ਪਾਰਟੀ ਦੇ ਚੋਣ ਨਿਸ਼ਾਨ ‘ਤੇ ਲੜਾਂਗੇ ਪੇਂਡੂ ਚੋਣਾਂ : ਭਗਵੰਤ ਮਾਨ
ਸੰਗਰੂਰ, ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਹਿੱਸਾ ਲਵੇਗੀ ਅਤੇ ਪਾਰਟੀ ਦੇ ਚੋਣ ਨਿਸ਼ਾਨ ‘ਤੇ ਹੀ ਲੜੇਗੀ। ਇਹ ਪ੍ਰਗਟਾਵਾ ਪਾਰਟੀ ਦੇ ਸੂਬਾਈ ਕਨਵੀਨਰ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸੰਗਰੂਰ ਵਿਖੇ ਸੂਬਾਈ ਕਮੇਟੀ ਦੇ ਮੈਂਬਰਾਂ ਦੀ ਇਕੱਤਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਮਾਨ ਨੇ ਕਿਹਾ ਕਿ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਵਿੱਚ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜਾਂ ਨੂੰ ਪੂਰਾ ਹੱਕ ਹੋਵੇਗਾ ਕਿ ਉਹ ਚੰਗੀ ਤੇ ਸਾਫ਼ ਦਿੱਖ ਵਾਲੇ ਉਮੀਦਵਾਰਾਂ ਦੀ ਚੋਣ ਕਰਨ ‘ਚ ਆਪਣੀ ਭੂਮਿਕਾ ਅਦਾ ਕਰਨ ਪਾਰਟੀ ਤੋਂ ਬਾਗੀ ਹੋਏ ਵਿਧਾਇਕ ਸੁਖਪਾਲ ਖਹਿਰਾ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਖਹਿਰਾ ਦੀਆਂ ਸਰਗਰਮੀਆਂ ਨਾਲ ਪਾਰਟੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਪਰ ਪਾਰਟੀ ਗੈਰ ਅਨੁਸ਼ਾਸਨੀ ਕਾਰਵਾਈਆਂ ਨੂੰ ਕਿਸੇ ਹਾਲਾਤ ਵਿੱਚ ਸਹਿਣ ਨਹੀਂ ਕਰੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਖਹਿਰਾ ਨੂੰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਗੱਲਬਾਤ ਲਈ ਕਿਹਾ ਵੀ ਗਿਆ ਸੀ ਪਰ ਉਹ ਸਾਰੇ ਇਕਰਾਰਾਂ ਤੋਂ ਮੁੱਕਰ ਗਏ। ਉਨ੍ਹਾਂ ਪਾਰਟੀ ਦੇ ਅਗਾਮੀ ਪ੍ਰੋਗਰਾਮਾਂ ਬਾਰੇ ਦੱਸਦਿਆਂ ਕਿਹਾ ਕਿ ਪਾਰਟੀ ਵੱਲੋਂ ਵੱਡੇ ਪੱਧਰ ‘ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਸ਼ੁਰੂਆਤ ਹਲਕਾ ਮੌੜ ਦੇ ਪਿੰਡ ਮਾਈਸਰਖਾਨਾ ਤੋਂ ਕੀਤੀ ਜਾ ਰਹੀ ਹੈ। ਫੂਲਕਾ ਦੇ ਅਸਤੀਫ਼ੇ ਦੇ ਐਲਾਨ ਸਬੰਧੀ ਮਾਨ ਨੇ ਕਿਹਾ ਕਿ ਪਾਰਟੀ ਹਰ ਪੱਧਰ ‘ਤੇ ਕੋਸ਼ਿਸ਼ ਕਰੇਗੀ ਕਿ ਸ: ਫੂਲਕਾ ਅਜਿਹਾ ਕੁਝ ਨਾ ਕਰਨ।
ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਸਰਬਜੀਤ ਕੌਰ ਮਾਣੂਕੇ, ਵਿਧਾਇਕ ਰੁਪਿੰਦਰ ਕੌਰ ਰੂਬੀ, ਡਾ: ਅਮਨ ਕੌਸ਼ਲ, ਰਾਜਵੰਤ ਸਿੰਘ ਘੁੱਲੀ, ਦਿਨੇਸ਼ ਬਾਂਸਲ ਹਲਕਾ ਪ੍ਰਧਾਨ ਸੰਗਰੂਰ, ਨਰਿੰਦਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਦਲਵੀਰ ਸਿੰਘ ਢਿੱਲੋਂ, ਇੰਦਰਪਾਲ ਸਿੰਘ ਆਦਿ ਵੀ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।