ਪੰਜਾਬ ਨੂੰ ਬਰਬਾਦ ਕਰਨ ਲਈ ਕੈਪਟਨ ਅਤੇ ਸਿੱਧੂ ਜਨਤਾ ਕੋਲੋਂ ਮੰਗਣ ਮੁਆਫ਼ੀ : ਚੀਮਾ
- ਹਰਪਾਲ ਚੀਮਾ, ਅਮਨ ਅਰੋੜਾ ਅਤੇ ਰੁਪਿੰਦਰ ਰੂਬੀ ਨੇ ਕੀਤਾ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ
(ਸੁਖਜੀਤ ਮਾਨ) ਬਠਿੰਡਾ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁਰਸੀ ਖੋਹਣ ਅਤੇ ਕੁਰਸੀ ਬਚਾਉਣ ਦੀ ਆਪਸੀ ਲੜਾਈ ’ਚ ਸਾਢੇ ਚਾਰ ਸਾਲ ਬਰਬਾਦ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਾਰੇ ਕਾਂਗਰਸੀ ਪੰਜਾਬ ਦੀ ਜਨਤਾ ਕੋਲੋਂ ਮੁਆਫ਼ੀ ਮੰਗਣ ਅਤੇ ਆਪਸ ਵਿੱਚ ਇੱਕ-ਦੂਜੇ ਕੋਲੋਂ ਮੁਆਫ਼ੀ ਮੰਗਣ ਜਾਂ ਨਾ ਮੰਗਣ ਦਾ ਡਰਾਮਾ ਛੱਡਣ। ਇਹ ਗੱਲ ਚੀਮਾ ਨੇ ਅੱਜ ਇੱਥੇ ਪਾਰਟੀ ਦੇ ਨਵੇਂ ਬਣਾਏ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਕੀਤੀ ਉਨ੍ਹਾਂ ਨਾਲ ਵਿਧਾਇਕ ਅਮਨ ਅਰੋੜਾ, ਵਿਧਾਇਕ ਰੁਪਿੰਦਰ ਕੌਰ ਰੂਬੀ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨੀਲ ਗਰਗ ਅਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਜੰਟ ਸਿੰਘ ਸਮੇਤ ਸਾਰੇ ਸਥਾਨਕ ਆਗੂ ਮੌਜੂਦ ਸਨ।
ਨਵਜੋਤ ਸਿੱਧੂ ਦੇ ਹੱਥ ਵੀ ਭਿ੍ਰਸ਼ਟਾਚਾਰੀ ਨਾਲ ਮਿਲੇ ਗਏ ਹਨ
ਚੀਮਾ ਨੇ ਅੱਗੇ ਕਿਹਾ ਕਿ ਪ੍ਰਧਾਨਗੀ ਦੀ ਕੁਰਸੀ ਮਿਲਦਿਆਂ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਸਾਰੇ ਮੁੱਦੇ ਭੁੱਲ ਗਏ ਹਨ ਅਤੇ ਹੁਣ ਕੈਪਟਨ ਤੇ ਸਿੱਧੂ ਦੋਵੇਂ ਮੁਆਫ਼ੀ-ਮੁਆਫ਼ੀ ਦੇ ਡਰਾਮੇ ਥੱਲੇ ਨਸ਼ੇ, ਬਿਜਲੀ, ਬੇਰੁਜ਼ਗਾਰੀ, ਖੇਤੀ ਸੰਕਟ ਅਤੇ ਬੁਰੀ ਤਰ੍ਹਾਂ ਫੈਲੇ ਮਾਫ਼ੀਆ ਵਰਗੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਨਵੀਂ ਚਾਲ ਚੱਲ ਰਹੇ ਹਨ, ਜਿਸ ਦੀ ਸਕਰਿਪਟ ਕੌਮੀ ਲਾਰੇਬਾਜ਼ ਪ੍ਰਸ਼ਾਂਤ ਕਿਸ਼ੋਰ ਨੇ ਲਿਖੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਨ੍ਹਾਂ ਹੀ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਘਰ-ਘਰ ਜਾ ਕੇ ਮਿਲ ਰਹੇ ਹਨ, ਜਿਹੜੇ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਦੇ ਸਰਪ੍ਰਸਤ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਨਵਜੋਤ ਸਿੱਧੂ ਦੇ ਹੱਥ ਵੀ ਭਿ੍ਰਸ਼ਟਾਚਾਰੀ ਨਾਲ ਮਿਲੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਅਤੇ ਪੰਜਾਬ ਦੇ ਲੋਕ ਨਾ ਤਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਏਜੰਡੇ ’ਤੇ ਸਨ ਅਤੇ ਨਾ ਹੀ ਹੁਣ ਹਨ।
