ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਇਸ ਵਾਰ ਕਣਕ ਦਾ ਝਾੜ ਵਧੀਆ ਨਿਕਲਣ ਕਾਰਨ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਸਾਨ ਬੱਗਾ ਸਿੰਘ ਪੁੱਤਰ ਜੀਤ ਸਿੰਘ ਗੰਢੂਆਂ ਅਤੇ ਗੁਰਪਾਲ ਸਿੰਘ ਪੁੱਤਰ ਮੇਜਰ ਸਿੰਘ ਗੰਢੂਆਂ ਦਾ ਕਹਿਣਾ ਹੈ ਕਿ ਅਸੀਂ 8 ਏਕੜ ਕਣਕ ਦੀ ਫਸਲ ਵੇਚ ਦਿੱਤੀ ਹੈ, ਜਿਸਦਾ ਔਸਤਨ ਝਾੜ 60 ਤੋਂ 65 ਮਣ ਪ੍ਰਤੀ ਏਕੜ ਨਿਕਲਿਆ ਹੈ, ਇੱਕ ਏਕੜ ਵਿੱਚੋਂ ਤੂੜੀ ਵੀ ਪਹਿਲਾਂ ਨਾਲੋਂ ਵੱਧ ਬਣਦੀ ਹੈ, ਇੱਕ ਏਕੜ ’ਚੋਂ 2.50 ਤੋਂ 3 ਟਰਾਲੀ ਤੂੜੀ ਬਣ ਰਹੀ ਹੈ। (Farmers)
ਲਖਵਿੰਦਰ ਸਿੰਘ ਲੱਖੀ ਛਾਜਲੀ ਦਾ ਕਹਿਣਾ ਹੈ ਕਿ ਪਿਛਲੇ ਸਾਲ 2023 ਕਣਕ ਦਾ ਝਾੜ 50 ਮਨ ਪ੍ਰਤੀ ਏਕੜ ਸਿਮਟ ਕੇ ਰਹਿ ਗਿਆ ਸੀ। ਸੰਨ 2022 ਵਿੱਚ 40 ਤੋਂ 45 ਮਨ ਹੀ ਪ੍ਰਤੀ ਏਕੜ ਕਣਕ ਦੀ ਪੈਦਾਵਾਰ ਨਿਕਲੀ ਸੀ। ਉਨ੍ਹਾਂ ਕਿਹਾ ਕਿ ਇਹ ਕਿਸਾਨ ਦੀ ਜ਼ਮੀਨ ’ਤੇ ਨਿਰਭਰ ਕਰਦਾ ਹੈ। ਜ਼ਮੀਨ ਠੇਕੇ ਤੇ ਲੈ ਕੇ ਬਿਜਾਈ ਕਰਨ ਵਾਲੇ 5, 5 ਬੋਰੀ ਰੇਅ ਪਾਉਂਦੇ ਹਨ, ਜਿਸ ਨਾਲ ਧਰਤੀ ਜ਼ਹਿਰੀਲੀ ਹੋ ਜਾਂਦੀ ਹੈ ਤੇ ਕਿਸਾਨਾਂ ਦਾ ਆਪਣੀ ਫਸਲ ਦੀ ਦੇਖਭਾਲ ਕਰਨ ਤੇ ਨਿਰਭਰ ਹੈ। (Farmers)
ਕਣਕ ਪੱਕਣ ‘ਚ ਹੋਈ ਦੇਰੀ
ਕੁਲਦੀਪ ਸਿੰਘ ਨੰਗਲਾ ਦਾ ਕਹਿਣਾ ਹੈ ਕਿ ਇਸ ਵਾਰ ਕਣਕ ਦੀ ਫਸਲ ਦਾ ਝਾੜ ਵਧੀਆ ਨਿਕਲਣ ਨਾਲ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਸਮ ਠੰਢਾ ਹੋਣ ਕਾਰਨ ਕਣਕ ਦੀ ਫਸਲ ਦੀ ਪਕਾਈ ਧੀਮੀਂ ਗਤੀ ਨਾਲ ਹੋਈ ਹੈ। ਮੌਸਮ ਠੰਢਾ ਰਹਿਣ ਕਰਕੇ ਕਣਕ ਦੀ ਫਸਲ ਦਾ ਝਾੜ ਵਧੀਆ ਨਿਕਲ ਰਿਹਾ ਹੈ, ਪਿਛਲੇ ਸਾਲ ਧੁੱਪ ਜ਼ਿਆਦਾ ਹੋਣ ਕਾਰਨ ਕਣਕ ਦਾ ਝਾੜ ਇਸ ਵਾਰ ਨਾਲੋਂ ਘੱਟ ਨਿਕਲਿਆ ਸੀ।
Also Read : ਬਠਿੰਡਾ ਚੋਣ ਕਮਿਸ਼ਨ ਦੀ ਟੀਮ ਨੇ ਲੱਖਾਂ ਰੁਪਏ ਦੀ ਰਕਮ ਕੀਤੀ ਜ਼ਬਤ
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਿਸਾਨਾਂ ਨੇ ਵਿਸਾਖੀ ਦੇ ਤਿਉਹਾਰ ਨੂੰ ਕਣਕ ਦੀ ਵਾਢੀ ਦਾ ਕੰਮ ਨਿਬੇੜ ਦਿੱਤਾ ਸੀ ਜਦੋਂ ਕਿ ਇਸ ਵਾਰ ਵਿਸਾਖੀ ਦੇ ਤਿਉਹਾਰ ਨੂੰ ਕਣਕ ਦੀ ਵਾਢੀ ਸ਼ੁਰੂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਸੁਫਨੇ 6 ਮਹੀਨਿਆਂ ਦੀ ਫਸਲ ’ਤੇ ਹੀ ਨਿਰਭਰ ਹੁੰਦੇ ਹਨ, ਜ਼ਿਆਦਾ ਗਿਣਤੀ ਕਿਸਾਨ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਦਾ ਧੰਦਾ ਕਰਦੇ ਹਨ। ਇਸ ਵਾਰ ਕਣਕ ਦਾ ਝਾੜ ਵਧੀਆ ਨਿਕਲਣ ਕਰਕੇ ਕਿਸਾਨ ਜ਼ਮੀਨਾਂ ਦੇ ਠੇਕੇ ਆਸਾਨੀ ਨਾਲ ਮੋੜ ਸਕਣਗੇ ਤੇ ਅੱਗੇ ਖੇਤੀਬਾੜੀ ਕਰਨ ਲਈ ਬੁਲੰਦ ਹੌਂਸਲੇ ਬਣੇ ਰਹਿਣਗੇ।