ਹਾਰੇ ਹੋਏ ਜਰਨੈਲਾਂ ਨਾਲ ਲੋਕ ਸਭਾ ਚੋਣ ‘ਚ ਉਤਰੇਗੀ ‘ਆਪ’

AAP

‘ਆਪ’ ਨੇ ਕੀਤਾ ਲੋਕ ਸਭਾ ਚੋਣ ਲਈ 5 ਉਮੀਦਵਾਰਾਂ ਦਾ ਐਲਾਨ

ਐਲਾਨੇ 5 ਉਮੀਦਵਾਰਾਂ ‘ਚੋਂ 2 ਉਮੀਦਵਾਰਾਂ ਨੂੰ ਮਿਲੀ ਸੀ ਵਿਧਾਨ ਸਭਾ ਚੋਣਾਂ ‘ਚ ਹਾਰ

ਡਾ. ਧਰਮਵੀਰ ਗਾਂਧੀ ਤੇ ਹਰਿੰਦਰ ਖਾਲਸਾ ਬਾਰੇ ਵੱਟੀ ਚੁੱਪ

ਅਸ਼ਵਨੀ ਚਾਵਲਾ, ਚੰਡੀਗੜ੍ਹ

ਆਮ ਆਦਮੀ ਪਾਰਟੀ ਅਗਾਮੀ ਲੋਕ ਸਭਾ ਚੋਣ ਮੈਦਾਨ ‘ਚ ਹਾਰੇ ਜਰਨੈਲਾਂ ਨੂੰ ਉਤਾਰਨ ਜਾ ਰਹੀ ਹੈ। ਮੰਗਲਵਾਰ ਨੂੰ ਪਾਰਟੀ ਵੱਲੋਂ ਐਲਾਨੇ ਗਏ 5 ਲੋਕ ਸਭਾ ਉਮੀਦਵਾਰਾਂ ‘ਚੋਂ 2 ਉਮੀਦਵਾਰ ਉਹ ਹਨ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ‘ਚ ਵੀ ਜਿੱਤ ਹਾਸਲ ਨਹੀਂ ਕੀਤੀ ਸੀ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਹਾਰੇ ਹੋਏ 2 ਉਮੀਦਵਾਰਾਂ ਨੂੰ ਮੁੜ ਤੋਂ 2 ਸਾਲ ਬਾਅਦ ਚੋਣ ਮੈਦਾਨ ‘ਚ ਉਤਾਰਿਆ ਜਾ ਰਿਹਾ ਹੈ।  ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤੀ ਗਈ 5 ਉਮੀਦਵਾਰਾਂ ਦੀ ਲਿਸਟ ‘ਚ 2 ਹਾਰੇ ਹੋਏ ਸੈਨਿਕਾਂ ਤੋਂ ਇਲਾਵਾ ਭਗਵੰਤ ਮਾਨ ਤੇ ਸਾਧੂ ਸਿੰਘ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।

ਜਦੋਂ ਕਿ ਇੱਕ ਨਵੇਂ ਚਿਹਰੇ ਨੂੰ ਉਤਾਰਿਆ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ‘ਚ ਮੌਜੂਦਾ 4 ਸੰਸਦ ਮੈਂਬਰਾਂ ‘ਚੋਂ ਫਿਲਹਾਲ 2 ਦਾ ਨਾਂਅ ਹੀ ਐਲਾਨ ਕੀਤਾ ਗਿਆ ਹੈ, ਜਦੋਂ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲੇ 2 ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਦੇ ਨਾਂਅ ‘ਤੇ ਚੁੱਪ ਵੱਟ ਲਈ ਗਈ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਇਨ੍ਹਾਂ ਦੋਵਾਂ ਨੂੰ ਟਿਕਟ ਦੇਣ ਲਈ ਪਾਰਟੀ ਫਿਲਹਾਲ ਤਿਆਰ ਨਹੀਂ ਹੈ। ਚੰਡੀਗੜ੍ਹ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੂਬਾ ਕੋਰ ਕਮੇਟੀ ਦੇ ਮੁਖੀ ਬੁੱਧ ਰਾਮ ਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਨੇ ਆਪਣੇ ਮੌਜੂਦਾ ਸੰਸਦ ਮੈਂਬਰਾਂ ਸੰਗਰੂਰ ਤੇ ਫ਼ਰੀਦਕੋਟ ਤੋਂ ਕ੍ਰਮਵਾਰ ਭਗਵੰਤ ਮਾਨ ਤੇ ਪ੍ਰੋ. ਸਾਧੂ ਸਿੰਘ ਨੂੰ ਮੈਦਾਨ ‘ਚ ਫਿਰ ਤੋਂ ਉਤਾਰਨ ਦਾ ਫ਼ੈਸਲਾ ਕੀਤਾ ਹੈ।

ਡਾ. ਰਵਜੋਤ ਸਿੰਘ ਜਿਨ੍ਹਾਂ ਨੇ 2017 ਦੀ ਵਿਧਾਨ ਸਭਾ ਚੋਣ ਹਲਕਾ ਸ਼ਾਮਚੁਰਾਸੀ ਤੋਂ ਲੜੀ ਤੇ 42,797 ਵੋਟਾਂ ਪ੍ਰਾਪਤ ਕੀਤੀਆਂ ਸਨ, ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ ਹੈ, ਇਸੇ ਤਰ੍ਹਾਂ 2017 ਵਿਧਾਨ ਸਭਾ ਚੋਣਾਂ ‘ਚ ਮੋਹਾਲੀ ਤੋਂ ਚੋਣ ਲੜਨ ਵਾਲੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ 2019 ਦੀਆਂ ਲੋਕ ਸਭਾ ਚੋਣਾਂ ‘ਚ ਆਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਸਿੰਘ ਸ਼ੇਰਗਿੱਲ 2017 ਦੀਆਂ ਚੋਣਾਂ ਵਿਚ ਮੋਹਾਲੀ ਹਲਕੇ ਤੋਂ 38,971 ਵੋਟਾਂ ਹਾਸਲ ਕਰਕੇ ਦੂਜੇ ਨੰਬਰ ‘ਤੇ ਆਏ ਸਨ। ਪਾਰਟੀ ਨੇ ‘ਆਪ’ ਮਾਝਾ ਜ਼ੋਨ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਐਲਾਨ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।