ਇਹ ਦੋਵੇਂ ਤਾਂ ਆਪੋ ਆਪਣੀਆਂ ਕੁਰਸੀਆਂ ਕਾਇਮ ਰੱਖਣ ਲਈ ਲੜ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਖ਼ੁਲਾਸਾ ਕੀਤਾ ਕਿ ਕਾਂਗਰਸ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਸਿਰ ’ਤੇ 90 ਹਜ਼ਾਰ ਕਰੋੜ ਦਾ ਕਰਜ਼ਾ ਹੋਰ ਚੜ ਗਿਆ ਹੈ ਅਤੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿੱਚ ਹੋਰ ਧਸ ਗਏ ਹਨ। ਜੇ ਨਵਜੋਤ ਸਿੱਧੂ ਗੰਭੀਰ ਹੁੰਦੇ ਤਾਂ ਆਪਣੇ ਤਿੰਨ ਸਾਲ ਦੇ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਦੇ ਅਤੇ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸਾਂਭ ਕੇ ਬਾਦਲਾਂ ਵੱਲੋਂ ਕੀਤੇ ਗ਼ਲਤ ਬਿਜਲੀ ਸਮਝੌਤਿਆਂ ਨੂੰ ਰੱਦ ਕਰਾਉਣ ਦਾ ਯਤਨ ਕਰਦੇ, ਉਹ ਤਾਂ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਤੋਂ ਹੀ ਦੂਰ ਭੱਜ ਗਏ।
ਬਾਦਲਾਂ ਨੂੰ ਆੜੇ ਹੱਥੀ ਲੈਂਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ, ਜਿਨ੍ਹਾਂ ਕਾਲੇ ਖੇਤੀ ਕਾਨੂੰਨਾਂ ’ਤੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਦਸਤਖ਼ਤ ਅਤੇ ਸਮਰਥਨ ਕੀਤਾ ਸੀ। ਬਠਿੰਡਾ ਜ਼ਿਲ੍ਹੇ ਦੇ ਆਗੂਆਂ ਨੂੰ ਨਵਾਂ ਦਫ਼ਤਰ ਖੋਲ੍ਹਣ ਦੀਆਂ ਵਧਾਈ ਦਿੰਦਿਆਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਇਹ ਦਫ਼ਤਰ ਆਮ ਲੋਕਾਂ ਦੀਆਂ ਸਮੱਸਿਆ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਿੱਦਤ ਨਾਲ ਕੋਸ਼ਿਸ਼ ਕਰੇਗਾ।
ਹਲਕਾ ਇੰਚਾਰਜ ਲਾਉਣਾ ਉਮੀਦਵਾਰੀ ਪੱਕੀ ਨਹੀਂ : ਚੀਮਾ
ਆਮ ਆਦਮੀ ਪਾਰਟੀ ਵੱਲੋਂ ਹਲਕਿਆਂ ’ਚ ਲਾਏ ਗਏ ਹਲਕਾ ਇੰਚਾਰਜ ਹੀ 2022 ਦੀਆਂ ਚੋਣਾਂ ’ਚ ਪਾਰਟੀ ਦੇ ਉਮੀਦਵਾਰ ਹੋਣਗੇ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਹੀਂ, ਹਲਕਾ ਇੰਚਾਰਜ ਲਾਉਣਾ ਉਮੀਦਵਾਰੀ ਪੱਕੀ ਨਹੀਂ ਉਨ੍ਹਾਂ ਕਿਹਾ ਕਿ ਉਮੀਦਵਾਰਾਂ ਲਈ ਪਾਰਟੀ ਵੱਖਰੇ ਤੌਰ ’ਤੇ ਮੀਟਿੰਗਾਂ ਆਦਿ ਕਰਕੇ ਵਰਕਰਾਂ ਦੀ ਸਲਾਹ ਮੁਤਾਬਿਕ ਚੋਣ ਕਰੇਗੀ ਬਠਿੰਡਾ ਹਲਕੇ ’ਚ ਕੋਈ ਇੰਚਾਰਜ ਨਾਲ ਲਾਏ ਜਾਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਛੇਤੀ ਹੀ ਬਠਿੰਡਾ ’ਚ ਵੀ ਇੰਚਾਰਜ ਲਾਇਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