰੀਮਤੀ ਅੰਜੁਮ ਚੌਧਰੀ ਨੇ ਡੇਰਾਬੱਸੀ ਅਤੇ ਜ਼ੀਰਕਪੁਰ ਦੇ ਆਪਣੇ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ।

ਇਸ ਮੌਕੇ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਰੋਜ਼ਾਨਾਂ ਪਾਰਟੀ ਵਿੱਚ ਵੱਡੀ ਗਿਣਤੀ ਲੋਕ ਸ਼ਾਮਲ ਹੋ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲਗਾਤਾਰ ਵੱਡੀ ਗਿਣਤੀ ਵਿੱਚ ਸੂਬੇ ਭਰ ਵਿੱਚੋਂ ਨਵਾਂ ਪੰਜਾਬ ਸਿਰਜਣ ਲਈ ਲੋਕਾਂ ‘ਆਪ’ ਨਾਲ ਜੁੜ ਰਹੇ ਹਨ ਅਤੇ ਇਸ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਰੋਪੜ ਤੋਂ ਵਿਧਾਇਕ ਅਰਮਜੀਤ ਸਿੰਘ ਸੰਦੋਆ, ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਖਜ਼ਾਨਚੀ ਨੀਨਾ ਮਿੱਤਲ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.